
'ਦੂਜਾ ਵਿਆਹ ਕਰਵਾਉਣ ਵਾਲੇ ਹਿੰਦੂਆਂ 'ਤੇ ਵੀ ਹੋਵੇਗੀ ਕਾਰਵਾਈ'
ਲਖਨਊ : ਤਲਾਕਸ਼ੁਦਾ ਔਰਤਾਂ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੱਡਾ ਐਲਾਨ ਕੀਤਾ ਹੈ। ਸੂਬੇ ਦੀਆਂ ਸਾਰੀਆਂ ਔਰਤਾਂ ਭਾਵੇਂ ਹਿੰਦੂ ਜਾਂ ਮੁਸਲਮਾਨ, ਨੂੰ ਸੂਬਾ ਸਰਕਾਰ 6000 ਰੁਪਏ ਪ੍ਰਤੀ ਸਾਲ ਮਤਲਬ 500 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਮਦਦ ਦੇਵੇਗੀ। ਬੁਧਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਿੰਨ ਤਲਾਕ ਪੀੜਤ ਔਰਤਾਂ ਨਾਲ ਮੁਲਾਕਾਤ ਕੀਤੀ।
Yogi Adityanath
ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸਰਕਾਰ ਅਜਿਹੇ ਹਿੰਦੂ ਪਤੀਆਂ ਨੂੰ ਵੀ ਸਜ਼ਾ ਦਿਵਾਉਣ ਲਈ ਕਾਨੂੰਨ ਬਣਾਏਗੀ, ਜੋ ਇਕ ਵਿਆਹ ਕਰਵਾ ਕੇ ਦੂਜੀ ਔਰਤ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਤਲਾਕਸ਼ੁਦਾ ਔਰਤਾਂ ਨੂੰ ਪੀਐਮ ਆਵਾਸ ਜਾਂ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸਰਕਾਰੀ ਮਕਾਨ ਦਿੱਤੇ ਜਾਣਗੇ। ਇਨ੍ਹਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੇ ਮੁਕੱਦਮੇ ਦੀ ਪੈਰਵੀ ਮੁਫ਼ਤੀ ਕਰਵਾਈ ਜਾਵੇਗੀ।
Talaq
ਯੋਗੀ ਨੇ ਕਿਹਾ, "ਉੱਤਰ ਪ੍ਰਦੇਸ਼ 'ਚ ਪਿਛਲੇ ਇਕ ਸਾਲ ਵਿਚ 273 ਟ੍ਰਿਪਲ ਤਲਾਕ ਦੇ ਮਾਮਲੇ ਸਾਹਮਣੇ ਆਏ ਸਨ। ਸਾਰੇ 273 ਮਾਮਲਿਆਂ 'ਚ ਐਫਆਈਆਰ ਦਰਜ ਕੀਤੀ ਗਈ। ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧਨਵਾਦ ਕਰਦਾ ਹਾਂ, ਜਿਨ੍ਹਾਂ ਨੇ ਤਿੰਨ ਤਲਾਕ ਵਿਰੁਧ ਕਾਰਵਾਈ ਕੀਤੀ। ਗੱਡੀ ਦਾ ਇਕ ਪਹੀਆ ਮਰਦ ਹੈ ਤਾਂ ਦੂਜਾ ਪਹੀਆ ਔਰਤ। ਇਸ ਲਈ ਮਰਦ ਦੇ ਵਿਕਾਸ ਦੇ ਨਾਲ-ਨਾਲ ਔਰਤਾਂ ਦਾ ਵਿਕਾਸ ਵੀ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਬਰਾਬਰ ਜਿਊਣ ਦਾ ਅਧਿਕਾਰ ਹੈ।"
Yogi Govt will provide rupees 6000 yearly to divorce victims
ਯੋਗੀ ਨੇ ਕਿਹਾ, "ਤਿੰਨ ਤਲਾਕ ਨਾਲ ਪੀੜਤ ਅਤੇ ਅਜਿਹੀਆਂ ਔਰਤਾਂ ਜਿਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ, ਉਨ੍ਹਾਂ ਲਈ ਇਕ ਨਵੀਂ ਯੋਜਨਾ ਲਿਆਈ ਜਾਣੀ ਚਾਹੀਦੀ ਹੈ। ਇਨ੍ਹਾਂ ਔਰਤਾਂ ਨੂੰ ਜਦੋਂ ਤਕ ਇਨਸਾਫ਼ ਨਹੀਂ ਮਿਲ ਜਾਂਦਾ, ਉਦੋਂ ਤਕ ਸਰਕਾਰ ਵੱਲੋਂ ਸਾਲਾਨਾ 6000 ਰੁਪਏ ਦਿੱਤੇ ਜਾਣਗੇ। ਤਲਾਕਸ਼ੁਦਾ ਔਰਤਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਤੋੜਨਾ ਬਹੁਤ ਆਸਾਨ ਹੈ, ਜੋੜਨਾ ਬਹੁਤ ਮੁਸ਼ਕਲ ਹੈ।"