ਜੰਤਰ-ਮੰਤਰ ਤੋਂ ਗਰਾਊਂਡ ਰਿਪੋਰਟ: ਕੁੜੀਆਂ ਨੂੰ ਹੱਥ ਲਗਾਉਣ, ਕਪੜਿਆਂ ਦੀ ਜਾਂਚ ਕਰਨ ਦਾ ਬ੍ਰਿਜ ਭੂਸ਼ਣ ਨੂੰ ਕਿਸ ਨੇ ਦਿਤਾ ਅਧਿਕਾਰ?
Published : May 17, 2023, 12:39 pm IST
Updated : May 17, 2023, 12:39 pm IST
SHARE ARTICLE
Wrestlers protest at Jantar Mantar
Wrestlers protest at Jantar Mantar

‘‘ਸਮ੍ਰਿਤੀ ਇਰਾਨੀ ‘ਦਿ ਕੇਰਲਾ ਸਟੋਰੀ’ ਦੇਖਣ ਤਾਂ ਚਲੇ ਗਏ ਪਰ ਇਕ ਵਾਰ ਵੀ ਧੀਆਂ ਨੂੰ ਦੇਖਣ ਨਹੀਂ ਆਏ”

 

ਨਵੀਂ ਦਿੱਲੀ : ਦੇਸ਼ ਦੀਆਂ ਨਾਮੀ ਮਹਿਲਾ ਪਹਿਲਵਾਨ ਅਤੇ ਉਨ੍ਹਾਂ ਦੇ ਸਾਥੀ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ ਉਤੇ ਧਰਨੇ ’ਤੇ ਬੈਠੇ ਹਨ। ਇਨ੍ਹਾਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਅਕਸਰ ਅਸੀ ਬੇਟੀ ਬਚਾਉ, ਬੇਟੀ ਪੜ੍ਹਾਉ ਦਾ ਨਾਅਰਾ ਸੁਣਦੇ ਹਾਂ, ਅੱਜ ਜੰਤਰ-ਮੰਤਰ ’ਤੇ ਸਾਡੀਆ ਧੀਆਂ ਅਪਣੀ ਇੱਜ਼ਤ ਨੂੰ ਬਚਾਉਣ ਲਈ ਧਰਨਾ ਦੇ ਰਹੀਆਂ ਹਨ। ਹਾਲਾਂਕਿ ਉਨ੍ਹਾਂ ਨੂੰ ਕਈ ਲੋਕ ਸਮਰਥਨ ਦੇਣ ਆ ਰਹੇ ਹਨ ਪਰ ਜਿਸ ਤਰ੍ਹਾਂ ਦਾ ਸਮਰਥਨ ਇਨ੍ਹਾਂ ਧੀਆਂ ਨੂੰ ਮਿਲਣਾ ਚਾਹੀਦਾ ਹੈ, ਉਹ ਨਜ਼ਰ ਨਹੀਂ ਆ ਰਿਹਾ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਧਰਨੇ ਨੂੰ ਸਮਰਥਨ ਦੇਣ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ। 

ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਸਮਰਥਨ ਵਿਚ ਪਹੁੰਚੇ ਲੋਕਾਂ ਨੇ ਕੀ ਕਿਹਾ: ਪਹਿਲਵਾਨਾਂ ਨੂੰ ਸਮਰਥਨ ਦੇਣ ਹਰਿਆਣਾ ਤੋਂ ਪਹੁੰਚੇ ਇਕ ਸੇਵਾਮੁਕਤ ਪ੍ਰੋਫ਼ੈਸਰ ਨੇ ਕਿਹਾ ਕਿ ਸਾਡੀਆਂ ਧੀਆਂ ਦੇ ਰਾਹਾਂ ਵਿਚ ਕਈ ਰੁਕਾਵਟਾਂ ਹਨ। ਇਹ ਧੀਆਂ ਤਾਂ ਦੇਸ਼ ਦਾ ਉਹ ਮਾਣ ਹਨ, ਜਿਨ੍ਹਾਂ ਨੇ ਦੁਨੀਆਂ ਭਰ ਵਿਚ ਤਿਰੰਗੇ ਦਾ ਮਾਣ ਵਧਾਇਆ ਹੈ। ਜੇਕਰ ਇਨ੍ਹਾਂ ਖੇਡ ਨਾਇਕਾਂ ਨਾਲ ਅਜਿਹਾ ਵਰਤਾਅ ਹੋ ਰਿਹਾ ਹੈ ਤਾਂ ਆਮ ਔਰਤਾਂ ਨਾਲ ਕੀ ਹੋਵੇਗਾ। ਸਰਕਾਰ ਨੇ ਬੇਟੀ ਬਚਾਉ, ਬੇਟੀ ਪੜ੍ਹਾਉ ਦਾ ਨਾਅਰਾ ਤਾਂ ਦਿਤਾ ਪਰ ਉਸ ਨੂੰ ਜ਼ਮੀਨੀ ਪਧਰ ’ਤੇ ਸਮਰਥਨ ਨਹੀਂ ਦੇ ਰਹੀ। ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਫ਼ਰਕ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਰਕਾਰ ਜਨਤਾ ਦੀ ਸੇਵਕ ਹੁੰਦੀ ਹੈ, ਮਾਲਕ ਨਹੀਂ। ਜੇਕਰ ਸਰਕਾਰ ਮਾਲਕ ਬਣਨ ਦੀ ਕੋਸ਼ਿਸ਼ ਕਰੇਗੀ ਤਾਂ ਜਨਤਾ ਉਸ ਨੂੰ ਜ਼ਮੀਨਦੋਜ਼ ਕਰਨ ਦਾ ਕੰਮ ਕਰੇਗੀ।

Wrestlers protest at Jantar MantarWrestlers protest at Jantar Mantar

ਪ੍ਰੋਫ਼ੈਸਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਅਪਣੇ ਪਹਿਲੇ ਭਾਸ਼ਣ ਵਿਚ ਕਿਹਾ ਸੀ ਕਿ 100 ਦਿਨ ਵਿਚ ਸਾਰੇ ਅਪਰਾਧੀਆਂ ਨੂੰ ਸੰਸਦ ਅਤੇ ਵਿਧਾਨ ਸਭਾ ਵਿਚੋਂ ਕਢਿਆ ਜਾਵੇਗਾ ਪਰ ਅੱਜ ਸਰਕਾਰ ਬਦਮਾਸ਼ਾਂ ਦੇ ਪੱਖ ਵਿਚ ਖੜੀ ਹੈ। ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਵਾਲਾ ਵਿਅਕਤੀ ਮੰਤਰੀ ਹੈ, ਇਸ ਲਈ ਹੁਣ ਜਨਤਾ ਨੇ ਭਾਜਪਾ ਨੂੰ ਜਵਾਬ ਦੇਣਾ ਸ਼ੁਰੂ ਕਰ ਦਿਤਾ ਹੈ। ਇਸ ਦੀ ਸ਼ੁਰੂਆਤ ਕਰਨਾਟਕ ਤੋਂ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਜਨਤਾ ਔਰਤ ਦਾ ਸਤਿਕਾਰ ਕਰਨ ਲਈ ਤਿਆਰ ਹੈ। ਜਨਤਾ ਸੱਭ ਦੇਖ ਰਹੀ ਹੈ ਅਤੇ ਸਮਾਂ ਆਉਣ ’ਤੇ ਇਨ੍ਹਾਂ ਨੂੰ ਅਜਿਹਾ ਜਵਾਬ ਦੇਵੇਗੀ ਕਿ ਇਹਨਾਂ ਨੂੰ ਹਜ਼ਮ ਨਹੀਂ ਹੋਵੇਗਾ।

ਦੇਸ਼ ਦੇ ਵਿਕਾਸ ਵਿਚ ਔਰਤਾਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਪ੍ਰੋਫ਼ੈਸਰ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਔਰਤਾਂ ਦਾ 60 ਫ਼ੀ ਸਦੀ ਯੋਗਦਾਨ ਹੈ। ਦੇਸ਼ ਦਾ ਹਰ ਮਰਦ ਧੀ ਨੂੰ ਬਰਾਬਰੀ ਦਾ ਹੱਕ ਦੇਣ ਲਈ ਤਿਆਰ ਹੈ। ਧਰਨੇ ਵਿਚ ਉਤਰ ਪ੍ਰਦੇਸ਼ ਤੋਂ ਪਹੁੰਚੇ ਇਕ ਵਿਅਕਤੀ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਪਰ ਉਥੇ ਰਾਤ ਨੂੰ ਧੀਆਂ ਨੂੰ ਸਾੜ ਦਿਤਾ ਜਾਂਦਾ ਹੈ, ਹਾਥਰਸ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੁਲਿਸ ਅਤੇ ਸਰਕਾਰ ਕੁੱਝ ਨਹੀਂ ਕਰ ਰਹੀ।

Wrestlers protest at Jantar MantarWrestlers protest at Jantar Mantar

ਧਰਨੇ ਵਿਚ ਪਹੁੰਚੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਕੁੜੀਆਂ ਦੀ ਚੈਕਿੰਗ ਦੌਰਾਨ ਉਨ੍ਹਾਂ ਦੀ ਬਰਾ ਦਾ ਹੁੱਕ ਤਕ ਖੋਲ੍ਹ ਦਿਤਾ ਜਾਂਦਾ ਹੈ ਪਰ ਸਰਕਾਰ ਨੂੰ ਇਹ ਪਤਾ ਨਹੀਂ ਚਲਦਾ ਕਿ 350 ਕਿਲੋ ਆਰਡੀਐਕਸ ਕਿਥੋਂ ਆਉਂਦਾ ਹੈ। ਕੁੜੀਆਂ ਨੂੰ ਹੱਥ ਲਗਾਉਣਾ, ਕੱਪੜਿਆਂ ਦੀ ਚੈਕਿੰਗ ਕਰਨ ਦਾ ਬ੍ਰਿਜ ਭੂਸ਼ਣ ਨੂੰ ਕਿਸ ਨੇ ਅਧਿਕਾਰ ਦਿਤਾ? ਕੀ ਇਥੇ ਮਹਿਲਾ ਕੋਚ ਨਹੀਂ ਹਨ? ਚੈਕਿੰਗ ਦੇ ਨਾਂਅ ’ਤੇ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ।  ਇਥੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਫਿਲਮ ’ਦਿ ਕੇਰਲਾ ਸਟੋਰੀ’ ਦੇਖਣ ਤਾਂ ਚਲੇ ਗਏ ਪਰ ਉਹ ਇਕ ਵਾਰ ਵੀ ਇਹਨਾਂ ਧੀਆਂ ਨੂੰ ਦੇਖਣ ਨਹੀਂ ਆਏ। ਉਨ੍ਹਾਂ ਜੰਤਰ ਮੰਤਰ ਦੇ ਨਾਲ ਹੀ ਸੰਸਦ ਮੈਂਬਰ ਦਾ ਘਰ ਹੈ, ਉਹ ਸਿੱਧੇ ਅਪਣੇ ਘਰ ਜਾਂਦੇ ਹਨ, ਇਕ ਵਾਰ ਵੀ ਧੀਆਂ ਨੂੰ ਮਿਲਣ ਨਹੀਂ ਆਏ। ਉਹ ਇਹਨਾਂ ਨੂੰ ਫ਼ਰਜ਼ੀ ਦੱਸ ਰਹੇ ਹਨ।

ਦਿੱਲੀ ਦੇ ਇਕ ਵਿਅਕਤੀ ਨੇ ਕਿਹਾ ਕਿ ਪਹਿਲਾਂ ਧੀਆਂ ਜਦੋਂ ਘਰੋਂ ਬਾਹਰ ਜਾਂਦੀਆਂ ਸਨ ਤਾਂ ਕੋਈ ਡਰ ਨਹੀਂ ਹੁੰਦਾ ਸੀ ਪਰ 2014 ਤੋਂ ਬਾਅਦ ਮਨ ਵਿਚ ਡਰ ਰਹਿੰਦਾ ਹੈ। ਨਿਰਭਿਆ ਮਾਮਲੇ ਨੂੰ ਵੀ ਪ੍ਰਸ਼ਾਸਨ ਨੇ ਦਬਾਅ ਕੇ ਰਖਿਆ ਸੀ। ਉਨ੍ਹਾਂ ਕਿਹਾ ਮਾਪੇ ਹੁਣ ਧੀਆਂ ਅਤੇ ਪੁੱਤਰਾਂ ਵਿਚ ਕੋਈ ਫ਼ਰਕ ਨਹੀਂ ਕਰਦੇ, ਉਹ ਧੀਆਂ ਨੂੰ ਪੁੱਤਾਂ ਵਾਂਗ ਪੜ੍ਹਾ-ਲਿਖਾ ਕੇ ਘਰੋਂ ਬਾਹਰ ਭੇਜਦੇ ਹਨ ਪਰ ਸਮੱਸਿਆ ਇਹ ਹੈ ਕਿ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ। ਜੇਕਰ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਧੀ ਨੂੰ ਇਨਸਾਫ਼ ਨਹੀਂ ਮਿਲਦਾ, ਸਰਕਾਰ ਤਾਕਤਵਰ ਲੋਕਾਂ ਦਾ ਪੱਖ ਪੂਰਦੀ ਹੈ। ਮਹਿਲਾ ਪਹਿਲਵਾਨਾਂ ਦੇ ਧਰਨੇ ਬਾਰੇ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਦੇਸ਼ ਦਾ ਅਕਸ ਖ਼ਰਾਬ ਹੋ ਰਿਹਾ ਹੈ ਕਿਉਂਕਿ ਧੀਆਂ ਨੂੰ ਅਪਣੀ ਇੱਜ਼ਤ ਲਈ ਧਰਨੇ ’ਤੇ ਬੈਠਣਾ ਪੈ ਰਿਹਾ ਹੈ।

ਇਕ ਵਿਅਕਤੀ ਸਾਡੀ ਕੁਸ਼ਤੀ ਨੂੰ ਬਰਬਾਦ ਕਰ ਰਿਹੈ, ਉਸ ਵਿਰੁਧ ਆਵਾਜ਼ ਚੁਕਣਾ ਜ਼ਰੂਰੀ ਸੀ: ਸਾਕਸ਼ੀ ਮਲਿਕ

ਉਲੰਪਿਕ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਦਾ ਕਹਿਣਾ ਹੈ ਕਿ ਦੇਸ਼ ਵਿਚ ਕਈ ਕੁੜੀਆਂ ਹਨ ਜੋ ਅਜਿਹੇ ਮਾਮਲਿਆਂ ਵਿਚ ਚੁੱਪ ਰਹਿੰਦੀਆਂ ਹਨ। ਉਨ੍ਹਾਂ ਦਸਿਆ ਕਿ ਜਦ ਤੋਂ ਧਰਨਾ ਸ਼ੁਰੂ ਹੋਇਆ ਤਾਂ ਸੈਂਕੜੇ ਕੁੜੀਆਂ ਨੇ ਆ ਕੇ ਇਹੀ ਕਿਹਾ ਕਿ ਤੁਸੀ ਚੰਗਾ ਕੰਮ ਕਰ ਰਹੇ ਹੋ। ਸਾਨੂੰ ਹੌਸਲਾ ਮਿਲਿਆ ਕਿ ਅਸੀ ਔਰਤਾਂ ਦੀ ਆਵਾਜ਼ ਬਣ ਰਹੇ ਹਾਂ। ਅਨੇਕਾਂ ਕੁੜੀਆਂ ਬਚਪਨ ਤੋਂ ਹੀ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਦੀਆਂ ਹਨ ਪਰ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ। ਸਾਕਸ਼ੀ ਮਲਿਕ ਨੇ ਦਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਦਾ 5 ਸਾਲ ਦੀ ਉਮਰ ਵਿਚ ਸ਼ੋਸ਼ਣ ਹੋਇਆ ਪਰ ਉਨ੍ਹਾਂ ਨੇ ਬਹੁਤ ਦੇਰ ਨਾਲ ਅਪਣੀ ਮਾਂ ਨੂੰ ਦਸਿਆ। ਹੌਲੀ-ਹੌਲੀ ਉਨ੍ਹਾਂ ਨੂੰ ਹੋਰ ਲੜਕੀਆਂ ਨੇ ਵੀ ਆ ਕੇ ਕੁਸ਼ਤੀ ਸੰਘ ਦੇ ਪ੍ਰਧਾਨ ਬਾਰੇ ਦਸਿਆ, ਉਸ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਹੁਣ ਆਵਾਜ਼ ਚੁੱਕਣੀ ਪਵੇਗੀ।

Sakshi MalikSakshi Malik

ਸਾਕਸ਼ੀ ਮਲਿਕ ਦਾ ਕਹਿਣਾ ਹੈ ਕਿ ਉਹ 18 ਸਾਲ ਤੋਂ ਕੁਸ਼ਤੀ ਕਰ ਰਹੇ ਹਨ, ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਨੇ ਬਹੁਤ ਕੁੱਝ ਦੇਖਿਆ ਅਤੇ ਚੁੱਪ ਰਹੇ। ਇਸ ਦੌਰਾਨ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੀ ਹੱਦ ਬਹੁਤ ਜ਼ਿਆਦਾ ਹੋ ਰਹੀ ਸੀ। ਇਕ ਵਿਅਕਤੀ ਉਸ ਕੁਸ਼ਤੀ ਨੂੰ ਬਰਬਾਦ ਕਰ ਰਿਹਾ ਸੀ, ਜਿਸ ਨੇ ਸਾਨੂੰ ਇੰਨਾ ਕੁੱਝ ਦਿਤਾ। ਕੁਸ਼ਤੀ ਫੇਡਰੇਸ਼ਨ ਦੇ ਪ੍ਰਧਾਨ ਪਹਿਲਵਾਨਾਂ ਤਕ ਸਹੂਲਤਾਂ ਪਹੁੰਚਣ ਹੀ ਨਹੀਂ ਦਿੰਦੇ ਸਨ ਅਤੇ ਸੱਭ ਅਪਣੇ ਤਕ ਸੀਮਤ ਰੱਖਦੇ ਹਨ, ਜਿਸ ਕਾਰਨ ਪਹਿਲਵਾਨਾਂ ਨੂੰ ਸਪਾਂਸਰ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਵੀ ਲੋਕਾਂ ਨੂੰ ਇਸ ਲਈ ਰੋਕ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਉਪਰੋਂ ਹੁਕਮ ਮਿਲੇ ਹਨ।

ਸਾਕਸ਼ੀ ਮਲਿਕ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ 21 ਮਈ ਤਕ ਦਾ ਅਲਟੀਮੇਟਮ ਦਿਤਾ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਲੋਕ ਉਨ੍ਹਾਂ ਦੇ ਇਕ ਸੱਦੇ ’ਤੇ ਜ਼ਰੂਰ ਇਕੱਠੇ ਹੋਣਗੇ। ਸਾਕਸ਼ੀ ਮਲਿਕ ਨੇ ਕਿਹਾ ਕਿ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਲੋਕ ਉਸ ਪਾਸੇ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ਮਨੋਰੰਜਨ ਮਿਲਦਾ ਹੈ, ਇਥੇ ਉਨ੍ਹਾਂ ਨੂੰ ਮਨੋਰੰਜਨ ਨਹੀਂ ਮਿਲ ਰਿਹਾ। ਜਿੰਨੀ ਵੱਡੀ ਗਿਣਤੀ ਵਿਚ ਲੋਕ ਕ੍ਰਿਕਟ ਲਈ ਸਟੇਡੀਅਮ ਜਾਂਦੇ ਹਨ, ਜੇਕਰ ਉਸੇ ਤਰ੍ਹਾਂ ਸਾਡੇ ਹੱਕ ਵਿਚ ਆਉਣ ਤਾਂ ਸਾਨੂੰ ਬਹੁਤ ਹੌਸਲਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਧਰਨੇ ਵਿਚ ਅਜਿਹੇ ਕਈ ਲੋਕ ਹਨ, ਜਿਨ੍ਹਾਂ ਨੂੰ ਉਹ ਇਥੇ ਪਹਿਲੀ ਵਾਰ ਮਿਲੇ ਹਨ। ਇਨ੍ਹਾਂ ਲੋਕਾਂ ਨੇ ਇੰਨਾ ਜ਼ਿਆਦਾ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਹੈ ਕਿ ਹੁਣ ਇਹ ਸਾਡੇ ਪਰਿਵਾਰ ਵਾਂਗ ਹਨ। ਉਨ੍ਹਾਂ ਕਿਹਾ ਕਿ ਸਾਰੇ ਮਰਦ ਗ਼ਲਤ ਨਹੀਂ ਹੁੰਦੇ ਅਤੇ ਸਾਰੀਆਂ ਔਰਤਾਂ ਵੀ ਸਹੀ ਨਹੀਂ ਹੁੰਦੀਆਂ। ਸਾਕਸ਼ੀ ਮਲਿਕ ਨੇ ਦੇਸ਼ ਭਰ ਵਿਚ ਮਾਪਿਆਂ ਨੂੰ ਅਪੀਲ ਕੀਤੀ ਕਿ ਅਪਣੀਆਂ ਧੀਆਂ ਨੂੰ ਇਥੇ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਅਸੀ ਇਹ ਲੜਾਈ ਜਿੱਤਦੇ ਹਾਂ ਤਾਂ ਸਾਡੀਆਂ ਧੀਆਂ ਆਉਣ ਵਾਲੇ 50 ਸਾਲਾਂ ਲਈ ਸੁਰੱਖਿਅਤ ਹੋ ਜਾਣਗੀਆਂ।

ਸਿਰਫ਼ ਕੁੜੀਆਂ ਹੀ ਨਹੀਂ ਮੁੰਡਿਆਂ ਨਾਲ ਵੀ ਹੁੰਦੀ ਹੈ ਧੱਕੇਸ਼ਾਹੀ : ਪਹਿਲਵਾਨ ਜੀਤੇਂਦਰ

ਨਵੀਂ ਦਿੱਲੀ : ਜੰਤਰ-ਮੰਤਰ ਵਿਖੇ ਚਲ ਰਹੇ ਧਰਨੇ ਬਾਰੇ ਗੱਲ ਕਰਦਿਆਂ ਪਹਿਲਵਾਨ  ਜੀਤੇਂਦਰ   ਸਿੰਘ ਨੇ ਦਸਿਆ ਕਿ ਇਹ ਮੁੱਦਾ ਬਹੁਤ ਸਮੇਂ ਤੋਂ ਧਿਆਨ ਵਿਚ ਸੀ ਪਰ ਇਸ ਵਿਰੁਧ ਕਦੇ ਵੀ ਕਿਸੇ ਨੇ ਮਿਲ ਕੇ ਆਵਾਜ਼ ਬੁਲੰਦ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਜਦੋਂ ਵੀ ਕੋਈ ਇਕ ਇਸ ਸ਼ੋਸ਼ਣ ਵਿਰੁਧ ਬੋਲਦਾ ਤਾਂ ਉਸ ਨੂੰ ਉਥੇ ਹੀ ਦਬਾ ਦਿਤਾ ਜਾਂਦਾ ਸੀ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਬਜ਼ੁਰਗਾਂ ਨੇ ਹਮੇਸ਼ਾ ਇਹੀ ਸਿਖਾਇਆ ਹੈ ਕਿ ਦੂਜੀਆਂ ਲੜਕੀਆਂ ਨੂੰ ਵੀ ਅਪਣੀਆਂ ਹੀ ਧੀਆਂ-ਭੈਣਾਂ ਵਾਂਗ ਸਮਝੀਏ ਤੇ ਚੰਗਾ ਸਲੂਕ ਕਰੀਏ ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗੇ ਇਨਸਾਨ ਪਤਾ ਨਹੀਂ ਕਿਹੜੇ ਹੰਕਾਰ ਦੀ ਵਜ?ਹਾ ਕਾਰਨ ਅਜਿਹਾ ਕਰਦੇ ਹਨ।

ਅੱਗੇ ਗੱਲ ਕਰਦਿਆਂ ਪਹਿਲਵਾਨ  ਜੀਤੇਂਦਰ   ਸਿੰਘ ਨੇ ਦਸਿਆ ਕਿ ਇਸ ਖੇਤਰ ਵਿਚ ਸਿਰਫ਼ ਲੜਕੀਆਂ ਨਾਲ ਹੀ ਅਜਿਹਾ ਨਹੀਂ ਹੁੰਦਾ ਸਗੋਂ ਲੜਕਿਆਂ ਨੂੰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਵਾਨ ਅਨੁਸਾਰ ਟਰਾਇਲ ਸਮੇਂ ਕਈ ਧੋਖਾਧੜੀਆਂ ਹੁੰਦੀਆਂ ਹਨ ਅਤੇ ਖਿਡਾਰੀਆਂ ਨੂੰ ਜ਼ਬਰਦਸਤੀ ਹਰਵਾਇਆ ਜਾਂਦਾ ਹੈ। ਪਹਿਲਵਾਨ ਨੇ ਦਸਿਆ ਕਿ ਕਈ ਟਰਾਇਲ ਤਾਂ ਚਾਰ-ਚਾਰ ਸਾਲ ਬਾਅਦ ਆਉਂਦੇ ਹਨ ਪਰ ਜਦੋਂ ਉਸ ਸਮੇਂ ਵੀ ਹਾਰ ਨਸੀਬ ਹੋਵੇ ਤਾਂ ਮਿਹਨਤ ਜ਼ਾਇਆ ਜਾਂਦੀ ਹੈ ਅਤੇ ਬਹੁਤ ਦੁੱਖ ਹੁੰਦਾ ਹੈ।

Wrestler jitenderWrestler jitender

ਉਨ੍ਹਾਂ ਦਸਿਆ ਕਿ ਕੁਸ਼ਤੀ ਮਹਾਂਸੰਗ ਦੀ ਪ੍ਰਧਾਨਗੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੋਲ ਹੋਣ ਕਾਰਨ ਉਸ ਦਾ ਕਿਹਾ ਸਾਰੇ ਕੋਚਾਂ ਨੂੰ ਵੀ ਮੰਨਣਾ ਪੈਂਦਾ ਸੀ, ਨਤੀਜੇ ਵਜੋਂ ਸਾਡੇ ਕੋਲ ਕੋਈ ਹੋਰ ਚਾਰਾ ਨਾ ਹੋਣ ਕਾਰਨ ਸਾਨੂੰ ਹਾਰ ਮੰਨਣ ਲਈ ਮਜਬੂਰ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਕਰੀਬ 14 ਸਾਲ ਤੋਂ ਕੁਸ਼ਤੀ ਨਾਲ ਜੁੜਿਆ ਹਾਂ, ਇਸ ਖੇਡ ਜ਼ਰੀਏ ਅਸੀ ਕਰੋੜਾਂ ਰੁਪਏ ਤਾਂ ਇਕੱਠੇ ਨਹੀਂ ਕਰਦੇ ਪਰ ਇੱਜ਼ਤ ਮਿਲਦੀ ਹੈ। ਪਹਿਲਵਾਨ ਦਾ ਕਹਿਣਾ ਹੈ ਕਿ ਜਿਸ ਖੇਡ ਨੇ ਬੁਲੰਦੀਆਂ ’ਤੇ ਪਹੁੰਚਾਇਆ ਹੋਵੇ ਜੇਕਰ ਕੋਈ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰੇ ਤਾਂ ਸਾਡਾ ਖ਼ੂਨ ਖੌਲਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕੁਸ਼ਤੀ ਕਰ ਕੇ ਹੀ ਅਸੀ ਅੱਜ ਇਥੋਂ ਤਕ ਪਹੁੰਚੇ ਹਾਂ ਇਸ ਕਾਰਨ ਕੁਸ਼ਤੀ ਲਈ ਜੋ ਵੀ ਤਿਆਗ਼ ਸਾਨੂੰ ਕਰਨਾ ਪਵੇਗਾ ਉਹ ਅਸੀ ਕਰਨ ਲਈ ਤਿਆਰ ਹਾਂ।

ਪਹਿਲਵਾਨ  ਜੀਤੇਂਦਰ  ਸਿੰਘ ਨੇ ਦਸਿਆ ਕਿ ਨਿਆਂ ਦੀ ਇਸ ਲੜਾਈ ਵਿਚ ਉਨ੍ਹਾਂ ਦਾ ਸਾਥ ਹੋਰ ਖੇਡ ਪਿਛੋਕੜ ਵਾਲੇ ਖਿਡਾਰੀ ਵੀ ਦੇ ਰਹੇ ਹਨ ਪਰ ਬਹੁਤਿਆਂ ਕੋਲ ਸਰਕਾਰੀ ਅਹੁਦੇ ਹੋਣ ਕਾਰਨ ਉਨ੍ਹਾਂ ’ਤੇ ਦਬਾਅ ਹੈ। ਉਚ ਅਹੁਦਿਆਂ ’ਤੇ ਕਾਬਜ਼ ਖਿਡਾਰੀ ਸਾਥ ਤਾਂ ਦੇਣਾ ਚਾਹੁੰਦੇ ਹਨ ਪਰ ਖੁਲ੍ਹ ਕੇ ਅੱਗੇ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਸਿਆਸਤ ਨੂੰ ਖੇਡ ਤੋਂ ਦੂਰ ਰੱਖਣ ਦੀ ਲੋੜ ਹੈ, ਇਕ ਖਿਡਾਰੀ ਨੂੰ ਜੇਕਰ ਪੂਰਨ ਆਜ਼ਾਦੀ ਦਿਤੀ ਜਾਵੇ ਤਾਂ ਹੀ ਉਹ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ। ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਸਾਡੀਆਂ ਧੀਆਂ-ਭੈਣਾਂ ਨੂੰ ਇਨਸਾਫ਼ ਦਿਵਾਉਣ ਦਾ ਇਹੋ ਹੀ ਮੌਕਾ ਹੈ ਇਸ ਲਈ ਸਾਰੇ ਇਕੱਠੇ ਹੋ ਕੇ ਸਾਡੇ ਸੰਘਰਸ਼ ਵਿਚ ਸਾਥ ਦਿਉ।

ਸਾਨੂੰ ਅਪਣੇ ਕਰੀਅਰ ਦੀ ਪ੍ਰਵਾਹ ਨਹੀਂ, ਅਸੀਂ ਚੁੱਪ ਨਹੀਂ ਰਹਾਂਗੇ:  ਸਤਿਆਵਰਤ ਕਾਦੀਆਨ

ਮਹਿਲਾ ਪਹਿਲਵਾਨਾਂ ਦਾ ਸਾਥ ਦੇ ਰਹੇ ਪਹਿਲਵਾਨ ਸਤਿਆਵਰਤ ਕਾਦੀਆਨ ਨੇ ਕਿਹਾ ਕਿ ਇਨ੍ਹਾਂ ਲੜਕੀਆਂ ਨੇ ਸੱਤਾਧਾਰੀ ਧਿਰ ਦੇ ਸੰਸਦ ਮੈਂਬਰ ਵਿਰੁਧ ਆਵਾਜ਼ ਚੁੱਕਣ ਦੀ ਹਿੰਮਤ ਕੀਤੀ ਹੈ, ਇਸ ਲਈ ਅਸੀ ਇਨ੍ਹਾਂ ਦਾ ਸਾਥ ਦੇ ਰਹੇ ਹਾਂ। ਅਸੀ ਸੱਭ ਕੁੱਝ ਦਾਅ ’ਤੇ ਲਗਾ ਕੇ ਇਥੇ ਬੈਠੇ ਹਾਂ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੇ ਕਈ ਦੌਰ ਦੇਖੇ ਹਨ, ਫ਼ਿਲਹਾਲ ਆਰਥਕ ਦੌਰ ਚਲ ਰਿਹਾ ਹੈ। ਹਰ ਕੋਈ ਅਪਣੀ ਦੋ ਵਕਤ ਦੀ ਰੋਟੀ ਲਈ ਜੱਦੋ-ਜਹਿਦ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਦੇਸ਼ ਲਈ ਕਈ ਮੈਡਲ ਜਿੱਤਣ ਦੇ ਬਾਵਜੂਦ ਸਾਡੇ ਉਤੇ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਅਸੀ ਝੂਠ ਬੋਲ ਰਹੇ ਹਾਂ। ਅਸੀ ਇਸ ਟੈਗ ਨਾਲ ਨਹੀਂ ਰਹਿ ਸਕਦੇ ਸੀ, ਇਸ ਲਈ ਅਸੀ ਦੁਬਾਰਾ ਖੜੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਕਰੀਅਰ ਦੀ ਪ੍ਰਵਾਹ ਨਹੀਂ ਹੈ, ਫ਼ਿਲਹਾਲ ਧੀਆਂ ਨੂੰ ਇਨਸਾਫ਼ ਮਿਲਣਾ ਜ਼ਰੂਰੀ ਹੈ।

Satyawart KadianSatyawart Kadian

ਸਤਿਆਵਰਤ ਕਾਦੀਆਨ ਨੇ ਦਸਿਆ ਕਿ ਰਾਤ ਸਮੇਂ ਇਥੇ ਧਰਨੇ ਦੀ ਮਨਜ਼ੂਰੀ ਨਹੀਂ ਹੈ। 2014 ਤੋਂ ਬਾਅਦ ਇਹ ਪਹਿਲਾ ਧਰਨਾ ਹੈ, ਜਿਥੇ ਰਾਤ ਨੂੰ ਵੀ ਲੋਕ ਧਰਨਾ ਦੇ ਰਹੇ ਹਨ। ਰਾਤ ਨੂੰ ਜ਼ਿਆਦਾ ਇਕੱਠ ਦੀ ਮਨਜ਼ੂਰੀ ਨਹੀਂ ਹੈ ਪਰ ਦਿਨ ਵੇਲੇ ਵੱਡੀ ਗਿਣਤੀ ਵਿਚ ਲੋਕ ਸਮਰਥਨ ਦੇਣ ਆਉਂਦੇ ਹਨ। ਉਨ੍ਹਾਂ ਦਿੱਲੀ ਦੀਆਂ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਨੇ ਨਿਰਭਿਆ ਮਾਮਲੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ, ਇਨ੍ਹਾਂ ਧੀਆਂ ਨੂੰ ਵੀ ਉਨ੍ਹਾਂ ਦੇ ਸਹਿਯੋਗ ਦੀ ਲੋੜ ਹੈ। ਪਹਿਲਵਾਨ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਸਿਰਫ਼ ਬਲਾਤਕਾਰ ਹੀ ਜਿਨਸੀ ਸ਼ੋਸ਼ਣ ਨਹੀਂ ਹੁੰਦਾ, ਜਿਨਸੀ ਸ਼ੋਸ਼ਣ ਦੇ ਹੋਰ ਵੀ ਤਰੀਕੇ ਹੁੰਦੇ ਹਨ। ਉਨ੍ਹਾਂ ਦਸਿਆ ਕਿ ਬਹੁਤ ਜ਼ਿਆਦਾ ਕੁੜੀਆਂ ਪੀੜਤ ਹਨ ਪਰ ਉਨ੍ਹਾਂ ਵਿਚੋਂ ਸਿਰਫ਼ 7 ਲੜਕੀਆਂ ਨੇ ਆਵਾਜ਼ ਉਠਾਈ ਹੈ। ਹੋ ਸਕਦਾ ਹੈ ਕਿ ਇਨ੍ਹਾਂ ਨੂੰ ਦੇਖ ਕੇ ਬਾਕੀਆਂ ਵਿਚ ਵੀ ਹਿੰਮਤ ਆ ਜਾਵੇ।

Wrestlers protest at Jantar MantarWrestlers protest at Jantar Mantar

ਪੁਲਿਸ ਨੇ ਸਪੋਕਸਮੈਨ ਦੀ ਟੀਮ ਨੂੰ ਬੈਰੀਕੇਡ ਪਾਰ ਕਰਨ ਤੋਂ ਰੋਕਿਆ!

ਰੋਜ਼ਾਨਾ ਸਪੋਕਸਮੈਨ ਦੀ ਟੀਮ ਜਦੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਗੱਲ ਕਰਨ ਲਈ ਰਾਤ ਸਮੇਂ ਜੰਤਰ-ਮੰਤਰ ਪਹੁੰਚੀ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡ ਪਾਰ ਕਰਨ ਤੋਂ ਰੋਕ ਦਿਤਾ। ਇਥੇ ਮੌਜੂਦ ਨੌਜਵਾਨਾਂ ਨੇ ਕਿਹਾ ਹਰ ਰੋਜ਼ ਰਾਤ ਨੂੰ ਦੋਵੇਂ ਪਾਸਿਉਂ ਬੈਰੀਕੇਡ ਲਗਾ ਕੇ ਲੋਕਾਂ ਨੂੰ ਧਰਨੇ ਵਾਲੀ ਥਾਂ ’ਤੇ ਜਾਣ ਤੋਂ ਰੋਕਿਆ ਜਾਂਦਾ ਹੈ। ਇਹ ਕਿਥੋਂ ਦਾ ਲੋਕਤੰਤਰ ਹੈ। ਇਕ ਦੇਸ਼ ਵਿਚ ਦੋ ਕਾਨੂੰਨ ਹਨ, ਇਕ ਵਿਅਕਤੀ ਬਿਨਾਂ ਆਈ.ਡੀ. ਤੋਂ ਅੰਦਰ ਜਾ ਰਿਹਾ ਹੈ ਅਤੇ ਦੂਜੇ ਵਿਅਕਤੀ ਨੂੰ ਆਈ.ਡੀ. ਕਾਰਡ ਹੋਣ ਦੇ ਬਾਵਜੂਦ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ। ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀ ਚੋਰ ਨਹੀਂ ਹਾਂ ਤੇ ਨਾ ਹੀ ਸਾਨੂੰ ਪੁਲਿਸ ਦਾ ਕੋਈ ਡਰ ਹੈ, ਅਸੀ ਸਾਰੇ ਇਕਜੁੱਟ ਹੋ ਕੇ ਅਪਣਾ ਸੰਘਰਸ਼ ਜਾਰੀ ਰੱਖਾਂਗੇ ਕਿਉਂਕਿ ਸਾਡੀਆਂ ਧੀਆਂ-ਭੈਣਾਂ ਨਾਲ ਗ਼ਲਤ ਹੋ ਰਿਹਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੇ ਕਿਹਾ ਕਿ ਦੇਸ਼ ਵਿਚ ਸਿਰਫ਼ 10 ਫ਼ੀ ਸਦੀ ਪੱਤਰਕਾਰ ਹੀ ਅਸਲੀਅਤ ਦਿਖਾ ਰਹੇ ਹਨ।  

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement