
ਕਾਂਗਰਸ ਨੇ ਤਿਲੰਗਾਨਾ ਵਿਧਾਨ ਸਭਾ ਦੇ ਨਵੇਂ ਚੁਣੇ ਹੋਏ ਮੈਬਰਾਂ ਨੂੰ ਹੁਣ ਤੱਕ ਸਹੁੰ ਨਾ ਚੁਕਾਈ ਜਾਣ ਨੂੰ ਲੈ ਕੇ ਕੇ. ਚੰਦਰਸ਼ੇਖਰ ਰਾਵ...
ਹੈਦਰਾਬਾਦ (ਭਾਸ਼ਾ) : ਕਾਂਗਰਸ ਨੇ ਤਿਲੰਗਾਨਾ ਵਿਧਾਨ ਸਭਾ ਦੇ ਨਵੇਂ ਚੁਣੇ ਹੋਏ ਮੈਬਰਾਂ ਨੂੰ ਹੁਣ ਤੱਕ ਸਹੁੰ ਨਾ ਚੁਕਾਈ ਜਾਣ ਨੂੰ ਲੈ ਕੇ ਕੇ. ਚੰਦਰਸ਼ੇਖਰ ਰਾਵ ਦੀ ਅਗਵਾਹੀ ਵਾਲੀ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ। ਤਿਲੰਗਾਨਾ ਮਾਮਲਿਆਂ ਦੇ ਕਾਂਗਰਸ ਪ੍ਰਧਾਨ ਆਰ. ਸੀ. ਖੂੰਟੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਦੇਸ਼ ਦੇ ਇਤਿਹਾਸ ਵਿਚ ਕੀ ਅਜਿਹਾ ਕੋਈ ਸੂਬਾ ਭਾਲ ਸਕਦੇ ਹਾਂ ਜਿੱਥੇ ਨਤੀਜਾ ਐਲਾਨ ਹੋਣ ਤੋਂ 18 ਦਿਨ ਬਾਅਦ ਵੀ ਵਿਧਾਇਕਾਂ ਨੇ ਸਹੁੰ ਨਾ ਚੁੱਕੀ ਹੋਵੇ।’’
ਉਨ੍ਹਾਂ ਨੇ ਕਿਹਾ, ‘‘ਇਸ ਉਤੇ ਦੇਸ਼ ਦਾ ਧਿਆਨ ਜਾਣਾ ਚਾਹੀਦਾ ਹੈ ਕਿ ਨਤੀਜਾ ਆਏ ਨੂੰ 18 ਦਿਨ ਹੋ ਚੁੱਕੇ ਹਨ ਪਰ ਵਿਧਾਇਕਾਂ ਨੇ ਸਹੁੰ ਨਹੀਂ ਚੁੱਕੀ ਹੈ। ਮੰਤਰੀ ਮੰਡਲ ਦਾ ਗਠਨ ਨਹੀਂ ਹੋਇਆ ਹੈ। ਇਹ ਸਭ ਕੀ ਹੈ, 18 ਦਿਨਾਂ ਤੋਂ ਬਾਅਦ ਵੀ ਕਿਸੇ ਨੇ ਸਹੁੰ ਨਹੀਂ ਚੁੱਕੀ ਹੈ।’’ ਪ੍ਰਦੇਸ਼ ਦੀ 119 ਮੈਂਬਰੀ ਵਿਧਾਨ ਸਭਾ ਲਈ ਸੱਤ ਦਸੰਬਰ ਨੂੰ ਮਤਦਾਨ ਹੋਇਆ ਸੀ ਅਤੇ 11 ਦਸੰਬਰ ਨੂੰ ਮਤ ਗਣਨਾ ਹੋਈ ਸੀ।
ਚੋਣ ਵਿਚ 88 ਸੀਟਾਂ ਜਿੱਤ ਕੇ ਟੀਆਰਐਸ ਨੇ ਵਾਪਸੀ ਕੀਤੀ। ਮੁੱਖ ਵਿਰੋਧੀ ਕਾਂਗਰਸ ਨੂੰ ਸਿਰਫ਼ 19 ਸੀਟਾਂ ਨਾਲ ਸੰਤੋਸ਼ ਕਰਨਾ ਪਿਆ। ਰਾਵ ਨੇ 13 ਦਸੰਬਰ ਨੂੰ ਸਹੁੰ ਚੁੱਕੀ ਸੀ। ਵਿਧਾਨ ਪਰਿਸ਼ਦ ਦੇ ਮੈਂਬਰ ਮੁਹੰਮਦ ਮਹਿਮੂਦ ਅਲੀ ਹੀ ਇਕ ਮਾਤਰ ਮੰਤਰੀ ਹਨ ਜਿਨ੍ਹਾਂ ਨੇ ਸਹੁੰ ਚੁੱਕੀ ਸੀ। ਉਨ੍ਹਾਂ ਨੂੰ ਗ੍ਰਹਿ ਵਿਭਾਗ ਦਾ ਚਾਰਜ ਦਿਤਾ ਗਿਆ। ਮੰਤਰੀ ਮੰਡਲ ਦਾ ਅਜੇ ਤੱਕ ਵਿਸਥਾਰ ਨਹੀਂ ਹੋਇਆ ਹੈ। ਟੀਆਰਐਸ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਮੰਤਰੀਆਂ ਨੂੰ ਸ਼ਾਮਿਲ ਕਰ ਸਕਦੇ ਹਨ।