
ਦੋਹਰੇ ਕਤਲ ਮਾਮਲੇ ਵਿਚ ਵੀ ਮੁਲਜ਼ਮ ਹੈ ਹਰਿਆਣਾ ਵਾਸੀ ਸ਼ੂਟਰ ਦੀਪਕ
Chandigarh News: ਚੰਡੀਗੜ੍ਹ ਦੀ ਬੁੜੈਲ ਜੇਲ ਵਿਚ ਬੰਦ ਮੁਹਾਲੀ ਆਰਪੀਜੀ ਹਮਲੇ ਦੇ ਮੁੱਖ ਮੁਲਜ਼ਮ ਦੀਪਕ ਉਰਫ਼ ਰੰਗਾ ਕੋਲੋਂ ਪੁਲਿਸ ਨੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਆਰਪੀਜੀ ਹਮਲੇ ਤੋਂ ਇਲਾਵਾ ਦੀਪਕ ਸੈਕਟਰ 15 ਦੇ ਦੋਹਰੇ ਕਤਲ ਕਾਂਡ ਅਤੇ ਸੋਨੂੰ ਸ਼ਾਹ ਕਤਲ ਕਾਂਡ ਦਾ ਵੀ ਮੁੱਖ ਮੁਲਜ਼ਮ ਹੈ। ਉਸ ਦੇ ਵਿਰੁਧ ਸੈਕਟਰ-49 ਥਾਣੇ ਵਿਚ ਜੇਲ (ਪੰਜਾਬ ਸੋਧ) ਐਕਟ 2011 ਦੀ ਧਾਰਾ 52 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜੇਲ ਦੇ ਡਿਪਟੀ ਸੁਪਰਡੈਂਟ ਪ੍ਰਵੀਨ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਦੀਪਕ ਮੂਲ ਰੂਪ ਤੋਂ ਝੱਜਰ ਦੇ ਪਿੰਡ ਸੁਰਖਪੁਰ ਦਾ ਰਹਿਣ ਵਾਲਾ ਹੈ। ਜੇਲ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਉਸ ਕੋਲ ਮੋਬਾਈਲ ਫ਼ੋਨ ਹੋ ਸਕਦਾ ਹੈ। ਸ਼ੱਕ ਦੇ ਆਧਾਰ ’ਤੇ ਬੈਰਕ ਨੰਬਰ 9 ਵਿਚ ਬੰਦ ਦੀਪਕ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਲ ਦੇ ਅੰਦਰ ਉਸ ਨੂੰ ਮੋਬਾਈਲ ਫ਼ੋਨ ਕਿਵੇਂ ਮਿਲਿਆ ਅਤੇ ਜੇਲ ਦੇ ਅੰਦਰ ਬੈਠ ਕੇ ਉਸ ਨੇ ਕਿਸ ਨਾਲ ਗੱਲ ਕੀਤੀ।
ਮੁਲਜ਼ਮ ਦੀਪਕ ਉਰਫ਼ ਰੰਗਾ ਨੂੰ ਚੰਡੀਗੜ੍ਹ ਪੁਲਿਸ, ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀ ਦੇ ਨਿਰਦੇਸ਼ਾਂ 'ਤੇ ਉਸ ਨੇ ਰਾਜਨ, ਮਨਜੀਤ, ਸ਼ੁਭਮ, ਅਭਿਸ਼ੇਕ ਅਤੇ ਬੰਟੀ ਨਾਲ ਮਿਲ ਕੇ 28 ਸਤੰਬਰ 2019 ਨੂੰ ਬੂੜੇਲ ਵਾਸੀ ਸੋਨੂੰ ਸ਼ਾਹ ਦਾ ਕਤਲ ਕੀਤਾ ਸੀ। ਸੋਨੂੰ ਸ਼ਾਹ ਦੇ ਕਤਲ ਤੋਂ ਇਲਾਵਾ ਦੀਪਕ ਨੇ ਸਾਲ 2019 ਵਿਚ ਚੰਡੀਗੜ੍ਹ ਸੈਕਟਰ 15 ਵਿਚ ਕਾਲਜ ਦੇ ਦੋ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ।
(For more news apart from Phone recovered from jailed Mohali RPG attack accused, stay tuned to Rozana Spokesman)