
ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪ੍ਰਧਾਨ ਬਦਲਣ ਨਾਲ ਵੀ ਆਪਸੀ ਦੂਰੀਆਂ ਮਿਟੀਆਂ ਨਹੀਂ ਸਗੋਂ ਦੋਵੇਂ ਧੜੇ ਇਕ-ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਹੱਥੋਂ...
ਚੰਡੀਗੜ੍ਹ, 13 ਅਗੱਸਤ (ਕਮਲਜੀਤ ਸਿੰਘ ਬਨਵੈਤ): ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪ੍ਰਧਾਨ ਬਦਲਣ ਨਾਲ ਵੀ ਆਪਸੀ ਦੂਰੀਆਂ ਮਿਟੀਆਂ ਨਹੀਂ ਸਗੋਂ ਦੋਵੇਂ ਧੜੇ ਇਕ-ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ ਹਨ। ਪੰਜਾਬ ਭਾਜਪਾ ਨੇ ਲੋਕ ਸਭਾ ਗੁਰਦਾਸਪੁਰ ਦੀ ਸੀਟ ਜ਼ਿਮਨੀ ਚੋਣ ਵਿਚ ਦੋ ਲੱਖ ਦੇ ਫ਼ਰਕ ਨਾਲ ਹਾਰ ਕੇ ਵੀ ਸਬਕ ਨਹੀਂ ਸਿਖਿਆ ਲਗਦਾ। ਭਾਜਪਾ ਹਾਈਕਮਾਂਡ ਪੰਜਾਬ ਇਕਾਈ ਦੀ ਫੁੱਟ ਨੂੰ ਲੈ ਕੇ ਚਿੰਤਿਤ ਹੈ ਇਸੇ ਕਰ ਕੇ ਗੁਪਤ ਰੀਪੋਰਟ ਲੈਣੀ ਸ਼ੁਰੂ ਕਰ ਦਿਤੀ ਹੈ ਅਤੇ ਜ਼ਮੀਨੀ ਹਕੀਕਤ ਬਾਰੇ ਜਾਣਕਾਰੀ ਲਈ ਜਾਣ ਲੱਗੀ ਹੈ।
ਸਾਬਕਾ ਪ੍ਰਧਾਨ ਵਿਜੈ ਸਾਂਪਲਾ ਦੀ ਅਗਵਾਈ ਹੇਠਲਾ ਧੜਾ ਨਵੇਂ ਪ੍ਰਧਾਨ ਸ਼ਵੇਤ ਮਲਿਕ ਨਾਲ ਹਾਲੇ ਵੀ ਵੱਖ ਮਰੋੜ ਕੇ ਚੱਲ ਰਿਹਾ ਹੈ। ਵਿਰੋਧੀਆਂ ਨੂੰ ਹੇਠਾਂ ਲਾਉਣ ਲਈ ਹੱਥੋਂ ਨਹੀਂ ਜਾਣ ਦੇ ਰਿਹਾ। ਸੂਤਰ ਦਸਦੇ ਹਨ ਕਿ ਮੌਜੂਦਾ ਹਾਲਾਤ ਵਿਚ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਦੁਬਾਰਾ ਟਿਕਟ ਨਾ ਮਿਲਣ ਦੇ ਆਸਾਰ ਬਣਨ ਲੱਗੇ ਹਨ। ਦੂਜੀਆਂ ਦੋ ਸੀਟਾਂ ਲਈ ਵੀ ਨਵੇਂ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।
Shwet Malik
ਸਿਆਸੀ ਗਠਜੋੜ ਮੁਤਾਬਕ ਅਕਾਲੀ ਦਲ ਪੰਜਾਬ ਵਿਚ 10 ਅਤੇ ਭਾਜਪਾ 3 ਸੀਟਾਂ 'ਤੇ ਚੋਣ ਲੜਦੀ ਆ ਰਹੀ ਹੈ। ਪਰ ਇਸ ਵਾਰ ਭਾਜਪਾ ਤਿੰਨ ਦੀ ਥਾਂ ਚਾਰ ਸੀਟਾਂ 'ਤੇ ਅੱਖ ਰੱਖ ਰਹੀ ਹੈ। ਉਂਜ ਪਾਰਟੀ ਨੇ ਹਾਲੇ ਪੱਤੇ ਨਹੀਂ ਖੋਲ੍ਹੇ । ਦੂਜੇ ਬੰਨੇ ਭਾਜਪਾ ਅਕਾਲੀ ਦਲ ਨਾਲ ਅੰਮ੍ਰਿਤਸਰ ਦੀ ਸੀਟ ਬਦਲ ਕੇ ਲੁਧਿਆਣਾ ਜਾਂ ਜਲੰਧਰ ਤੋਂ ਉਮੀਦਵਾਰ ਖੜਾ ਕਰਨ ਦੇ ਰੌਂਅ 'ਚ ਹੈ। ਲੋਕ ਸਭਾ ਦੀਆਂ 2014 ਦੀਆਂ ਚੋਣਾਂ 'ਚ ਭਾਜਪਾ ਦੇ ਤਿੰਨ 'ਚੋਂ ਦੋ ਉਮੀਦਵਾਰ ਜਿੱਤੇ ਸਨ।
ਹੁਸ਼ਿਆਰਪੁਰ ਤੋਂ ਵਿਜੈ ਸਾਂਪਲਾ ਕੇਂਦਰੀ ਰਾਜ ਮੰਤਰੀ ਹਨ ਜਦਕਿ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਗੁਰਦਾਸਪੁਰ ਦੀ ਖ਼ਾਲੀ ਹੋਈ ਸੀਟ ਜ਼ਿਮਨੀ ਚੋਣ 'ਚ ਕਾਂਗਰਸ ਦੇ ਸੁਨੀਲ ਜਾਖੜ ਨੇ ਜਿੱਤ ਲਈ ਸੀ। ਪਾਰਟੀ ਦੀ ਅੰਦਰੂਨੀ ਫੁੱਟ ਕਰ ਕੇ ਹੀ ਇਹ ਸੀਟ ਭਾਜਪਾ ਹੱਥੋਂ ਜਾਂਦੀ ਰਹੀ ਸੀ।ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਹਾਈਕਮਾਨ ਕੋਲ ਤਿੰਨਾਂ ਸੀਟਾਂ 'ਤੇ ਪੁਰਾਣਿਆਂ ਦੀ ਥਾਂ ਨਵਿਆਂ ਨੂੰ ਮੌਕਾ ਦੇਣ ਦੀ ਸਿਫ਼ਾਰਸ਼ ਕਰ ਕੇ ਆਏ ਹਨ। ਸ਼ਵੇਤ ਮਲਿਕ ਨੇ ਅਗਲੀਆਂ ਚੋਣਾਂ 'ਚ ਵਿਜੈ ਸਾਂਪਲਾ ਦੀ ਟਿਕਟ ਕਟਵਾਉਣ ਲਈ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ ਦੇ ਪ੍ਰਧਾਨ ਬਦਲ ਕੇ ਉਨ੍ਹਾਂ ਲਈ ਨਵੀਂ ਮੁਸ਼ਕਲ ਖੜੀ ਕਰ ਦਿਤੀ ਹੈ।
vijay sampla
ਇਸ ਹਾਲਤ ਵਿਚ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਉਮੀਦਵਾਰ ਹੋ ਸਕਦੇ ਹਨ। ਇਹ ਵੀ ਚਰਚਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਸੀਟ ਜਲੰਧਰ ਨਾਲ ਬਦਲ ਲੈਂਦਾ ਹੈ ਤਾਂ ਵਿਜੈ ਸਾਂਪਲਾ ਨੂੰ ਹੁਸ਼ਿਆਰਪੁਰ ਤੋਂ ਜਲੰਧਰ ਬਦਲ ਦਿਤਾ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਭਾਜਪਾ ਦੇ ਕੋਟੇ ਦੀਆਂ ਤਿੰਨ ਸੀਟਾਂ ਦੀ ਗੱਲ ਕਰੀਏ ਤਾਂ ਹਾਲਾਤ ਟੇਢੇ ਚਲ ਰਹੇ ਹਨ ਅਤੇ ਮੂਹਰਲੀ ਕਤਾਰ ਦੇ ਨੇਤਾਵਾਂ ਦਾ ਆਪਸ ਵਿਚ ਛੱਤੀ ਦਾ ਅੰਕੜਾ ਹੈ।
ਸਾਬਕਾ ਪ੍ਰਧਾਨ ਕਮਲ ਸ਼ਰਮਾ, ਸ਼ਵੇਤ ਮਲਿਕ ਦੇ ਹਮਾਇਤੀਆਂ ਵਿਚੋਂ ਹਨ ਪਰ ਸ਼ਰਮਾ ਪੱਖੀ ਭਾਜਪਾਈ ਨੂੰ ਵੀ ਮਲਿਕ ਖੁੱਲ੍ਹ ਕੇ ਨਾਲ ਲੈ ਕੇ ਤੁਰਨ 'ਚ ਸਫ਼ਲ ਨਹੀਂ ਹੋਏ। ਦੋਹਾਂ ਦੀ ਦੂਰੀ ਨੇੜਲੇ ਭਾਜਪਾਈਆਂ ਕੋਲੋਂ ਲੁਕੀ ਹੋਈ ਨਹੀਂ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਸੰਭਾਵਤ ਉਮੀਦਵਾਰਾਂ ਬਾਰੇ ਗੁਪਤ ਰੀਪੋਰਟ ਲਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਮੀਦਵਾਰਾਂ ਬਾਰੇ ਅੰਤਮ ਫ਼ੈਸਲਾ ਭਾਜਪਾ ਸੰਸਦੀ ਬੋਰਡ ਦੇ ਹੱਥ 'ਚ ਹੈ।