
ਚੌਟਾਲਾ ਦੀ ਸਜ਼ਾ ਨੂੰ ਲੈ ਕੇ 26 ਮਈ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਬਹਿਸ ਹੋਵੇਗੀ।
ਨਵੀਂ ਦਿੱਲੀ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਚੌਟਾਲਾ ਦੀ ਸਜ਼ਾ ਨੂੰ ਲੈ ਕੇ 26 ਮਈ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਬਹਿਸ ਹੋਵੇਗੀ। ਅਦਾਲਤ ਨੇ ਦੋ ਦਿਨ ਪਹਿਲਾਂ ਇਸ ਮਾਮਲੇ ਵਿਚ ਦੋਵਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ਨੀਵਾਰ ਨੂੰ ਅਦਾਲਤ 'ਚ ਸੁਣਵਾਈ ਹੋਈ, ਜਿਸ 'ਚ ਸਾਬਕਾ ਸੀਐੱਮ ਓਮ ਪ੍ਰਕਾਸ਼ ਚੌਟਾਲਾ ਵੀ ਮੌਜੂਦ ਸਨ।
ਅਦਾਲਤ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 86 ਸਾਲਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਹ ਜੇਬੀਟੀ ਭਰਤੀ ਘੁਟਾਲੇ ਵਿਚ ਪਿਛਲੇ ਸਾਲ 2 ਜੁਲਾਈ ਨੂੰ ਹੀ ਤਿਹਾੜ ਜੇਲ੍ਹ ਤੋਂ ਬਾਹਰ ਆਏ ਸੀ। ਹੁਣ ਉਹਨਾਂ ਨੂੰ ਦੁਬਾਰਾ ਜੇਲ੍ਹ ਜਾਣਾ ਪੈ ਸਕਦਾ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ ਉਹਨਾਂ ਦੇ ਸਮਰਥਕਾਂ 'ਚ ਨਿਰਾਸ਼ਾ ਹੈ।
ਦੱਸ ਦਈਏ ਕਿ ਸੀਬੀਆਈ ਨੇ 26 ਮਾਰਚ 2010 ਨੂੰ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਦੱਸਿਆ ਗਿਆ ਕਿ 1993 ਤੋਂ 2006 ਦਰਮਿਆਨ ਚੌਟਾਲਾ ਨੇ ਕਥਿਤ ਤੌਰ 'ਤੇ 6.09 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਸੀ, ਜੋ ਉਹਨਾਂ ਦੀ ਜਾਇਜ਼ ਆਮਦਨ ਤੋਂ ਬਹੁਤ ਜ਼ਿਆਦਾ ਸੀ। ਹਾਲਾਂਕਿ ਚੌਟਾਲਾ ਪਰਿਵਾਰ ਹਮੇਸ਼ਾ ਹੀ ਇਹਨਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਾ ਰਿਹਾ ਹੈ।
ਜਾਣਕਾਰੀ ਮੁਤਾਬਕ ਸਾਲ 2019 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ 3 ਕਰੋੜ 68 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਹਨਾਂ ਜਾਇਦਾਦਾਂ ਵਿਚ ਓਮ ਪ੍ਰਕਾਸ਼ ਚੌਟਾਲਾ ਦੀ ਮਲਕੀਅਤ ਵਾਲੇ ਫਲੈਟ, ਪਲਾਟ ਅਤੇ ਜ਼ਮੀਨ ਸ਼ਾਮਲ ਹਨ। ਜ਼ਬਤ ਕੀਤੀਆਂ ਜਾਇਦਾਦਾਂ ਨਵੀਂ ਦਿੱਲੀ, ਪੰਚਕੂਲਾ ਅਤੇ ਸਿਰਸਾ ਵਿਚ ਹਨ। ਇਹ ਕਾਰਵਾਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਤਹਿਤ ਦਰਜ ਐਫਆਈਆਰ ਦੇ ਸਬੰਧ ਵਿਚ ਕੀਤੀ ਗਈ ਸੀ।
ਦੱਸ ਦੇਈਏ ਕਿ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਨੂੰ ਜਨਵਰੀ 2013 ਵਿਚ ਜੇਬੀਟੀ ਘੁਟਾਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਨੈਲੋ ਸੁਪਰੀਮੋ ਨੂੰ ਪ੍ਰੀਵੈਂਸ਼ਨ ਆਫ ਕਰਪਸ਼ਨ ਵਿਚ ਸੱਤ ਸਾਲ ਅਤੇ ਦੋਸ਼ੀ ਪਾਏ ਜਾਣ 'ਤੇ ਸਾਜ਼ਿਸ਼ ਰਚਣ ਲਈ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਿਛਲੇ ਸਾਲ ਹੀ ਉਹ ਸਜ਼ਾ ਪੂਰੀ ਕਰਕੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਬਾਹਰ ਆਏ ਸੀ।