
ਆਰਐਸਐਸ ਦੇ ਆਗੂ ਨੇ ਕਿਹਾ ਹੈ ਕਿ ਜੇ ਗਊ ਮਾਸ ਖਾਣਾ ਛੱਡ ਦਿਤਾ ਜਾਵੇ ਤਾਂ ਜ਼ਿਆਦਾਤਰ ਅਪਰਾਧ (ਸ਼ੈਤਾਨ) ਰੁਕ ਸਕਦੇ ਹਨ। ਹਿੰਦੂ ਜਾਗਰਨ ਮੰਚ ਵਲੋਂ ਕਰਵਾਏ ਗਏ.............
ਰਾਂਚੀ : ਆਰਐਸਐਸ ਦੇ ਆਗੂ ਨੇ ਕਿਹਾ ਹੈ ਕਿ ਜੇ ਗਊ ਮਾਸ ਖਾਣਾ ਛੱਡ ਦਿਤਾ ਜਾਵੇ ਤਾਂ ਜ਼ਿਆਦਾਤਰ ਅਪਰਾਧ (ਸ਼ੈਤਾਨ) ਰੁਕ ਸਕਦੇ ਹਨ। ਹਿੰਦੂ ਜਾਗਰਨ ਮੰਚ ਵਲੋਂ ਕਰਵਾਏ ਗਏ ਸਮਾਗਮ ਵਿਚ ਹਿੱਸਾ ਲੈਂਦਿਆਂ ਇੰਦਰੇਸ਼ ਕੁਮਾਰ ਨੇ ਕਿਹਾ ਕਿ ਕੋਈ ਵੀ ਧਰਮ ਗਊ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੰਦਾ। ਹਾਲ ਹੀ ਵਿਚ ਸਮਾਜਕ ਕਾਰਕੁਨ ਸਵਾਮੀ ਅਗਨੀਵੇਸ਼ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਦਰੇਸ਼ ਕੁਮਾਰ ਨੇ ਕਿਹਾ ਕਿ ਕਿਸੇ ਨੂੰ ਵੀ ਦੂਜਿਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੋਈ ਅਧਿਕਾਰ ਨਹੀਂ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਭਾਜਪਾ ਨਾਲ ਜੁੜੇ ਮੈਂਬਰਾਂ ਨੇ ਝਾਰਖੰਡ ਦੇ ਪਾਕੁਰ ਇਲਾਕੇ ਵਿਚ ਅਗਨੀਵੇਸ਼ ਦੀ ਕੁੱਟਮਾਰ ਕੀਤੀ ਸੀ।
ਕੁੱਟਮਾਰ ਕਰਨ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਅਗਨੀਵੇਸ਼ ਹਿੰਦੂਆਂ ਵਿਰੁਧ ਬੋਲ ਰਿਹਾ ਹੈ। ਇੰਦਰੇਸ਼ ਨੇ ਕਿਹਾ ਕਿ ਕਿਸੇ ਵੀ ਕੁੱਟਮਾਰ ਕਰਨਾ ਗ਼ਲਤ ਹੈ ਪਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਦੇ ਨਾਂ 'ਤੇ ਕਿਸੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਵਾਲਿਆਂ ਵਿਰੁਧ ਸਖ਼ਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਭੀੜ ਵਲੋਂ ਕੀਤੇ ਜਾ ਰਹੇ ਕਤਲ ਦੇ ਮੁੱਦੇ ਬਾਰੇ ਇੰਦਰੇਸ਼ ਕੁਮਾਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਿੰਦਣਯੋਗ ਹਨ। (ਪੀ.ਟੀ.ਆਈ.)