
ਰਾਜਸਥਾਨ ਪੁਲਿਸ ਸੁਪਰਡੈਂਟ ਦਫ਼ਤਰਾਂ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ ਕਾਉਂਸਲਿੰਗ ਸੈੱਲ
ਜੈਪੁਰ - ਰਾਜਸਥਾਨ ਪੁਲਿਸ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਗੈਂਗਸਟਰਾਂ ਨੂੰ ਫੌਲੋ ਕਰਨ ਵਾਲੇ ਨੌਜਵਾਨਾਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ ਦੇ ਉਦੇਸ਼ ਨਾਲ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟ ਦਫ਼ਤਰਾਂ ਵਿੱਚ ਕਾਉਂਸਲਿੰਗ ਸੈੱਲ ਸਥਾਪਿਤ ਕਰ ਰਹੀ ਹੈ।
ਰਾਜ ਦੇ ਪੁਲਿਸ ਮਹਾਨਿਦੇਸ਼ਕ ਉਮੇਸ਼ ਮਿਸ਼ਰਾ ਨੇ ਇਸ ਸੰਬੰਧੀ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਕੁਰਾਹੇ ਪਏ ਨੌਜਵਾਨਾਂ ਦੀ ਕਾਊਂਸਲਿੰਗ ਲਈ ਸਾਰੇ ਜ਼ਿਲ੍ਹਿਆਂ ਵਿੱਚ ਐਸ.ਪੀ. ਦਫ਼ਤਰਾਂ ਵਿੱਚ ਕਾਊਂਸਲਿੰਗ ਸੈੱਲ ਬਣਾਏ ਜਾ ਰਹੇ ਹਨ। ਇਹ ਸੈੱਲ ਸੋਸ਼ਲ ਮੀਡੀਆ ਸੈੱਲ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਆਧਾਰ 'ਤੇ ਕਾਊਂਸਲਿੰਗ ਲਈ ਨੌਜਵਾਨਾਂ ਦੀ ਚੋਣ ਕਰੇਗਾ।
ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸੋਸ਼ਲ ਮੀਡੀਆ ਸੈੱਲਾਂ ਵੱਲੋਂ ਸੋਸ਼ਲ ਮੀਡੀਆ ਸਾਈਟਾਂ 'ਤੇ ਸਰਗਰਮ ਅਪਰਾਧੀਆਂ ਵਿਰੁੱਧ ਲੋੜੀਂਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਊਂਸਲਿੰਗ ਸੈੱਲ ਜ਼ਿਲ੍ਹਿਆਂ ਵਿੱਚ ਸਰਗਰਮ ਅਪਰਾਧੀਆਂ ਅਤੇ ਗੈਂਗਸਟਰਾਂ ਤੋਂ ਪ੍ਰਭਾਵਿਤ ਹੋ ਕੇ ਸੋਸ਼ਲ ਮੀਡੀਆ ’ਤੇ ਫਾਲੋਅਰ ਬਣਨ ਵਾਲੇ ਨੌਜਵਾਨਾਂ ਨੂੰ ਅਜਿਹੇ ਅਪਰਾਧੀਆਂ ਤੋਂ ਦੂਰ ਰੱਖਣ, ਸੋਸ਼ਲ ਮੀਡੀਆ ਸਾਈਟਾਂ ’ਤੇ ਨਜ਼ਰ ਰੱਖਣ ਅਤੇ ਕੁਰਾਹੇ ਪਏ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ ਲਈ ਸਥਾਪਿਤ ਕੀਤੇ ਜਾ ਰਹੇ ਹਨ।
ਡੀ.ਜੀ.ਪੀ. ਨੇ ਇੱਕ ਬਿਆਨ ਵਿੱਚ ਕਿਹਾ ਕਿ ਐਡੀਸ਼ਨਲ ਸੁਪਰਡੈਂਟ ਆਫ਼ ਪੁਲਿਸ ਹੈੱਡਕੁਆਰਟਰ ਕਾਉਂਸਲਿੰਗ ਸੈੱਲ ਵਿੱਚ ਨੋਡਲ ਅਧਿਕਾਰੀ ਹੋਣਗੇ। ਜ਼ਿਲ੍ਹੇ ਵਿੱਚ ਤਾਇਨਾਤ ਸੀਨੀਅਰ ਮਹਿਲਾ ਪੁਲੀਸ ਅਧਿਕਾਰੀ, ਸੋਸ਼ਲ ਮੀਡੀਆ ਸੈੱਲ ਦੇ ਇੰਚਾਰਜ ਅਤੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਮਨੋਰੋਗ ਡਾਕਟਰ, ਮਨੋਵਿਗਿਆਨੀ ਜਾਂ ਸੀਨੀਅਰ ਮੈਡੀਕਲ ਕਰਮਚਾਰੀ ਇਸ ਦੇ ਮੈਂਬਰ ਹੋਣਗੇ। ਕਾਉਂਸਲਿੰਗ ਸੈੱਲ ਦੇ ਕੰਮ ਦੀ ਨਿਗਰਾਨੀ ਅਪਰਾਧ ਸ਼ਾਖਾ ਵੱਲੋਂ ਕੀਤੀ ਜਾਵੇਗੀ।
ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਅਪਰਾਧ) ਡਾ. ਰਵੀ ਪ੍ਰਕਾਸ਼ ਮੇਹਰਡਾ ਨੇ ਕਿਹਾ, "ਵੱਡੇ ਅਤੇ ਛੋਟੇ ਗੈਂਗਸਟਰ ਆਪਣੇ ਆਪ ਨੂੰ ਰੌਬਿਨਹੁੱਡ ਦੱਸਦੇ ਹੋਏ ਸੋਸ਼ਲ ਮੀਡੀਆ 'ਤੇ ਫੋਟੋ-ਵੀਡੀਓ ਸ਼ੇਅਰ ਕਰਦੇ ਹਨ। ਕੁਝ ਨੌਜਵਾਨ ਉਨ੍ਹਾਂ ਦੇ ਅਕਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਫੌਲੋ ਕਰਦੇ ਹਨ ਅਤੇ ਹੌਲੀ-ਹੌਲੀ ਅਪਰਾਧ ਦੀ ਦੁਨੀਆ ਵੱਲ੍ਹ ਵਧਦੇ ਚਲੇ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਬਦਮਾਸ਼ਾਂ ਦੀ ਵਡਿਆਈ ਪੁਲਿਸ ਲਈ ਚੁਣੌਤੀ ਬਣ ਗਈ ਹੈ। ਇਸ ਲਈ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਸਾਈਬਰ ਸੈੱਲ ਅਤੇ ਸੋਸ਼ਲ ਮੀਡੀਆ ਸੈੱਲ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰੀ ਹੋ ਗਿਆ ਹੈ।"
ਏ.ਡੀ.ਜੀ. ਡਾ. ਮੇਹਰਡਾ ਨੇ ਕਿਹਾ ਕਿ ਅਪਰਾਧਿਕ ਪ੍ਰਵਿਰਤੀ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੌਲੋ ਕਰਦੇ ਨੌਜਵਾਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ 1 ਜਨਵਰੀ ਤੋਂ ਅਪ੍ਰੈਲ 2023 ਤੱਕ ਚਾਰ ਮਹੀਨਿਆਂ ਦੀ ਰਾਜ ਪੱਧਰੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।