
ਪੁੱਤ ਦਾ ਪਤਨੀ ਨਾਲ ਵਿਵਾਦ ਚੱਲਦਾ ਸੀ, ਸ਼ਰਾਬ ਪੀ ਕੇ ਕੁੱਟਦਾ ਸੀ ਮਾਂ ਨੂੰ
ਰਾਜਾਮੁੰਦਰੀ - ਆਪਣੇ ਹੀ ਪੁੱਤਰ ਨੂੰ ਮਰਵਾਉਣ ਲਈ 1.30 ਲੱਖ ਦੀ ਸੁਪਾਰੀ ਦੇਣ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਬਿਕਾਵੋਲ ਦੀ ਹੈ, ਹਾਲਾਂਕਿ ਵਿਅਕਤੀ ਹਮਲੇ 'ਚ ਬਚ ਗਿਆ। ਪੁਲਿਸ ਨੇ ਔਰਤ ਤੋਂ ਇਲਾਵਾ ਇਸ ਜੁਰਮ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਬਿਕਾਵੋਲ ਪੁਲਿਸ ਸਟੇਸ਼ਨ ਦੇ ਸਬ-ਇੰਸਪੈਕਟਰ ਬੁੱਜੀ ਬਾਬੂ ਨੇ ਕਿਹਾ ਕਿ ਕਾਕੀਨਾਡਾ ਜ਼ਿਲ੍ਹੇ ਦੇ ਕਰਪਾ ਮੰਡਲ ਦੀ ਰਹਿਣ ਵਾਲੀ ਮੁੱਖ ਦੋਸ਼ੀ ਕਨਕ ਦੁਰਗਾ ਨੇ ਆਪਣੇ ਬੇਟੇ ਵੀਰਾ ਵੈਂਕਟ ਸਿਵਾ ਪ੍ਰਸਾਦ ਨੂੰ ਮਰਵਾਉਣ ਲਈ ਇੱਕ 'ਕੰਟਰੈਕਟ ਕਿੱਲਰ' ਨਾਲ ਸੌਦਾ ਕੀਤਾ, ਕਿਉਂਕਿ ਉਹ ਆਪਣੇ ਪੁੱਤ ਤੋਂ ਤੰਗ ਆ ਗਈ ਸੀ।
ਸਿਵਾ ਪ੍ਰਸਾਦ ਵਿਆਹਿਆ ਹੋਇਆ ਹੈ ਅਤੇ ਡਰਾਈਵਰ ਵਜੋਂ ਕੰਮ ਕਰਦਾ ਹੈ। ਆਪਣੀ ਪਤਨੀ ਨਾਲ ਹੋਏ ਵਿਵਾਦ ਤੋਂ ਬਾਅਦ ਉਹ ਆਪਣੀ ਮਾਂ ਕੋਲ ਰਹਿ ਰਿਹਾ ਹੈ। ਨਿੱਤ ਦਾ ਸ਼ਰਾਬੀ ਸਿਵਾ ਸ਼ਰਾਬ ਪੀ ਕੇ ਘਰ ਆ ਕੇ ਆਪਣੀ ਮਾਂ ਨੂੰ ਕੁੱਟਦਾ ਸੀ। ਉਸ ਤੋਂ ਤੰਗ ਆ ਕੇ ਉਸ ਦੀ ਮਾਂ ਨੇ ਉਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਇਸ ਕੰਮ 'ਚ ਉਸ ਨੇ ਆਪਣੇ ਇੱਕ ਦੂਰ ਦੇ ਰਿਸ਼ਤੇਦਾਰ ਨੂੰ ਨਾਲ ਰਲਾਇਆ, ਜਿਸ ਦੀ ਪਛਾਣ ਯੇਦੁਕੋਂਡਾਲੂ ਵਜੋਂ ਕੀਤੀ ਗਈ ਸੀ।
ਯੇਦੁਕੋਂਦਾਲੂ ਨੇ ਵੀਰਾ ਵੈਂਕਟ ਸਤਿਆਨਾਰਾਇਣ ਨਾਂਅ ਦੇ ਇੱਕ ਵਿਅਕਤੀ ਨਾਲ ਗੱਲਬਾਤ ਕੀਤੀ, ਜਿਸ ਨੇ ਸਿਵਾ ਪ੍ਰਸਾਦ ਨੂੰ ਮਾਰਨ ਲਈ 1.50 ਲੱਖ ਦੀ ਮੰਗ ਕੀਤੀ। ਕਨਕ ਦੁਰਗਾ ਨੇ 1.30 ਲੱਖ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਸੱਤਿਆਨਾਰਾਇਣ ਅਤੇ ਇੱਕ ਹੋਰ ਵਿਅਕਤੀ, ਜਿਸ ਦੀ ਪਛਾਣ ਬੋਲੇਮ ਵਾਮਸੀਕ੍ਰਿਸ਼ਨ ਵਜੋਂ ਕੀਤੀ ਗਈ ਸੀ। ਉਸ ਨੇ ਬਿਕਾਵੋਲ ਦੇ ਬਾਹਰਵਾਰ ਸਿਵਾ ਪ੍ਰਸਾਦ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਸਿਵਾ ਪ੍ਰਸਾਦ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਅਤੇ ਉਸ ਨੂੰ ਮ੍ਰਿਤਕ ਸਮਝ ਕੇ ਛੱਡ ਦਿੱਤਾ। ਪਰ, ਉਹ ਤੜਫ਼ਦਾ ਹੋਇਆ ਇੱਕ ਰੇਲਵੇ ਗੈਂਗਮੈਨ ਦੀ ਨਜ਼ਰੀਂ ਪੈ ਗਿਆ, ਜੋ ਉਸ ਨੂੰ ਕਾਕੀਨਾਡਾ ਦੇ ਹਸਪਤਾਲ ਲੈ ਗਿਆ।
ਪੁਲਿਸ ਨੇ ਕਨਕ ਦੁਰਗਾ ਨੂੰ ਹਿਰਾਸਤ 'ਚ ਲਿਆ, ਅਤੇ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।