
ਕਾਲਾਪਾਣੀ ਦੀ ਸਜ਼ਾ ਪਾਉਣ ਵਾਲੇ ਉਹੀ ਲੋਕ ਭਾਰਤ ਰਤਨ ਦੇ ਹੱਕਦਾਰ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਮਾਫ਼ੀ ਨਹੀਂ ਮੰਗੀ : ਕਾਂਗਰਸ
ਮੁੰਬਈ : ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ਜੋ ਲੋਕ ਹਿੰਦੂਵਾਦੀ ਵਿਚਾਰਕ ਵੀ.ਡੀ. ਸਾਵਰਕਰ ਨੂੰ ਭਾਰਤ ਰਤਨ ਦਿਤੇ ਜਾਣ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਅੰਡੇਮਾਨ ਦੀ ਸੈਲੂਲਰ ਜੇਲ 'ਚ ਦੋ ਦਿਨ ਲੰਘਾਉਣ ਲਈ ਭੇਜਿਆ ਜਾਣਾ ਚਾਹੀਦਾ ਹੈ, ਜਿੱਥੇ ਇਸ ਆਜ਼ਾਦੀ ਘੁਲਾਟੀਏ ਨੂੰ ਕੈਦ ਦੌਰਾਨ ਰਖਿਆ ਗਿਆ ਸੀ।
File Photo
ਰਾਊਤ ਦੇ ਇਸ ਬਿਆਨ ਤੋਂ ਵਿਚਾਰਕ ਰੂਪ 'ਚ ਅਸਹਿਮਤ ਕਾਂਗਰਸ ਅਤੇ ਐਨ.ਸੀ.ਪੀ. ਨਾਲ ਮਹਾਰਾਸ਼ਟਰ ਦੀ ਸੱਤਾ 'ਚ ਹਿੱਸੇਦਾਰੀ ਕਰ ਰਹੀ ਉਨ੍ਹਾਂ ਦੀ ਪਾਰਟੀ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਕਾਂਗਰਸ ਸਾਵਰਕਰ ਨੂੰ ਦੇਸ਼ ਦਾ ਸਿਖਰਲਾ ਨਾਗਰਿਕ ਸਨਮਾਨ ਦਿਤੇ ਜਾਣ ਵਿਰੁਧ ਹੈ ਜਦਕਿ ਦੱਖਣਪੰਥੀ ਪਾਰਟੀਆਂ ਉਨ੍ਹਾਂ ਨੂੰ ਬੜੇ ਮਾਣ ਦੀ ਨਜ਼ਰ ਨਾਲ ਵੇਖਦੀਆਂ ਹਨ।
File Photo
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਸੰਬਰ, 2019 'ਚ 'ਭਾਰਤ 'ਚ ਬਲਾਤਕਾਰ' ਬਾਬਤ ਅਪਣੇ ਬਿਆਨ 'ਤੇ ਇਹ ਕਹਿੰਦਿਆਂ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿਤਾ ਸੀ ਕਿ 'ਮੇਰਾ ਨਾਂ ਰਾਹੁਲ ਗਾਂਧੀ ਹੈ, ਨਾ ਕਿ ਰਾਹੁਲ ਸਾਵਰਕਰ।' ਉਨ੍ਹਾਂ ਦੇ ਇਸ ਬਿਆਨ ਮਗਰੋਂ ਵਿਵਾਦ ਖੜਾ ਹੋ ਗਿਆ ਸੀ। ਰਾਊਤ ਦੇ ਅੱਜ ਵਾਲੇ ਬਿਆਨ 'ਤੇ ਪਲਟਵਾਰ ਕਰਦਿਆਂ ਕਾਂਗਰਸ ਨੇ ਕਿਹਾ ਕਿ ਹਿੰਦੂਤਵਾਦੀ ਵਿਚਾਰਧਰਾ ਦੇ ਹਮਾਇਤੀਆਂ ਨੂੰ ਤਤਕਾਲੀ ਅੰਡਮਾਨ ਜੇਲ ਦਾ ਦੌਰਾ ਕਰਨਾ ਚਾਹੀਦਾ ਹੈ ਤਾਕਿ ਉਹ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਸਮਝ ਸਕਣ ਜਿਨ੍ਹਾਂ ਨੇ ਕਦੇ ਅੰਗਰੇਜ਼ਾਂ ਤੋਂ ਮਾਫ਼ੀ ਨਹੀਂ ਮੰਗੀ।
File Photo
ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ, ''ਸਾਵਰਕਰਰ 1911 ਤੋਂ ਪਹਿਲਾਂ ਵੱਖ ਸਨ। ਕਾਂਗਰਸ 1923 ਤੋਂ ਬਾਅਦ ਵਾਲੀ ਸਾਵਰਕਰ ਦੀ ਵਿਚਾਰਧਾਰਾ ਤੋਂ ਵੱਖ ਹੈ। ਸਾਵਰਕਰ ਨੇ ਅੰਬੇਦਕਰ ਨੂੰ 'ਮਾਥੇਫਿਰੂ' ਅਤੇ ਬੁੱਧ ਨੂੰ 'ਦੇਸ਼ਧ੍ਰੋਹੀ' ਕਿਹਾ। ਉਨ੍ਹਾਂ ਛੱਤਰਪਤੀ ਸ਼ਿਵਾਜੀ ਦੇ ਚੰਗੇ ਕੰਮਾਂ ਦੀ ਵੀ ਆਲੋਚਨਾ ਕੀਤੀ।''ਜਦਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਰਾਊਤ ਦੇ ਬਿਆਨ ਮਗਰੋਂ ਕਿਹਾ ਕਿ ਸਾਵਰਕਰ ਸਿਰਫ਼ ਕੋਈ ਵਿਅਕਤੀ ਨਹੀਂ ਬਲਕਿ ਇਕ ਸੋਚ ਸਨ ਜਿਨ੍ਹਾਂ ਦੀ ਪ੍ਰਸੰਗਿਕਤਾ ਕਦੇ ਖ਼ਤਮ ਨਹੀਂ ਹੋਵੇਗੀ।