
ਸ਼ਿਵ ਸੈਨਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦਾ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਗਲਵਕੜੀ ਪਾਉਣਾ ਬੇਸ਼ਰਮੀ.............
ਮੁੰਬਈ : ਸ਼ਿਵ ਸੈਨਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦਾ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਗਲਵਕੜੀ ਪਾਉਣਾ ਬੇਸ਼ਰਮੀ ਦੀ ਹੱਦ ਹੈ। ਸ਼ਿਵ ਸੈਨਾ ਨੇ ਕਿਹਾ ਕਿ ਸਿੱਧੂ ਦੀ ਇਹ ਹਰਕਤ ਬੇਸ਼ਰਮੀ ਦੀ ਹੱਦ ਸੀ ਜਦ ਉਨ੍ਹਾਂ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਜੱਫੀ ਪਾਈ। ਪਾਰਟੀ ਦੇ ਅਖ਼ਬਾਰ ਸਾਮਨਾ ਦੀ ਸੰਪਾਦਕੀ ਵਿਚ ਲਿਖਿਆ ਗਿਆ, 'ਸਿੱਧੂ ਦੀ ਪਾਕਿਸਤਾਨ ਫੇਰੀ ਕਾਂਗਰਸ ਦਾ ਮਸਲਾ ਨਹੀਂ ਸਗੋਂ ਭਾਰਤ ਦੀ ਸੁਰੱਖਿਆ ਦਾ ਮਸਲਾ ਹੈ।' ਪਾਰਟੀ ਨੇ ਭਾਜਪਾ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਹਿਲਾਂ ਮੋਦੀ ਨੇ ਵੇਲੇ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਜੱਫੀ ਪਾਈ ਸੀ ਤੇ ਤਦ ਕਿਹਾ ਗਿਆ ਸੀ
ਕਿ ਇਹ ਪ੍ਰਧਾਨ ਮੰਤਰੀ ਦਾ ਮਾਸਟਰਸਟਰੋਕ ਹੈ, ਫਿਰ ਹੁਣ ਭਾਜਪਾ ਵਾਲੇ ਸਿੱਧੂ ਦੀ ਆਲੋਚਨਾ ਕਿਵੇਂ ਕਰ ਸਕਦੇ ਹਨ? ਕਿਹਾ ਗਿਆ ਕਿ ਸਿੱਧੂ ਹੁਣ ਕਾਂਗਰਸ ਵਿਚ ਹੈ ਪਰ ਉਹ ਲੰਮਾ ਸਮਾਂ ਭਾਜਪਾ ਨਾਲ ਜੁੜਿਆ ਰਿਹਾ ਹੈ, ਸੋ ਸੰਸਕਾਰ ਤਾਂ ਉਸ ਨੇ ਭਾਜਪਾ ਕੋਲੋਂ ਹੀ ਲਈ ਹੈ। ਸੰਪਾਦਕੀ ਵਿਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਮਜ਼ਬੂਤ ਕਦਮ ਚੁੱਕਣ ਲਈ ਜਾਣਿਆ ਜਾਂਦਾ ਹੈ ਅਤੇ ਉਹ ਪਾਕਿਸਤਾਨ ਜਾਣ ਦੇ ਚਾਹਵਾਨਾਂ ਨੂੰ ਰੋਕਣ ਲਈ ਪਾਬੰਦੀ ਲਾ ਸਕਦੇ ਸਨ।
ਸ਼ਿਵ ਸੈਨਾ ਨੇ ਕਿਹਾ ਕਿ ਜੇ ਸਿੱਧੂ ਨੂੰ ਪਾਕਿਸਤਾਨ ਨਾਲ ਏਨਾ ਹੀ ਪਿਆਰ ਹੈ ਤਾਂ ਉਸ ਨੂੰ ਉਥੋਂ ਚੋਣ ਲੜ ਲੈਣੀ ਚਾਹੀਦੀ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਉਸ ਨੂੰ ਪਹਿਲਾਂ ਹੀ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਕੋਲੋਂ ਉਥੋਂ ਚੋਣ ਲੜਨ ਦੀ ਪੇਸ਼ਕਸ਼ ਮਿਲ ਚੁੱਕੀ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤ ਦੀ ਸਿਰਦਰਦੀ ਵਧਣ ਵਾਲੀ ਹੈ। (ਪੀਟੀਆਈ)