ਪ੍ਰਧਾਨ ਮੰਤਰੀ ਨੂੰ ਸਦਨ ਵਿਚ ਆ ਕੇ ਅਪਣਾ ਮੂੰਹ ਖੋਲ੍ਹਣਾ ਪਏਗਾ: ਡੇਰੇਕ ਓ ਬ੍ਰਾਇਨ
ਨਵੀਂ ਦਿੱਲੀ: ਮਣੀਪੁਰ ਵਿਚ ਕਰੀਬ ਦੋ ਮਹੀਨੇ ਤੋਂ ਜਾਰੀ ਜਾਤੀ ਹਿੰਸਾ 'ਤੇ ਮੁਲਤਵੀ ਮਤੇ ਤਹਿਤ ਚਰਚਾ ਦੀ ਮੰਗ ਨੂੰ ਲੈ ਕੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 2.08 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਸਵੇਰੇ 11 ਵਜੇ ਜਿਵੇਂ ਹੀ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਪਹਿਲਾਂ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਫਿਰ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ।
ਇਹ ਵੀ ਪੜ੍ਹੋ: ਉੱਝ ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ -ਕੁਲਦੀਪ ਧਾਲੀਵਾਲ
ਚੇਅਰਮੈਨ ਜਗਦੀਪ ਧਨਖੜ ਨੇ ਉਪਰਲੇ ਸਦਨ ਦੇ ਮੌਜੂਦਾ ਮੈਂਬਰ ਹਰਦੁਆਰ ਦੂਬੇ ਅਤੇ ਤਿੰਨ ਸਾਬਕਾ ਮੈਂਬਰਾਂ ਦਾਵਾ ਲਾਮਾ, ਊਸ਼ਾ ਮਲਹੋਤਰਾ ਅਤੇ ਐਸ. ਰਾਮਚੰਦਰ ਰੈਡੀ ਦੇ ਦੇਹਾਂਤ ਦਾ ਜ਼ਿਕਰ ਕੀਤਾ। ਇਸ ਉਪਰੰਤ ਮੈਂਬਰਾਂ ਨੇ ਵਿਛੜੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੁੱਝ ਪਲਾਂ ਲਈ ਮੌਨ ਰੱਖਿਆ। ਇਸ ਤੋਂ ਬਾਅਦ ਧਨਖੜ ਨੇ ਕਿਹਾ ਕਿ ਵਿਛੜੇ ਮੈਂਬਰਾਂ ਦੇ ਸਨਮਾਨ ਵਜੋਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ ਹੈ। ਦੁਪਹਿਰ 12 ਵਜੇ ਜਦੋਂ ਸਦਨ ਦੀ ਦੁਬਾਰਾ ਬੈਠਕ ਸ਼ੁਰੂ ਹੋਈ ਤਾਂ ਚੇਅਰਮੈਨ ਨੇ ਦਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ 'ਤੇ ਥੋੜ੍ਹੇ ਸਮੇਂ ਲਈ ਚਰਚਾ ਲਈ ਨਿਯਮ 176 ਦੇ ਤਹਿਤ 12 ਨੋਟਿਸ ਮਿਲੇ ਹਨ ਅਤੇ ਇਨ੍ਹਾਂ ਵਿਚੋਂ ਅੱਠ ਨੋਟਿਸ ਮਣੀਪੁਰ ਹਿੰਸਾ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਖਸਤਾ ਹਾਲਤ ਪਠਾਨਕੋਟ ਦੇ ਚੱਕੀ ਪੁਲ ਤੋਂ ਆਵਾਜਾਈ ਠੱਪ : ਹਿਮਾਚਲ ਜਾਣ ਲਈ ਰੂਟ ਬਦਲੇ
ਮਣੀਪੁਰ ਹਿੰਸਾ ’ਤੇ ਚਰਚਾ ਕਰਨ ਵਿਚ ਸਰਕਾਰ ਨੂੰ ਕੋਈ ਦਿੱਕਤ ਨਹੀਂ: ਪਿਊਸ਼ ਗੋਇਲ
ਇਸ ਦੌਰਾਨ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਮਣੀਪੁਰ ਹਿੰਸਾ ਦੇ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਨੋਟਿਸ ਨੂੰ ਸਵੀਕਾਰ ਕਰਨ ਵਿਚ ਕੋਈ ਦਿੱਕਤ ਨਹੀਂ ਹੈ। ਇਸ 'ਤੇ ਧਨਖੜ ਨੇ ਕਿਹਾ ਕਿ ਕਿਉਂਕਿ ਸਰਕਾਰ ਨੇ ਅੱਗੇ ਆ ਕੇ ਮਣੀਪੁਰ ਮੁੱਦੇ 'ਤੇ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ ਹੈ, ਇਸ ਲਈ ਗੱਲਬਾਤ ਹੋ ਸਕਦੀ ਹੈ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਇਸ ਦੌਰਾਨ ਹੰਗਾਮਾ ਸ਼ੁਰੂ ਕਰ ਦਿਤਾ ਅਤੇ ਨਿਯਮ 176 ਤਹਿਤ ਹੋ ਰਹੀ ਚਰਚਾ 'ਤੇ ਇਤਰਾਜ਼ ਜਤਾਇਆ। ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਮੈਂਬਰਾਂ ਨੇ ਇਸ ਮੁੱਦੇ 'ਤੇ ਚਰਚਾ ਕਰਨ ਲਈ ਨਿਯਮ 267 ਦੇ ਤਹਿਤ ਨੋਟਿਸ ਵੀ ਦਿਤੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਡਰੋਨ ਰਾਂਹੀ ਆਈ 12 ਕਰੋੜ ਦੀ ਹੈਰੋਇਨ, BSF ਨੇ 45 ਰਾਊਂਡ ਫਾਇਰ ਕਰ ਕੇ ਸੁੱਟਿਆ ਡਰੋਨ
ਸਦਨ ਵਿਚ ਆ ਕੇ ਬਿਆਨ ਦੇਣ ਪ੍ਰਧਾਨ ਮੰਤਰੀ: ਵਿਰੋਧੀ ਪਾਰਟੀਆਂ
ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੇ ਨਿਯਮ 267 ਦੇ ਤਹਿਤ ਨੋਟਿਸ ਦਿਤੇ ਹਨ, ਜਿਸ ਵਿਚ ਕਾਰੋਬਾਰ ਅਤੇ ਚਰਚਾ ਨੂੰ ਮੁਅੱਤਲ ਕਰਨ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੂੰ ਸਦਨ 'ਚ ਆ ਕੇ ਇਸ ਮੁੱਦੇ 'ਤੇ ਬਿਆਨ ਦੇਣਾ ਚਾਹੀਦਾ ਹੈ ਅਤੇ ਫਿਰ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਇਸ 'ਤੇ ਚੇਅਰਮੈਨ ਨੇ ਕਿਹਾ ਕਿ ਨਿਯਮ 267 ਤਹਿਤ ਪ੍ਰਾਪਤ ਨੋਟਿਸ ਏਜੰਡੇ ਦਾ ਅਗਲਾ ਵਿਸ਼ਾ ਹਨ। ਇਸ ਦੌਰਾਨ ਓ ਬ੍ਰਾਇਨ ਨੇ ਨਿਯਮ 267 ਦੇ ਤਹਿਤ ਮਣੀਪੁਰ ਮੁੱਦੇ 'ਤੇ ਚਰਚਾ ਦੀ ਮੰਗ 'ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨੂੰ ਸਦਨ ਵਿਚ ਆ ਕੇ ਅਪਣਾ ਮੂੰਹ ਖੋਲ੍ਹਣਾ ਪਏਗਾ… ਮਣੀਪੁਰ, ਮਣੀਪੁਰ, ਮਣੀਪੁਰ ਦੇਸ਼ ਦਾ ਪ੍ਰਧਾਨ ਮੰਤਰੀ ਕਿਥੇ ਹੈ... ਸਦਨ 'ਚ ਆ ਕੇ ਮਣੀਪੁਰ 'ਤੇ ਬੋਲਣ।''
ਇਹ ਵੀ ਪੜ੍ਹੋ: ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲ ’ਚ ਟਲੀ ਸੁਣਵਾਈ
ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਅਪਣੇ-ਅਪਣੇ ਸਥਾਨ 'ਤੇ ਖੜ੍ਹੇ ਹੋ ਗਏ ਅਤੇ ਹੰਗਾਮਾ ਸ਼ੁਰੂ ਕਰ ਦਿਤਾ। ਹੰਗਾਮੇ ਦੌਰਾਨ ਧਨਖੜ ਨੇ ਸਦਨ ਦੀ ਕਾਰਵਾਈ ਦੁਪਹਿਰ 2.12 ਵਜੇ ਤਕ ਲਈ ਮੁਲਤਵੀ ਕਰ ਦਿਤੀ। ਦੁਪਹਿਰ 2 ਵਜੇ ਜਦੋਂ ਮੀਟਿੰਗ ਮੁੜ ਸ਼ੁਰੂ ਹੋਈ ਤਾਂ ਚੇਅਰਮੈਨ ਧਨਖੜ ਨੇ ਜ਼ਰੂਰੀ ਦਸਤਾਵੇਜ਼ ਸਦਨ ਦੇ ਟੇਬਲ 'ਤੇ ਰੱਖੇ। ਇਸ ਦੌਰਾਨ ਵਿਰੋਧੀ ਧਿਰ ਦੇ ਕਈ ਮੈਂਬਰਾਂ ਨੇ ਮੁਲਤਵੀ ਮਤੇ ਤਹਿਤ ਮਣੀਪੁਰ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰਦਿਆਂ ਹੰਗਾਮਾ ਸ਼ੁਰੂ ਕਰ ਦਿਤਾ।ਹੰਗਾਮੇ ਦੇ ਵਿਚਕਾਰ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸਿਨੇਮੈਟੋਗ੍ਰਾਫ (ਸੋਧ) ਬਿੱਲ 2019 ਨੂੰ ਵਾਪਸ ਲੈਣ ਦਾ ਪ੍ਰਸਤਾਵ ਦਿਤਾ, ਜਿਸ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿਤਾ ਗਿਆ। ਠਾਕੁਰ ਨੇ ਫਿਰ ਸਿਨੇਮੈਟੋਗ੍ਰਾਫ (ਸੋਧ) ਬਿੱਲ, 2023 ਪੇਸ਼ ਕੀਤਾ।
ਇਹ ਵੀ ਪੜ੍ਹੋ: ਕੋਲੰਬੀਆ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕਾਂ ਦੀ ਹੋਈ ਦਰਦਨਾਕ ਮੌਤ
ਇਸ ਤੋਂ ਬਾਅਦ ਚੇਅਰਮੈਨ ਨੇ ਵਿਰੋਧੀ ਧਿਰ ਦੇ ਨੇਤਾ ਖੜਗੇ ਨੂੰ ਬੋਲਣ ਦੀ ਇਜਾਜ਼ਤ ਦਿਤੀ। ਖੜਗੇ ਨੇ ਕਿਹਾ, "ਮੈਨੂੰ ਨਿਯਮ 267 ਤਹਿਤ ਬੋਲਣ ਦਾ ਮੌਕਾ ਨਹੀਂ ਦਿਤਾ ਜਾ ਰਿਹਾ ਹੈ।" ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਨਿਯਮ 267 ਦੇ ਤਹਿਤ ਮਣੀਪੁਰ ਹਿੰਸਾ 'ਤੇ ਚਰਚਾ ਲਈ ਅਪਣਾ ਨੋਟਿਸ ਸਵੇਰੇ 9 ਵਜੇ ਸਕੱਤਰੇਤ ਨੂੰ ਭੇਜਿਆ ਸੀ ਤਾਂ ਜੋ ਬਾਅਦ 'ਚ ਇਹ ਨਾ ਕਿਹਾ ਜਾ ਸਕੇ ਕਿ ਉਨ੍ਹਾਂ ਦਾ ਨੋਟਿਸ ਸਮੇਂ 'ਤੇ ਪ੍ਰਾਪਤ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਉਨ੍ਹਾਂ ਨੂੰ ਨਿਯਮ 267 ਤਹਿਤ ਬੋਲਣ ਦਾ ਮੌਕਾ ਨਹੀਂ ਦਿਤਾ ਜਾ ਰਿਹਾ। ਖੜਗੇ ਨੇ ਕਿਹਾ, ''ਮਣੀਪੁਰ ਸੜ ਰਿਹਾ ਹੈ, ਔਰਤਾਂ ਨਾਲ ਬਲਾਤਕਾਰ ਹੋ ਰਿਹਾ ਹੈ, ਉਨ੍ਹਾਂ ਤੋਂ ਨਗਨ ਹਾਲਤ ਵਿਚ ਪਰੇਡ ਕਰਵਾਈ ਜਾ ਰਹੀ ਹੈ... ਅਤੇ ਪ੍ਰਧਾਨ ਮੰਤਰੀ ਚੁੱਪ ਬੈਠੇ ਹਨ। ਉਹ ਸਦਨ ਦੇ ਬਾਹਰ ਬਿਆਨ ਦੇ ਰਹੇ ਹਨ।'' ਇਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਮਣੀਪੁਰ ਮੁੱਦੇ 'ਤੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਕੀਤਾ। ਸਪੀਕਰ ਨੇ ਮੈਂਬਰਾਂ ਨੂੰ ਸਦਨ ਵਿਚ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਪਰ ਇਸ ਅਪੀਲ ਦਾ ਕੋਈ ਅਸਰ ਨਾ ਦੇਖਦਿਆਂ ਉਨ੍ਹਾਂ ਸ਼ੁਕਰਵਾਰ ਸਵੇਰੇ 11 ਵਜੇ ਤਕ ਕਾਰਵਾਈ ਮੁਲਤਵੀ ਕਰ ਦਿਤੀ।
                    
                