
ਇਹ ਰਿਓੜੀ ਸੱਭਿਆਚਾਰ ਵਾਲੇ ਲੋਕ ਤੁਹਾਡੇ ਲਈ ਕਦੇ ਵੀ ਨਵੇਂ ਐਕਸਪ੍ਰੈੱਸਵੇਅ ਨਹੀਂ ਬਣਾਉਣਗੇ। ਨਵੇਂ ਹਵਾਈ ਅੱਡੇ ਜਾਂ ਰੱਖਿਆ ਗਲਿਆਰੇ ਨਹੀਂ ਬਣਾਉਣਗੇ”।
ਜਾਲੌਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਫ਼ਤ 'ਚ ਸਹੂਲਤਾਂ ਦੇਣ ਦੀ ਰਾਜਨੀਤੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ 'ਰਿਓੜੀ ਸੱਭਿਆਚਾਰ' ਦੇਸ਼ ਦੇ ਵਿਕਾਸ ਲਈ ਬਹੁਤ ਖਤਰਨਾਕ ਹੈ। ਸ਼ਨੀਵਾਰ ਨੂੰ ਜਾਲੌਨ ਜ਼ਿਲ੍ਹੇ ਦੀ ਓਰਾਈ ਤਹਿਸੀਲ ਦੇ ਕੈਥੇਰੀ ਪਿੰਡ 'ਚ ਕਰੀਬ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ, ''ਇਹ ਰਿਓੜੀ ਸੱਭਿਆਚਾਰ ਵਾਲੇ ਲੋਕ ਤੁਹਾਡੇ ਲਈ ਕਦੇ ਵੀ ਨਵੇਂ ਐਕਸਪ੍ਰੈੱਸਵੇਅ ਨਹੀਂ ਬਣਾਉਣਗੇ। ਨਵੇਂ ਹਵਾਈ ਅੱਡੇ ਜਾਂ ਰੱਖਿਆ ਗਲਿਆਰੇ ਨਹੀਂ ਬਣਾਉਣਗੇ”।
ਉਹਨਾਂ ਕਿਹਾ ਕਿ ਇਸ ਸੱਭਿਆਚਾਰ ਦੇ ਲੋਕ ਮਹਿਸੂਸ ਕਰਦੇ ਹਨ ਕਿ ਲੋਕਾਂ ਨੂੰ ਮੁਫਤ ਰਿਓੜੀਆਂ ਵੰਡ ਕੇ ਉਹ ਉਹਨਾਂ ਨੂੰ ਖਰੀਦ ਲੈਣਗੇ। ਅਸੀਂ ਰਲ ਕੇ ਅਜਿਹੀ ਦੀ ਸੋਚ ਨੂੰ ਹਰਾਉਣਾ ਹੈ, 'ਰਿਓੜੀ ਸੱਭਿਆਚਾਰ’ ਨੂੰ ਦੇਸ਼ ਦੀ ਰਾਜਨੀਤੀ ਤੋਂ ਹਟਾਉਣਾ ਹੋਵੇਗਾ। ਪੀਐਮ ਮੋਦੀ ਦੇ ਇਸ ਬਿਆਨ 'ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦੋਸਤਾਂ ਦਾ ਲੋਨ ਮੁਆਫ਼ ਕਰਕੇ, ਕੁਝ ਕੁ ਲੋਕਾਂ ਨੂੰ ਫ਼ਾਇਦਾ ਪਹੁੰਚਾ ਕੇ, ਦੇਸ਼ ਦੀ ਹਾਕਮ ਧਿਰ ਫ਼ਰੀ ਦੀਆਂ ਰਿਓੜੀਆਂ ਵੰਡ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ‘ਚ ਦੋ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ, ਇਕ ਹੈ ਇਮਾਨਦਾਰ ਰਾਜਨੀਤੀ ਜੋ ਆਮ ਆਦਮੀ ਪਾਰਟੀ ਕਰ ਰਹੀ ਹੈ। ਇਕ ਹੈ ਭ੍ਰਿਸ਼ਟਾਚਾਰ ਦੀ ਰਾਜਨੀਤੀ ਜੋ ਵਿਰੋਧੀ ਕਰ ਰਹੇ ਹਨ।