
ਮਿਲਾਵਟੀ ਦੇਸੀ ਘਿਓ ਬਣਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਸਟੇਟ ਫੂਡ ਸੇਫਟੀ ਲੈਬੋਰਟਰੀ ਖਰੜ ਵਿਖੇ...
ਚੰਡੀਗੜ੍ਹ : ਮਿਲਾਵਟੀ ਦੇਸੀ ਘਿਓ ਬਣਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਸਟੇਟ ਫੂਡ ਸੇਫਟੀ ਲੈਬੋਰਟਰੀ ਖਰੜ ਵਿਖੇ 10 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ ਆਧੁਨਿਕ ਉਪਕਰਨ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਖੁਰਾਕ ਸੁਰੱਖਿਆ ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂ ਨੇ ਦਿਤੀ। ਉਨ੍ਹਾਂ ਕਿਹਾ ਕਿ ਫੂਡ ਐਂਡ ਡਰੱਗ ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਜੂਨ 2018 ਵਿਚ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਤੋਂ ਹੀ ਮਿਲਾਵਟੀ ਭੋਜਨ ਪਦਾਰਥ ਬਣਾਉਣ ਵਾਲਿਆਂ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।
ਉਹ ਰੋਜ਼ਾਨਾ ਵੱਡੇ ਪੱਧਰ 'ਤੇ ਭੋਜਨ ਪਦਾਰਥਾਂ ਦੀ ਜਾਂਚ ਕਰ ਰਹੇ ਹਨ। ਜਬਤ ਕੀਤੇ ਨਮੂਨਿਆਂ ਦੀ ਖਰੜ ਵਿਖੇ ਸਟੇਟ ਲੈਬ ਵਿਚ ਜਾਂਚ ਕੀਤੀ ਜਾਂਦੀ ਹੈ ਅਤੇ ਮਿਲਾਵਟੀਖੋਰਾਂ ਖਿਲਾਫ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ। ਹਾਲਾਂਕਿ, ਨਵੀਨਤਮ ਮਸ਼ੀਨਰੀ ਦੀ ਅਣਹੋਂਦ ਕਾਰਨ, ਦੇਸੀ ਘਿਓ ਦੀ ਮਿਲਾਵਟ ਨੂੰ ਸਫਲਤਾਪੂਰਵਕ ਰੋਕਿਆ ਨਹੀਂ ਜਾ ਸਕਿਆ। ਚਲਾਕ ਮਿਲਾਵਟਖੋਰ ਬਨਸਪਤੀ ਤੇਲ ਨੂੰ ਆਰ.ਐਮ. ਵੈਲਯੂ (ਰਾਈਚਟ ਮੀਸੀਲ) ਵਾਲਾ ਰਸਾਇਣ ਮਿਲਾ ਕੇ ਘਟੀਆ ਕਿਸਮ ਦਾ ਦੇਸੀ ਘਿਓ ਬਣਾਉਂਦੇ ਸਨ ਅਤੇ ਮਿਲਾਵਖੋਰੀ ਦੀ ਜਾਂਚ ਤੋਂ ਬਚ ਜਾਂਦੇ ਸਨ।
ਪਰ ਹੁਣ ਫੂਡ ਸੇਫਟੀ ਲੈਬਾਰਟਰੀ ਵਿਚ ਇੰਡਕਟਲੀ ਕਲਪਡ ਪਲਾਜ਼ਮਾ - ਮਾਸ ਸਪੈਕਟਰੋਮੀਟਰ (ਆਈ.ਸੀ.ਪੀ.ਐਮ.) ਅਤੇ ਗੈਸ ਕਰੈਟੋਟੋਗ੍ਰਾਫ - ਮਾਸ ਸਪੈਕਟਰੋਮੀਟਰ (ਜੀ.ਸੀ.ਐਮ.ਐਸ.) ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸਾਧਨਾਂ ਦੀ ਵਰਤੋਂ ਖੁਰਾਕ ਦੇ ਨਮੂਨਿਆਂ, ਖਾਸ ਕਰਕੇ ਦੇਸੀ ਘੀ ਵਿਚ ਮਿਲਾਵਟ ਦੀ ਕਿਸੇ ਵੀ ਕਿਸਮ ਦਾ ਪਤਾ ਲਗਾਉਣ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਲੀਕੁਇਡ ਕ੍ਰੋਟੋਟੋਗ੍ਰਾਫ - ਮਾਸ ਸਪੈਕਟ੍ਰੋਮੀਟਰ (ਐਲ.ਸੀ.ਐਮ.ਐਸ.) ਨੂੰ ਵੀ ਖਰੀਦਿਆ ਗਿਆ ਹੈ ਅਤੇ ਇਹ ਖੁਰਾਕ ਨਮੂਨਿਆਂ ਵਿਚ ਐਫਲਾਟੌਕਸਿਨ, ਮਾਈਕੋਟੌਕਸਿਨ ਆਦਿ ਦਾ ਪਤਾ ਲਗਾਏਗਾ।
ਸ੍ਰੀ ਪੰਨੂ ਨੇ ਕਿਹਾ ਕਿ ਸਾਰੇ ਦੇਸੀ ਘਿਓ ਉਤਪਦਕਾਂ ਨੂੰ ਛੇਤੀ ਤੋਂ ਛੇਤੀ ਆਪਣੇ ਘਿਓ ਦੇ ਨਮੂਨੇ ਸਟੇਟ ਫੂਡ ਸੇਫਟੀ ਲੈਬ ਤੋਂ ਜਾਂਚ ਕਰਵਾਉਣ ਲਈ ਕਿਹਾ ਗਿਆ ਅਤੇ ਜਿਨ੍ਹਾਂ ਦੇਸੀ ਘਿਓ ਉਤਪਦਕਾਂ ਨੇ ਮਿਲਾਵਖੋਰੀ ਕਰਨੀ ਬੰਦ ਨਾ ਕੀਤੀ, ਉਨ੍ਹਾਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ ।