
ਕੇਂਦਰੀ ਸੜਕ ਅਤੇ ਰਾਜ ਮਾਰਗ ਮੰਤਰਾਲਾ ਨੇ ਕੀਤਾ ਸਾਵਧਾਨ
ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਕਾਨੂੰਨ ਲਾਗੂ ਹੋਣ ਤੋਂ ਬਾਅਦ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ 'ਤੇ ਭਾਰੀ ਜੁਰਮਾਨੇ ਵਸੂਲੇ ਜਾ ਰਹੇ ਹਨ। ਇਸ ਦੌਰਾਨ ਇਹ ਵੀ ਅਫ਼ਵਾਹ ਫ਼ੈਲਾਈ ਜਾ ਰਹੀ ਹੈ ਕਿ ਅੱਧੀ ਬਾਂਹ ਦੀ ਸ਼ਰਟ ਜਾਂ ਲੁੰਗੀ-ਬਨਿਆਨ ਪਹਿਨ ਕੇ ਗੱਡੀ ਚਲਾਉਣ 'ਤੇ ਚਲਾਨ ਕੱਟੇ ਜਾ ਰਹੇ ਹਨ। ਇਸ 'ਤੇ ਕੇਂਦਰੀ ਸੜਕ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਬਾਰੇ ਕਿਹਾ ਹੈ।
Nitin Gadkari
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਟਵੀਟ ਕੀਤਾ ਹੈ, "ਅਫ਼ਵਾਹਾਂ ਤੋਂ ਸਾਵਧਾਨ...! ਨਵੇਂ ਮੋਟਰ ਵਹੀਕਲ ਐਕਟ 'ਚ ਅੱਧੀ ਬਾਂਹ ਦੀ ਸ਼ਰਟ ਜਾਂ ਲੁੰਗੀ-ਬਨਿਆਨ ਪਾ ਕੇ ਗੱਡੀ ਚਲਾਉਣ 'ਤੇ ਚਲਾਨ ਕੱਟਣ ਦਾ ਕੋਈ ਕਾਨੂੰਨ ਨਹੀਂ ਹੈ। ਗੱਡੀ 'ਚ ਐਕਸਟਰਾ ਬੱਲਬ, ਗੱਡੀ ਦਾ ਸ਼ੀਸ਼ਾ ਗੰਦਾ ਹੋਣ 'ਤੇ ਵੀ ਕਿਸੇ ਦਾ ਚਲਾਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜਿਹੜੇ ਲੋਕ ਚੱਪਲਾਂ ਪਾ ਕੇ ਮੋਟਰਸਾਈਕਲ, ਸਕੂਟਰ, ਸਕੂਟੀ ਜਾਂ ਗੱਡੀ ਆਦਿ ਚਲਾਉਂਦੇ ਹਨ, ਉਨ੍ਹਾਂ ਦਾ ਵੀ ਚਲਾਨ ਕੀਤੇ ਜਾਣ ਦਾ ਕੋਈ ਕਾਨੂੰਨ ਨਹੀਂ ਹੈ।"
Union minister Nitin Gadkari tweet
ਜ਼ਿਕਰਯੋਗ ਹੈ ਕਿ ਨਵਾਂ ਮੋਟਰ ਵਹੀਕਲ ਐਕਟ 1 ਸਤੰਬਰ ਤੋਂ ਲਾਗੂ ਹੋਇਆ ਹੈ। ਇਸ ਦੇ ਤਹਿਤ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨੇ ਵਸੂਲੇ ਜਾ ਰਹੇ ਹਨ। ਪਹਿਲਾਂ ਦੇ ਮੁਕਾਬਲੇ ਨਵੇਂ ਮੋਟਰ ਵਹੀਕਲ ਐਕਟ 'ਚ ਚਲਾਨ ਦੀ ਰਕਮ 10 ਗੁਣਾ ਤਕ ਵਧਾ ਦਿੱਤੀ ਗਈ ਹੈ। ਇਸ ਕਾਰਨ ਕਾਫ਼ੀ ਵਿਵਾਦ ਹੋ ਰਿਹਾ ਹੈ। ਕਈ ਵਾਰ ਚਲਾਨ ਦੀ ਰਕਮ ਇੰਨੀ ਜ਼ਿਆਦਾ ਹੁੰਦੀ ਹੈ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਹਾਲ ਹੀ 'ਚ ਉੜੀਸਾ ਦੇ ਸੰਬਲਪੁਲ 'ਚ ਇਕ ਟਰੱਕ ਦਾ 6.53 ਲੱਖ ਰੁਪਏ ਦਾ ਚਲਾਨ ਕੱਟਿਆ ਗਿਆ ਸੀ। ਇਹ ਟਰੱਕ ਨਾਗਾਲੈਂਡ ਦਾ ਹੈ। ਟਰੱਕ ਦੇ ਮਾਲਕ ਨੇ ਜੁਲਾਈ 2014 ਤੋਂ ਸਤੰਬਰ 2019 ਤਕ ਟੈਕਸ ਦਾ ਭੁਗਤਾਨ ਨਹੀਂ ਕੀਤਾ ਸੀ। ਇਸ ਟਰੱਕ ਦਾ ਪਰਮਿਟ, ਪੋਲਿਊਸ਼ਨ ਸਰਟੀਫ਼ਿਕੇਟ ਅਤੇ ਇੰਸ਼ੋਰੈਂਸ ਵੀ ਨਹੀਂ ਸੀ।