
ਟ੍ਰੈਫ਼ਿਕ ਨਿਯਮਾਂ 'ਚ ਸ਼ਾਮਲ ਹੋਇਆ ਇਕ ਹੋਰ ਨਵਾਂ 'ਨਿਯਮ'
ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਐਕਟ 1 ਸਤੰਬਰ ਤੋਂ ਪੂਰੇ ਦੇਸ਼ 'ਚ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੇ ਵਾਹਨ ਚਾਲਕਾਂ ਅਤੇ ਮਾਲਕਾਂ ਲਈ ਉਨ੍ਹਾਂ ਦੇ ਡਰਾਈਵਿੰਗ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ (ਆਰ.ਸੀ.) 'ਚ ਵੀ ਕੁਝ ਜ਼ਰੂਰੀ ਬਦਲਾਅ ਕੀਤੇ ਗਏ ਹਨ। 1 ਸਤੰਬਰ ਤੋਂ ਹੀ ਇਨ੍ਹਾਂ ਬਦਲਾਆਂ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ, ਪਰ ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
Driving license
ਫਿਲਹਾਲ ਇਨ੍ਹਾਂ ਬਦਲਾਆਂ ਨੂੰ ਦਿੱਲੀ ਅਤੇ ਗੁਜਰਾਤ ਦੇ ਕਰੋੜਾਂ ਵਾਹਨ ਚਾਲਕਾਂ ਲਈ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਦਾ ਅਸਰ ਦਿੱਲੀ ਤੇ ਗੁਜਰਾਤ ਦੇ ਸਾਰੇ ਵਾਹਨ ਚਾਲਕਾਂ ਅਤੇ ਮਾਲਕਾਂ 'ਤੇ ਪਵੇਗਾ। ਹੌਲੀ-ਹੌਲੀ ਇਨ੍ਹਾਂ ਬਦਲਾਆਂ ਨੂੰ ਯੂਪੀ-ਬਿਹਾਰ ਸਮੇਤ ਪੂਰੇ ਦੇਸ਼ 'ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਲਿਹਾਜ਼ਾ ਸਾਰੇ ਵਾਹਨ ਚਾਲਕਾਂ ਲਈ ਇਸ ਨਵੇਂ ਨਿਯਮ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਬਦਲਾਆਂ ਦੀ ਜਾਣਕਾਰੀ ਤੁਹਾਨੂੰ ਟ੍ਰੈਫ਼ਿਕ ਪੁਲਿਸ ਦੇ ਭਾਰੀ ਚਾਲਾਨ ਤੋਂ ਵੀ ਰਾਹਤ ਦਿਵਾ ਸਕਦੀ ਹੈ।
Driving license
ਨਵੇਂ ਮੋਟਰ ਵਹੀਕਲ ਐਕਟ ਨੂੰ ਲਾਗੂ ਕਰਨ ਦੇ ਨਾਲ ਹੀ ਸਰਕਾਰ ਦੇ ਦੇਸ਼ ਭਰ ਦੇ ਵਾਹਨ ਚਾਲਕਾਂ ਲਈ ਡਰਾਈਵਿੰਗ ਲਾਈਸੈਂਸ ਅਤੇ ਆਰ.ਸੀ. ਨਾਲ ਮੋਬਾਈਲ ਨੰਬਰ ਨੂੰ ਲਿੰਕ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦਿੱਲੀ ਅਤੇ ਗੁਜਰੀਤ ਦੇ ਵਾਹਨ ਚਾਲਕਾਂ ਲਈ ਇਸ ਨੂੰ ਜ਼ਰੂਰੀ ਕੀਤਾ ਗਿਆ ਹੈ। ਬਾਕੀ ਸੂਬਿਆਂ 'ਚ ਵੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬਹੁਤ ਛੇਤੀ ਇਸ ਬਦਲਾਅ ਨੂੰ ਜ਼ਰੂਰੀ ਕਰ ਦਿੱਤਾ ਜਾਵੇਗਾ। ਨਵੇਂ ਵਾਹਨ ਰਜਿਸਟ੍ਰੇਸ਼ਨਾਂ ਅਤੇ ਡਰਾਈਵਿੰਗ ਲਾਈਸੈਂਸਾਂ ਨੂੰ ਆਰਟੀਓ ਵੱਲੋਂ ਹੀ ਮੋਬਾਈਲ ਨੰਬਰ ਨਾਲ ਲਿੰਕ ਕੀਤਾ ਜਾ ਰਿਹਾ ਹੈ। ਪੁਰਾਣੇ ਵਾਹਨ ਜਾਂ ਡਰਾਈਵਿੰਗ ਲਾਈਸੈਂਸ ਧਾਰਕਾਂ ਨੂੰ ਖੁਦ ਆਨਲਾਈਨ ਜਾਂ ਆਰਟੀਓ ਦਫ਼ਤਰ ਜਾ ਕੇ ਮੋਬਾਈਲ ਨੰਬਰ ਲਿੰਕ ਕਰਵਾਉਣਾ ਪਵੇਗਾ।
Traffic Violations
ਵਾਹਨ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਈਸੈਂਸ ਨਾਲ ਮੋਬਾਈਲ ਨੰਬਰ ਜੋੜਨ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਹੈ। ਇਸ ਨੂੰ ਘਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ। ਆਪਣੇ ਵਾਹਨ ਰਜਿਸਟ੍ਰੇਸ਼ਨਾਂ ਅਤੇ ਡਰਾਈਵਿੰਗ ਲਾਈਸੈਂਸ ਨਾਲ ਮੋਬਾਈਲ ਨੰਬਰ ਨੂੰ ਜੋੜਨ ਲਈ ਤੁਹਾਨੂੰ ਕੇਂਦਰ ਸਰਾਕਰ ਦੇ ਸੜਕ, ਆਵਾਜਾਈ ਤੇ ਰਾਜ ਮਾਰਗ ਮੰਤਰਾਲਾ ਦੇ ਆਵਾਜਾਈ ਸੇਵਾ ਪੋਰਟਲ https://parivahan.gov.in/parivahan/ 'ਤੇ ਜਾ ਕੇ ਲਾਗ ਇਨ ਆਈਡੀ ਬਣਾਉਣੀ ਹੋਵੇਗੀ। ਇਸ ਤੋਂ ਬਾਅਦ ਵਾਹਨ ਕੈਟੇਗਰੀ ਦੇ ਅਧੀਨ ਵਾਹਨ ਰਜਿਸਟ੍ਰੇਸ਼ਨ ਸਬੰਧੀ ਸੇਵਾ 'ਤੇ ਕਲਿਕ ਕਰ ਕੇ ਤੁਸੀ ਆਪਣੇ ਵਾਹਨ ਦੇ ਰਜਿਸਟ੍ਰੇਸ਼ਨ 'ਚ ਮੋਬਾਈਲ ਨੰਬਰ ਨੂੰ ਅਪਡੇਟ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਵਾਹਨ ਪੰਜੀਕਰਨ, ਇੰਜਨ ਨੰਬਰ ਅਤੇ ਚੈਸੀ ਨੰਬਰ ਦੀ ਲੋੜ ਹੋਵੇਗੀ। ਇਸੇ ਤਰ੍ਹਾਂ ਤੁਸੀ ਸਾਰਥੀ ਕੈਟੇਗਰੀ ਅਧੀਨ ਡਰਾਈਵਿੰਗ ਲਾਈਸੈਂਸ ਸਬੰਧੀ ਸੇਵਾ 'ਤੇ ਕਲਿਕ ਕਰ ਕੇ ਆਪਣੇ ਡਰਾਈਵਿੰਗ ਲਾਈਸੈਂਸ 'ਚ ਮੋਬਾਈਲ ਨੰਬਰ ਨੂੰ ਅਪਡੇਟ ਕਰ ਸਕਦੇ ਹੋ।
Update these details in driving licence and RC
ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਵਾਹਨ ਚਾਲਕਾਂ ਨੂੰ ਆਵਾਜਾਈ ਵਿਭਾਗ ਸਬੰਧੀ ਸਾਰੀਆਂ ਸੇਵਾਵਾਂ ਆਨਲਾਈਨ ਦਿੱਤੀਆਂ ਜਾਣ। ਇਸ ਨਾਲ ਵਾਹਨ ਚਾਲਕਾਂ ਦਾ ਸਮਾਂ ਤਾਂ ਬਚੇਗਾ ਹੀ, ਨਾਲ ਹੀ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਕੇਂਦਰ ਸਰਾਕਰ ਤੇ ਹੋਰ ਸਰਕਾਰੀ ਸੰਸਥਾਵਾਂ ਕੋਲ ਸਾਰੇ ਵਾਹਨਾਂ ਅਤੇ ਡਰਾਈਵਿੰਗ ਲਾਈਸੈਂਸਾਂ ਦਾ ਪੂਰਾ ਡਾਟਾ, ਮੋਬਾਈਲ ਨੰਬਰ ਉਪਲੱਬਧ ਹੋਵੇਗਾ। ਲੋੜ ਪੈਣ 'ਤੇ ਪੁਲਿਸ ਅਤੇ ਆਰਟੀਓ ਜਾਂ ਕੋਈ ਹੋਰ ਏਜੰਸੀ ਆਸਾਨੀ ਨਾਲ ਵਾਹਨ ਚਾਲਕ ਜਾਂ ਮਾਲਕ ਨਾਲ ਸੰਪਰਕ ਕਰ ਸਕਦੀ ਹੈ। ਇਸ ਦੇ ਲਈ ਦੇਸ਼ ਭਰ ਦੇ ਆਰਟੀਓ ਨੂੰ ਆਨਲਾਈਨ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।