
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਇਕ ਸਾਲ ਵਿਚ ਵਿਦੇਸ਼ ਯਾਤਰਾਵਾਂ ਦੌਰਾਨ 12.57 ਲੱਖ ਰੁਪਏ ਦੇ 168 ਤੋਹਫ਼ੇ ਮਿਲੇ ਹਨ.............
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਇਕ ਸਾਲ ਵਿਚ ਵਿਦੇਸ਼ ਯਾਤਰਾਵਾਂ ਦੌਰਾਨ 12.57 ਲੱਖ ਰੁਪਏ ਦੇ 168 ਤੋਹਫ਼ੇ ਮਿਲੇ ਹਨ। ਇਨ੍ਹਾਂ ਮਹਿੰਗੇ ਤੋਹਫ਼ਿਆਂ ਵਿਚ ਫ਼ਾਊਨਟੈਨ ਪੈਨ, ਘੜੀਆਂ, ਚੀਨੀ ਮਿੱਟੀ ਦੇ ਭਾਂਡੇ, ਟੀ ਸੈੱਟ, ਮੰਦਰ ਦਾ ਮਾਡਲ, ਗਣੇਸ਼ ਦੀ ਮੂਰਤੀ, ਪੇਂਟਿੰਗ, ਕਾਲੀਨ, ਬੁਲੇਟ ਟਰੇਨ ਦਾ ਮਾਡਲ, ਫ਼ੋਟੋਗ੍ਰਾਫ਼, ਪੁਸਤਕਾਂ ਆਦਿ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਤੋਸ਼ਖ਼ਾਨਾ ਵਿਭਾਗ ਦੇ ਵੇਰਵੇ ਮੁਤਾਬਕ ਜੁਲਾਈ 2017 ਤੋਂ ਜੂਨ 2018 ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ ਯਾਤਰਾਵਾਂ ਦੌਰਾਨ 68 ਤੋਹਫ਼ੇ ਮਿਲੇ।
ਇਸ ਅਰਸੇ ਵਿਚ ਪ੍ਰਧਾਨ ਮੰਤਰੀ ਨੇ ਇਜ਼ਰਾਈਲ, ਜਰਮਨੀ, ਚੀਨ, ਜਾਰਡਨ, ਫ਼ਲਸਤੀਨ, ਯੂਏਈ, ਰੂਸ, ਓਮਾਨ, ਸਵੀਡਨ, ਬ੍ਰਿਟੇਨ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ ਸਮੇਤ 20 ਦੇਸ਼ਾਂ ਦੀ ਯਾਤਰਾ ਕੀਤੀ। ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਵਿਚ ਸੱਭ ਤੋਂ ਕੀਮਤੀ ਤੋਹਫ਼ਾ ਰਾਇਲ ਸੈਲੰਗਰ ਲਿਮਟਿਡ ਐਡੀਸ਼ਨ ਚਾਂਦੀ ਦੀ ਤਖ਼ਤੀ ਹੈ ਜਿਸ ਦੀ ਕੀਮਤ 2,15,000 ਰੁਪਏ ਦੱਸੀ ਗਈ ਹੈ। ਮੋਦੀ ਨੂੰ ਮਿਲੇ ਤੋਹਫ਼ਿਆਂ ਵਿਚ ਮੋ ਬਲੌ ਦੀ ਗੁੱਟ ਘੜੀ ਵਿਚ ਸ਼ਾਮਲ ਹੈ। ਇਸ ਦੀ ਕੀਮਤ 1,10,000 ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੌਟ ਬਲੈਂਕ ਦੀ ਜੋੜੀ ਕਲਮ ਵੀ ਮਿਲੀ ਹੈ ਜਿਸ ਦੀ ਕੀਮਤ 1,25,000 ਰੁਪਏ ਸੀ।
ਵਿਦੇਸ਼ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੂੰ ਮਸਜਿਦ ਦਾ ਮਾਡਲ ਵੀ ਮਿਲਿਆ ਜਿਸ ਦੀ ਕੀਮਤ 50 ਹਜ਼ਾਰ ਰੁਪਏ ਦੱਸੀ ਗਈ ਹੈ। ਮੋਦੀ ਨੂੰ ਵਿਦੇਸ਼ ਯਾਤਰਾ ਦੌਰਾਨ ਖੰਜਰ ਵੀ ਮਿਲਿਆ ਹੇ ਜਿਸ ਦੀ ਕੀਮਤ 20 ਹਜ਼ਾਰ ਰੁਪਏ ਸੀ। ਦੋ ਵਾਰ ਮਿਆਨ ਸਮੇਤ ਤਲਵਾਰ ਤੋਹਫ਼ੇ ਵਿਚ ਮਿਲੀ। ਪਿਛਲੇ ਇਕ ਸਾਲ ਵਿਚ ਉਨ੍ਹਾਂ ਨੂੰ ਮਹਾਭਾਰਤ ਦਾ ਮਾਡਲ, ਯੋਗ ਮੈਟ, ਚਾਂਦੀ ਦੀ ਕੌਲੀ, ਮੁਕਤੀਨਾਥ ਮੰਦਰ ਦਾ ਮਾਡਲ, ਏਸ਼ੀਆਈ ਖੇਡ 2018 ਦੀ ਸ਼ੂਰੂਆਤ ਨਾਲ ਜੁੜਿਆ ਖਿਡੌਣਾ, ਲਕੜੀ ਦਾ ਸ੍ਰੀਲੰਕਾਈ ਹਾਥੀ, ਸ਼ਾਲ, ਕੰਬਲ, ਮਫਲਰ, ਕੋਟੀ ਜਿਹੇ ਤੋਹਫ਼ੇ ਮਿਲੇ। (ਏਜੰਸੀ)
ਨਿਯਮਾਂ ਮੁਤਾਬਕ ਜਦ ਕਿਸੇ ਭਾਰਤੀ ਵਫ਼ਦ ਦੇ ਕਿਸੇ ਮੈਂਬਰ ਨੂੰ ਦਾਨ ਜਾਂ ਭੇਂਟ ਰਾਹੀਂ ਵਿਦੇਸ਼ੀ ਚੀਜ਼ ਮਿਲਦੀ ਹੈ ਤਾਂ ਉਸ ਨੂੰ ਅਜਿਹੀ ਚੀਜ਼ ਤਿੰਨ ਦਿਨਾਂ ਦੌਰਾਨ ਸਬੰਧਤ ਮੰਤਰਾਲੇ ਜਾਂ ਵਿਭਾਗ ਨੂੰ ਦੇਣੀ ਪੈਂਦੀ ਹੈ। ਜੇ ਅਜਿਹੀ ਚੀਜ਼ ਦਾ ਅਨੁਮਾਨਤ ਮੁਲ ਪੰਜ ਹਜ਼ਾਰ ਰੁਪਏ ਤੋਂ ਜ਼ਿਆਦਾ ਹੈ ਤਾਂ ਅਜਿਹੇ ਦਾਨ ਜਾਂ ਭੇਂਟ ਨੂੰ ਬਾਜ਼ਾਰ ਮੁਲ ਦੇ ਨਿਰਧਾਰਣ ਲਈ ਵਿਦੇਸ਼ ਮੰਤਰਾਲੇ ਦੇ ਤੋਸ਼ਖ਼ਾਨੇ ਵਿਚ ਭੇਜਿਆ ਜਾਂਦਾ ਹੈ। ਜੇ ਪੰਜ ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਇਹ ਸਬੰਧਤ ਵਿਅਕਤੀ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ। ਜੇ ਮੁਲ ਜ਼ਿਆਦਾ ਹੈ ਤਾਂ ਤੋਸ਼ਖ਼ਾਨੇ ਵਿਚ ਜਮ੍ਹਾਂ ਕਰ ਲਿਆ ਜਾਂਦਾ ਹੈ। (ਏਜੰਸੀ)