
ਸ਼ਿਵ ਸੈਨਾ ਨੇ ਤਿੰਨ ਤਲਾਕ ਦੇਣ 'ਤੇ ਰੋਕ ਲਾਉਣ ਲਈ ਕੇਂਦਰ ਦੇ ਆਰਡੀਨੈਂਸ ਲਿਆਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ..........
ਮੁੰਬਈ : ਸ਼ਿਵ ਸੈਨਾ ਨੇ ਤਿੰਨ ਤਲਾਕ ਦੇਣ 'ਤੇ ਰੋਕ ਲਾਉਣ ਲਈ ਕੇਂਦਰ ਦੇ ਆਰਡੀਨੈਂਸ ਲਿਆਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਸਰਕਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਵੀ ਇਹੋ ਰਾਹ ਅਪਣਾਉਣ ਲਈ ਕਿਹਾ ਹੈ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਹਿੰਦੂਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰਖਦਿਆਂ ਉਨ੍ਹਾਂ ਨਾਲ ਕੀਤੇ ਗਏ ਘੱਟੋ-ਘੱਟ ਇਕ ਵਾਅਦੇ ਨੂੰ ਪੂਰਾ ਕਰਨ ਲਈ ਕਦਮ ਚੁਕਣੇ ਚਾਹੀਦੇ ਹਨ।
ਸ਼ਿਵ ਸੈਨਾ ਨੇ ਕਿਹਾ, 'ਸਰਕਾਰ ਨੇ ਇਕ ਵਾਰ ਵਿਚ ਤਿੰਨ ਤਲਾਕ ਦੇਣ ਨੂੰ ਅਪਰਾਧ ਬਣਾ ਕੇ ਮੁਸਲਿਮ ਔਰਤਾਂ ਦੇ ਜੀਵਨ ਵਿਚ ਆਜ਼ਾਦੀ ਦੀ ਸਵੇਰ ਨਿਸ਼ਚਿਤ ਕੀਤੀ ਹੈ। ਹੁਣ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦਾ ਸ਼ੰਖਨਾਦ ਕਰ ਕੇ ਵੇਖਣਾ ਚਾਹੀਦਾ ਹੈ। ਇਸ ਲਈ ਕੇਂਦਰ ਸਰਕਾਰ ਆਰਡੀਨੈਂਸ ਜਾਰੀ ਕਰੇ। ਕੇਂਦਰ ਅਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਨੇ ਕਿਹਾ, 'ਰਾਮ ਮੰਦਰ 'ਤੇ ਆਰਡੀਨੈਂਸ ਲਿਆਉਣ ਅਤੇ ਹਿੰਦੂਆਂ ਨਾਲ ਕੀਤਾ ਗਿਆ ਘੱਟੋ-ਘੱਟ ਇਕ ਵਾਅਦਾ ਪੂਰਾ ਕਰੋ।'