
ਉਤਰ ਪ੍ਰਦੇਸ਼ ਦੇ ਦਾਦਰੀ ਵਿਚ ਅਖ਼ਲਾਕ ਹੱਤਿਆ ਕਾਂਡ ਵਿਚ ਜ਼ਮਾਨਤ 'ਤੇ ਬਾਹਰ ਦੋ ਮੁਲਜ਼ਮਾਂ ਨੇ ਪੀੜਤ ਪਰਵਾਰ ਨੂੰ ਮਾਮਲਾ ਵਾਪਸ ਲੈਣ ਦੀ...
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਦਾਦਰੀ ਵਿਚ ਅਖ਼ਲਾਕ ਹੱਤਿਆ ਕਾਂਡ ਵਿਚ ਜ਼ਮਾਨਤ 'ਤੇ ਬਾਹਰ ਦੋ ਮੁਲਜ਼ਮਾਂ ਨੇ ਪੀੜਤ ਪਰਵਾਰ ਨੂੰ ਮਾਮਲਾ ਵਾਪਸ ਲੈਣ ਦੀ ਧਮਕੀ ਦਿਤੀ ਹੈ। ਬਿਸਾਹੜਾ ਪਿੰਡ ਵਿਚ 2015 ਸਤੰਬਰ ਮਹੀਨੇ ਵਿਚ ਹੋਹੀ ਇਸ ਘਟਨਾ ਵਿਚ ਭੀੜ ਨੇ ਕਥਿਤ ਤੌਰ 'ਤੇ ਗਊ ਮਾਸ ਰੱਖਣ ਦੇ ਚਲਦੇ 52 ਸਾਲਾ ਅਖ਼ਲਾਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਸੀ। ਮਾਮਲੇ ਵਿਚ ਢਾਈ ਸਾਲ ਬੀਤ ਚੁਕੇ ਹਨ ਅਤੇ ਅਜੇ ਵੀ ਪਰਵਾਰ ਇਨਸਾਫ਼ ਦਾ ਇੰਤਜ਼ਾਰ ਕਰ ਰਿਹਾ ਹੈ।
ਇਕ ਰਿਪੋਰਟ ਅਨੁਸਾਰ 18 ਮੁਲਜ਼ਮਾਂ ਵਿਚੋਂ ਜ਼ਮਾਨਤ 'ਤੇ ਬਾਹਰ ਆਏ ਦੋ ਮੁਲਜ਼ਮਾਂ ਨੇ ਪਰਵਾਰ ਨਾਲ ਸੰਪਰਕ ਕਰ ਕੇ ਮਾਮਲੇ ਵਾਪਸ ਲੈਣ ਲਈ ਕਿਹਾ ਕਿ ਨਾ ਲੈਣ 'ਤੇ ਅੰਜ਼ਾਮ ਭੁਗਤਣ ਦੀ ਧਮਕੀ ਵੀ ਦਿਤੀ।
akhlaq family
ਅਖ਼ਲਾਕ ਦੇ ਭਰਾ ਜਾਨ ਮੁਹੰਮਦ ਨੇ ਦਸਿਆ ਕਿ ਬਿਸਾਹੜਾ ਪਿੰਡ ਦੇ ਕਈ ਲੋਕ ਕਈ ਵਾਰ ਮੁਲਜ਼ਮਾਂ ਵਲੋਂ ਮਾਮਲਾ ਵਾਪਸ ਲੈਣ ਦੀ ਗੱਲ ਕਰ ਚੁੱਕੇ ਹਨ ਪਰ ਇਹ ਪਹਿਲੀ ਵਾਰ ਸੀ ਕਿ ਮੁਲਜ਼ਮਾਂ ਨੇ ਸਿੱਧਾ ਸੰਪਰਕ ਕਰ ਕੇ ਮਾਮਲਾ ਵਾਪਸ ਲੈਣ ਦੀ ਧਮਕੀ ਦਿਤੀ। ਉਨ੍ਹਾਂ ਦਸਿਆ ਕਿ ਇਕ ਮਹੀਨਾ ਪਹਿਲਾਂ ਵਿਵੇਕ ਅਤੇ ਗੌਰਮ ਨਾਮ ਦੇ ਦੋ ਮੁਲਜ਼ਮ ਅਪਣੇ ਪਰਵਾਰ ਦੇ ਨਾਲ ਮੇਰੇ ਘਰ ਆਏ ਅਤੇ ਮਾਮਲਾ ਵਾਪਸ ਲੈਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਮੇਰੇ ਅਤੇ ਅਖ਼ਲਾਕ ਦੇ ਪਰਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਦੋਂ ਜਾਨ ਮੁਹੰਮਦ ਨੇ ਮੁਲਜ਼ਮਾਂ ਨੂੰ ਕਿਹਾ ਕਿ ਮਾਮਲੇ ਦਾ ਫ਼ੈਸਲਾ ਅਦਾਲਤ ਤੈਅ ਕਰੇਗੀ। ਇਸ ਤੋਂ ਇਲਾਵਾ ਉਹ ਅਪਣੇ ਪਰਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
akhlaq doughter
ਦਸ ਦਈਏ ਕਿ ਅਖ਼ਲਾਕ ਦਾ ਵੱਡਾ ਬੇਟਾ ਸਰਤਾਜ ਭਾਰਤੀ ਹਵਾਈ ਫ਼ੌਜ ਵਿਚ ਕੰਮ ਕਰਦਾ ਹੈ ਅਤੇ ਆਈਏਐਫ ਨੇ ਉਸ ਦੇ ਪਰਵਾਰ ਨੂੰ ਦਿੱਲੀ ਦੇ ਕੈਂਟੋਨਮੈਂਟ ਇਲਾਕੇ ਵਿਚ ਘਰ ਦਿਤਾ ਹੋਇਆ ਹੈ। ਸਿਰਫ਼ ਜਾਨ ਮੁਹੰਮਦ ਬਿਸਾਹੜਾ ਪਿੰਡ ਵਿਚ ਰਹਿ ਰਹੇ ਹਨ, ਇਸ ਲਈ ਉਨ੍ਹਾਂ ਨਾਲ ਵਾਰ-ਵਾਰ ਸੰਪਰਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੁਲਜ਼ਮ ਵਿਵੇਕ ਦੇ ਪਿਤਾ ਓਮ ਕੁਮਾਰ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦਾ ਬੇਟਾ ਜਾਨ ਮੁਹੰਮਦ ਦੇ ਘਰ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਅਤੇ ਕੁੱਝ ਲੋਕ ਜਾਨ ਮੁਹੰਮਦ ਦੇ ਘਰ ਗਏ ਸਨ ਅਤੇ ਦੋਹਾਂ ਵਲੋਂ ਮਾਮਲਾ ਵਾਪਸ ਲੈਣ ਦੀ ਪੇਸ਼ ਕੀਤੀ ਗਈ। ਉਨ੍ਹਾਂ ਦੇ ਪਰਵਾਰ ਨੇ ਪੇਸ਼ਕਸ਼ ਨੂੰ ਠੁਕਰਾ ਦਿਤਾ। ਮੈਨੂੰ ਪਤਾ ਨਹੀਂ ਇਸ ਤੋਂ ਇਲਾਵਾ ਉਥੇ ਕੀ ਗੱਲਬਾਤ ਹੋਈ।
akhlaq family
ਉਥੇ ਹੀ ਗੌਤਮਬੁੱਧ ਨਗਰ ਦੇ ਪੁਪਲਸ ਮੁਖੀ ਅਜੈਪਾਲ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜ਼ਰੂਰੀ ਕਾਰਵਾਈ ਕਰਨਗੇ ਤਾਕਿ ਨਿਰਪੱਖ ਜਾਂਚ ਹੋ ਸਕੇ। ਜਾਨ ਮੁਹੰਮਦ ਦੇ ਵਕੀਲ ਯੂਸਫ਼ ਸੈਫ਼ੀ ਦਾ ਕਹਿਣਾ ਹੈ ਕਿ ਹੁਣ ਕਾਨੂੰਨੀ ਤੌਰ 'ਤੇ ਮਾਮਲਾ ਵਾਪਸ ਨਹੀਂ ਲਿਆ ਜਾ ਸਕਦਾ। ਇਸ ਨੂੰ ਸਿਰਫ਼ ਹਲਕਾ ਜਾਂ ਕਮਜ਼ੋਰ ਕੀਤਾ ਜਾ ਸਕਦਾ ਹੈ। ਮਾਮਲਾ ਕਮਜ਼ੋਰ ਕਰਨ ਲਈ ਮੁੱਖ ਗਵਾਹਾਂ ਦੇ ਬਿਆਨਾਂ ਨੂੰ ਕਮਜ਼ੋਰ ਕਰਨਾ ਹੋਵੇਗਾ। ਇਸ ਮਾਮਲੇ ਵਿਚ ਮੁੱਖ ਗਵਾਹ ਅਖ਼ਲਾਕ ਦਾ ਬੇਟਾ ਦਾਨਿਸ਼, ਪਤਨੀ ਇਕਰਮ ਅਤੇ ਬੇਟੀ ਸਾਜਿਦਾ ਹਨ।