
ਕੇਂਦਰ ਅਤੇ ਮਹਾਰਾਸ਼ਟਰ ਵਿਚ ਸੱਤਾਧਿਰ ਐਨਡੀਏ ਦੀ ਭਾਈਵਾਲ ਸ਼ਿਵ ਸੈਨਾ ਨੇ ਮਹਾਰਾਸ਼ਟਰ ਪੁਲਿਸ ਦੇ ਇਸ ਦਾਅਵੇ ਨੂੰ 'ਮੂਰਖਤਾਪੂਰਨ' ਦਸਿਆ...........
ਮੁੰਬਈ : ਕੇਂਦਰ ਅਤੇ ਮਹਾਰਾਸ਼ਟਰ ਵਿਚ ਸੱਤਾਧਿਰ ਐਨਡੀਏ ਦੀ ਭਾਈਵਾਲ ਸ਼ਿਵ ਸੈਨਾ ਨੇ ਮਹਾਰਾਸ਼ਟਰ ਪੁਲਿਸ ਦੇ ਇਸ ਦਾਅਵੇ ਨੂੰ 'ਮੂਰਖਤਾਪੂਰਨ' ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਖੱਬੇਪੱਖੀ ਕਾਰਕੁਨ ਮੋਦੀ ਸਰਕਾਰ ਨੂੰ ਡੇਗਣ ਦੀ ਕਥਿਤ ਮਾਉਵਾਦੀ ਸਾਜ਼ਸ਼ ਵਿਚ ਸ਼ਾਮਲ ਸਨ। ਸ਼ਿਵ ਸੈਨਾ ਨੇ ਮੋਦੀ ਦੀ ਸੁਰੱਖਿਆ ਨਾਲ ਜੁੜੇ ਮਾਮਲੇ 'ਤੇ ਵੀ ਸਵਾਲੀਆ ਨਿਸ਼ਾਨ ਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਮਜ਼ਬੂਤ ਹੈ ਅਤੇ ਇਸ ਸਬੰਧ ਵਿਚ ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਵਿਚ ਛਪੀ ਸੰਪਾਦਕੀ ਵਿਚ ਕਿਹਾ ਗਿਆ, 'ਸਰਕਾਰ ਨੂੰ ਇਹ ਕਹਿਣਾ ਬੰਦ ਕਰਨਾ ਚਾਹੀਦਾ ਹੈ ਕਿ ਇਹ ਕਥਿਤ ਮਾਉਵਾਦੀ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਪਲਟ ਸਕਦੇ ਹਨ। ਇਹ ਮੂਰਖਤਾਪੂਰਨ ਬਿਆਨ ਹੈ।' ਮਰਾਠੀ ਅਖ਼ਬਾਰ ਵਿਚ ਕਿਹਾ ਗਿਆ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇਸ਼ ਦੀ ਜਨਤਾ ਨੇ ਹਟਾਈ ਸੀ ਨਾਕਿ ਮਾਉਵਾਦੀਆਂ ਜਾਂ ਨਕਸਲੀਆਂ ਨੇ। ਅੱਜ ਸਰਕਾਰਾਂ ਜਮਹੂਰੀ ਤਰੀਕੇ ਨਾਲ ਹੀ ਹਟਾਈਆਂ ਜਾ ਸਕਦੀਆਂ ਹਨ।'
ਸ਼ਿਵ ਸੈਨਾ ਨੇ ਕਿਹਾ ਕਿ ਪੁਲਿਸ ਨੂੰ ਅਜਿਹੇ ਦਾਅਵੇ ਕਰਦੇ ਸਮੇਂ ਸੰਜਮ ਵਰਤਣਾ ਚਾਹੀਦਾ ਹੈ। ਪਾਰਟੀ ਨੇ ਕਿਹਾ ਕਿ ਜੇ ਮਾਉਵਾਦੀਆਂ ਅੰਦਰ ਸਰਕਾਰਾਂ ਪਲਟਣ ਦੀ ਸਮਰੱਥਾ ਹੁੰਦੀ ਤਾਂ ਉਹ ਪਛਮੀ ਬੰਗਾਲ, ਤ੍ਰਿਪੁਰਾ, ਮਣੀਪੁਰ ਵਿਚ ਅਪਣਾ ਕੰਟਰੋਲ ਨਹੀਂ ਗਵਾਉਂਦੇ। ਸ਼ਿਵ ਸੈਨਾ ਨੇ ਕਿਹਾ ਕਿ ਪੁਲਿਸ ਨੂੰ ਜੀਭ 'ਤੇ ਲਗਾਮ ਲਾ ਕੇ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਮੋਦੀ ਅਤੇ ਭਾਜਪਾ ਦਾ ਇਕ ਵਾਰ ਫਿਰ ਮਜ਼ਾਕ ਬਣੇਗਾ। (ਏਜੰਸੀ)