
ਭਾਜਪਾ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਸੀਟਾਂ ਦੀ ਵੰਡ ਨੂੰ ਆਖ਼ਰੀ ਰੂਪ ਦੇ ਦਿਤਾ ਹੈ.........
ਨਵੀਂ ਦਿੱਲੀ : ਭਾਜਪਾ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਨੇ ਲੋਕ ਸਭਾ ਚੋਣਾਂ ਲਈ ਬਿਹਾਰ ਵਿਚ ਸੀਟਾਂ ਦੀ ਵੰਡ ਨੂੰ ਆਖ਼ਰੀ ਰੂਪ ਦੇ ਦਿਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਬਿਹਾਰ ਵਿਚ ਭਾਜਪਾ ਅਤੇ ਜੇਡੀਯੂ 17-17 ਅਤੇ ਐਲਜੇਪੀ ਛੇ ਸੀਟਾਂ 'ਤੇ ਚੋਣਾਂ ਲੜੇਗੀ। ਸ਼ਾਹ ਨੇ ਇਥੇ ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਪ੍ਰਧਾਨ ਨਿਤੀਸ਼ ਕੁਮਾਰ ਅਤੇ ਐਲਜੇਪੀ ਪ੍ਰ੍ਰਧਾਨ ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਮੌਜੂਦਗੀ ਵਿਚ ਇਹ ਐਲਾਨ ਕੀਤਾ। ਬਿਹਾਰ ਵਿਚ ਕੁਲ 40 ਸੀਟਾਂ 'ਤੇ ਚੋਣਾਂ ਲੜੀਆਂ ਜਾਣਗੀਆਂ।
ਨਿਤੀਸ਼ ਕੁਮਾਰ ਅਤੇ ਪਾਸਵਾਨ ਨਾਲ ਸੰਖੇਪ ਬੈਠਕ ਮਗਰੋਂ ਸ਼ਾਹ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਜਿੰਨਾ ਛੇਤੀ ਹੋ ਸਕੇ, ਪਾਸਵਾਨ ਨੂੰ ਰਾਜ ਸਪਾ ਭੇਜਿਆ ਜਾਵੇਗਾ। ਸ਼ਾਹ ਨੇ ਕਿਹਾ ਕਿ ਸੱਤਾਧਿਰ ਕੌਮੀ ਜਮਹੂਰੀ ਗਠਜੋੜ ਪਿਛਲੀ ਵਾਰ ਤੋਂ ਜ਼ਿਆਦਾ ਯਾਨੀ 31 ਤੋਂ ਜ਼ਿਆਦਾ ਸੀਟਾਂ 'ਤੇ ਜਿੱਤ ਹਾਸਲ ਕਰੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗਠਜੋੜ 2019 ਵਿਚ ਫਿਰ ਸੱਤਾ ਵਿਚ ਆਵੇਗਾ। ਬਿਹਾਰ ਵਿਚ ਲੋਕ ਸਭਾ ਦੀਆਂ ਕੁਲ 40 ਸੀਟਾਂ ਹਨ।
ਇਸ ਸਮਝੌਤੇ ਨਾਲ ਐਲਜੇਪੀ ਨੂੰ ਫ਼ਾਇਦਾ ਪੁੱਜਾ ਹੈ। ਪਾਰਟੀ ਨੂੰ ਘੱਟ ਸੀਟਾਂ ਮਿਲਣ ਦੇ ਕਿਆਸੇ ਲਾਏ ਜਾ ਰਹੇ ਸਨ ਪਰ ਗਠਜੋੜ ਤੋਂ ਉਪੇਂਦਰ ਕੁਸ਼ਵਾਹ ਦੀ ਅਗਵਾਈ ਵਾਲੀ ਰਾਲੋਸਪਾ ਦੇ ਨਿਕਲਣ ਮਗਰੋਂ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਐਲਜੇਪੀ ਅਪਣੇ ਤੇਵਰ ਤਿੱਖੇ ਕਰਦੇ ਹੋਏ ਭਾਜਪਾ ਨਾਲ ਬਿਹਤਰ ਸੌਦਾ ਕਰਨ ਵਿਚ ਕਾਮਯਾਬ ਰਹੀ। (ਏਜੰਸੀ
ਨਿਤੀਸ਼ ਕੁਮਾਰ ਵੀ ਭਗਵਾਂ ਪਾਰਟੀ ਨੂੰ ਅਪਣੀ ਅਹਿਮੀਅਤ ਸਮਝਾਉਣ ਵਿਚ ਕਾਮਯਾਬ ਰਹੇ ਜਿਸ ਦਾ ਨਤੀਜਾ ਇਹ ਹੋਇਆ ਕਿ ਬਿਹਾਰ ਵਿਚ ਹੁਣ ਉਨ੍ਹਾਂ ਨੂੰ ਭਾਜਪਾ ਬਰਾਬਰ ਖੜਾ ਹੋਣ ਦਾ ਮੌਕਾ ਮਿਲ ਗਿਆ। ਉਨ੍ਹਾਂ ਦੀ ਝੋਲੀ ਵਿਚੋਂ ਕੁੱਝ ਉਹ ਸੀਟਾਂ ਵੀ ਆਈ ਗਈਆਂ ਹਨ ਜਿਨ੍ਹਾਂ 'ਤੇ 2014 ਵਿਚ ਭਾਜਪਾ ਨੇ ਜਿੱਤ ਦਰਜ ਕੀਤੀ ਸੀ। ਭਾਜਪਾ ਨੂੰ ਹੁਣ ਜਿੱਤੀਆਂ ਹੋਈਆਂ ਅਪਣੀਆਂ 22 ਸੀਟਾਂ ਵਿਚੋਂ ਘੱਟੋ ਘੱਟ ਪੰਜ ਸੀਟਾਂ ਨੂੰ ਜੇਡੀਯੂ ਲਈ ਛਡਣਾ ਪਵੇਗਾ। (ਏਜੰਸੀ)