
ਭਾਜਪਾ ਦੇ ਵਿਧਾਇਕ ਦੀ ਪਤਨੀ ਨੇ ਅਪਣੇ ਪਤੀ ਵਿਰੁਧ ਕਾਲਜ ਦੀ ਵਿਦਿਆਰਥਣ ਨਾਲ ਵਿਆਹੋਂ ਬਾਹਰੇ ਸਬੰਧ ਰੱਖਣ ਅਤੇ ਉਸ ਨਾਲ ਵਿਆਹ ਕਰਨ ਦਾ ਦੋਸ਼ ਲਾਇਆ ਹੈ...........
ਜੰਮੂ: ਭਾਜਪਾ ਦੇ ਵਿਧਾਇਕ ਦੀ ਪਤਨੀ ਨੇ ਅਪਣੇ ਪਤੀ ਵਿਰੁਧ ਕਾਲਜ ਦੀ ਵਿਦਿਆਰਥਣ ਨਾਲ ਵਿਆਹੋਂ ਬਾਹਰੇ ਸਬੰਧ ਰੱਖਣ ਅਤੇ ਉਸ ਨਾਲ ਵਿਆਹ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਵਿਚ ਇਹ ਨਵਾਂ ਮੋੜ ਹੈ ਕਿਉਂਕਿ ਇਸੇ ਘਟਨਾਕ੍ਰਮ ਵਿਚ ਵਿਧਾਇਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋ ਚੁੱਕਾ ਹੈ।
ਜੰਮੂ ਜ਼ਿਲ੍ਹੇ ਦੀ ਆਰ ਐਸ ਪੁਰਾ ਸੀਟਾ ਤੋਂ ਭਾਜਪਾ ਵਿਧਾਇਕ ਗਗਨ ਭਗਤ ਵਿਰੁਧ ਉਨ੍ਹਾਂ ਦੀ ਪਤਨੀ ਮੋਨਿਕਾ ਸ਼ਰਮਾ ਨੇ ਦੋਸ਼ ਲਾਇਆ ਕਿ ਵਿਦਿਆਰਥਣ ਨਾਲ ਵਿਆਹ ਕਰ ਕੇ ਉਹ ਉਸ ਨਾਲ ਰਹਿ ਰਿਹਾ ਹੈ। ਮੋਨਿਕਾ ਭਾਜਪਾ ਦੀ ਮਹਿਲਾ ਸ਼ਾਖ਼ਾ ਦੀ ਸੂਬਾ ਸਕੱਤਰ ਵੀ ਹੈ।
ਵਿਦਿਆਰਥਣ ਦੇ ਪਿਤਾ ਵੀ ਭਗਤ ਵਿਰੁਧ ਪੰਜਾਬ ਦੇ ਕਾਲਜ ਵਿਚੋਂ ਉਸ ਦੀ ਬੇਟੀ ਨੂੰ ਅਗ਼ਵਾ ਕਰਨ ਦਾ ਦੋਸ਼ ਲਾ ਚੁੱਕੇ ਹਨ। ਵਿਦਿਆਰਥਣ ਦਾ ਪਿਤਾ ਸਾਬਕਾ ਫ਼ੌਜੀ ਹੈ। ਵਿਦਿਆਰਥਣ ਅਤੇ ਵਿਧਾਇਕ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੋਨਿਕਾ ਨੇ ਭਗਤ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਉਹ ਉਸ ਨੂੰ ਹਰ ਮਹੀਨੇ ਇਕ ਲੱਖ ਰੁਪਏ ਦੇ ਰਿਹਾ ਹੈ।
ਉਨ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ, 'ਤੁਹਾਡੇ ਅਪਣੇ ਪਰਵਾਰ ਦੀ ਬੇਟੀ ਇਨਸਾਫ਼ ਮੰਗ ਰਹੀ ਹੈ। ਨਾ ਸਿਰਫ਼ ਅਪਣੇ ਲਈ ਸਗੋਂ ਅਪਣੀ ਬੇਟੀ ਲਈ ਵੀ।' ਮੋਨਿਕਾ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ 13 ਸਾਲ ਪਹਿਲਾਂ ਹੋਇਆ ਸੀ। ਵਿਧਾਇਕ ਨੇ ਕਿਹਾ ਕਿ ਉਹ ਅਪਣੀ ਪਤਨੀ ਕੋਲੋਂ ਤਲਾਕ ਲੈਣ ਦੀ ਪ੍ਰਕ੍ਰਿਆ ਵਿਚ ਹੈ। ਮੋਨਿਕਾ ਨਾਲ ਉਸ ਦਾ 12 ਸਾਲ ਦਾ ਬੇਟਾ ਅਤੇ ਚਾਰ ਸਾਲ ਦੀ ਬੇਟੀ ਵੀ ਸੀ। (ਏਜੰਸੀ)