
ਰਾਜ ਸਰਕਾਰ ਵੱਲੋਂ ਪਿਛਲੇ ਵਰ੍ਹੇ ਗੁਰਦਿਆਂ ਦੇ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਮੁਫ਼ਤ ਡਾਇਲਸਿਸ ਸੇਵਾ ਦੇ ਜਿੱਥੇ ਬਹੁਤ ਹੀ ਸਾਰਥਿਕ ਨਤੀਜੇ............
ਪਟਿਆਲਾ : ਰਾਜ ਸਰਕਾਰ ਵੱਲੋਂ ਪਿਛਲੇ ਵਰ੍ਹੇ ਗੁਰਦਿਆਂ ਦੇ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਮੁਫ਼ਤ ਡਾਇਲਸਿਸ ਸੇਵਾ ਦੇ ਜਿੱਥੇ ਬਹੁਤ ਹੀ ਸਾਰਥਿਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ, ਉੱਥੇ ਹੀ ਪੰਜਾਬ ਸਰਕਾਰ ਦਾ ਇਹ ਉਪਰਾਲਾ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ਾਂ ਲਈ ਵਰਦਾਨ ਸਾਬਤ ਹੋਇਆ ਹੈ। ਪੰਜਾਬ ਸਰਕਾਰ ਦੀ ਇਸ ਲੋਕ ਪੱਖੀ ਸਕੀਮ ਬਾਰੇ ਸੂਬੇ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਦਾ ਗਠਨ ਹੋਣ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਡਾਇਲਸਿਸ
ਮੁਫ਼ਤ ਕਰਨ ਦਾ ਐਲਾਨ ਕੀਤਾ ਸੀ। ਜਿਸ ਨਾਲ ਇਹਨਾਂ ਮਰੀਜ਼ਾਂ ਨੂੰ ਜਿੱਥੇ ਇਲਾਜ ਲਈ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਉਹਨਾਂ ਨੂੰ ਮਹਿੰਗੇ ਇਲਾਜ ਤੋਂ ਵੀ ਨਿਜਾਤ ਮਿਲੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਜੁਲਾਈ 2017 ਵਿੱਚ ਮੁਫ਼ਤ ਡਾਇਲਸਿਸ ਦੀ ਸ਼ੁਰੂਆਤ ਕੀਤੀ ਸੀ। ਸ਼੍ਰੀ ਮਹਿੰਦਰਾ ਨੇ ਦੱਸਿਆ ਕਿ ਜੁਲਾਈ 2017 ਤੋਂ ਲੈ ਕੇ 30 ਜੂਨ 2018 ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵੱਡੇ ਸਰਕਾਰੀ ਹਸਪਤਾਲ ਅਤੇ ਕੁਝ ਚੋਣਵੇਂ ਸਬ ਡਵੀਜ਼ਨ ਪੱਧਰ ਦੇ ਹਸਪਤਾਲਾਂ ਵਿੱਚ ਗੁਰਦਿਆਂ ਦੇ 5247 ਮਰੀਜ਼ਾਂ ਨੇ 21 ਹਜ਼ਾਰ 205 ਵਾਰ ਡਾਇਲਸਿਸ ਕਰਵਾਇਆ ਹੈ
ਅਤੇ ਇਹਨਾਂ ਮਰੀਜ਼ਾਂ ਨੂੰ ਇਹ ਸੇਵਾ ਬਿਲਕੁੱਲ ਮੁਫ਼ਤ ਪ੍ਰਦਾਨ ਕੀਤੀ ਗਈ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਗੁਰਦਿਆਂ ਦੇ ਮਰੀਜ਼ਾਂ ਲਈ ਹਫ਼ਤੇ ਵਿੱਚ ਇੱਕ ਵਾਰ ਜਾਂ ਦੋ ਵਾਰ ਡਾਇਲਸਿਸ ਕਰਾਉਣਾ ਲਾਜ਼ਮੀ ਹੁੰਦਾ ਹੈ ਅਤੇ ਨਿੱਜੀ ਹਸਪਤਾਲਾਂ ਵੱਲੋਂ ਇੱਕ ਡਾਇਲਸਿਸ ਦੇ 5 ਹਜ਼ਾਰ ਤੋਂ 8 ਹਜ਼ਾਰ ਰੁਪਏ ਤੱਕ ਵਸੂਲੇ ਜਾਂਦੇ ਹਨ ਜਿਸ ਨਾਲ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਇੱਕ ਮਰੀਜ ਦੇ ਡਾਇਲਸਿਸ ਦਾ ਇੱਕ ਮਹੀਨੇ ਦਾ ਖਰਚਾ ਹੀ 50 ਤੋਂ 60 ਹਜ਼ਾਰ ਰੁਪਏ ਤੱਕ ਪੁੱਜ ਜਾਂਦਾ ਹੈ ਅਤੇ ਸਾਲ ਦੇ ਇਲਾਜ ਦਾ ਖਰਚਾ 6 ਲੱਖ ਰੁਪਏ ਤੋਂ ਵੀ ਉੱਪਰ ਪੁੱਜ ਜਾਂਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਦੀ ਇਹ ਮੁਫ਼ਤ ਡਾਇਲਸਿਸ ਸੇਵਾ ਗੁਰਦਿਆਂ ਦੇ ਮਰੀਜ਼ਾਂ ਨੂੰ ਜਿੱਥੇ ਨਵਾਂ ਜੀਵਨ ਪ੍ਰਦਾਨ ਕਰ ਰਹੀ ਹੈ, ਉੱਥੇ ਹੀ ਉਹਨਾਂ ਲਈ ਵਰਦਾਨ ਵੀ ਸਿੱਧ ਹੋ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਇਸ ਵੇਲੇ 77 ਦੇ ਕਰੀਬ ਡਾਇਲਸਿਸ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਜਿਹਨਾਂ ਵਿੱਚ ਕੁਝ ਮਸ਼ੀਨਾਂ ਸਵੈ ਸੇਵੀ ਸੰਸਥਾਵਾਂ ਨੇ ਵੀ ਦਾਨ ਕੀਤੀਆਂ ਹਨ। ਉਹਨਾਂ ਦੱਸਿਆ ਕਿ ਛੇਤੀ ਹੀ ਪੰਜਾਬ ਦੇ ਹੋਰਨਾਂ ਸਰਕਾਰੀ ਹਸਪਤਾਲਾਂ ਨੂੰ ਡਾਇਲਸਿਸ ਲਈ ਹੋਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਛੇਤੀ ਹੀ 514 ਮਾਹਿਰ ਡਾਕਟਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਜਿਹਨਾਂ ਦੀ ਭਰਤੀ ਪ੍ਰਕ੍ਰਿਆ ਜਾਰੀ ਹੈ ਇਸ ਤੋਂ ਇਲਾਵਾ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਡਾਕਟਰਾਂ ਦੀਆਂ 306 ਆਸਾਮੀਆਂ ਭਰਨ ਦੀ ਪ੍ਰਕ੍ਰਿਆ ਵੀ ਜਾਰੀ ਹੈ। ਸ਼੍ਰੀ ਮਹਿੰਦਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਦੇ ਤਹਿਤ ਲਗਾਏ ਗਏ ਰੂਰਲ ਮੈਡੀਕਲ ਅਫ਼ਸਰਾਂ ਵਿੱਚੋਂ 97 ਨੇ ਪੰਜਾਬ ਸਿਵਲ ਮੈਡੀਕਲ ਅਫ਼ਸਰ (ਸੀ.ਸੀ.ਐਮ.ਐਮ.) ਵਜੋਂ ਸੇਵਾਵਾਂ ਦੇਣ ਦੀ ਪੇਸ਼ਕਸ਼ ਵੀ ਦਿੱਤੀ ਹੈ।
ਡਾਇਲਸਿਸ ਬਾਰੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਹੋਰ ਦੱਸਿਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਇਸ ਵੇਲੇ 77 ਡਾਇਲਸਿਸ ਮਸ਼ੀਨਾਂ ਕੰਮ ਕਰ ਰਹੀਆਂ ਹਨ ਤੇ ਹਰੇਕ ਮਸ਼ੀਨ ਵੱਲੋਂ ਰੋਜ਼ਾਨਾ 2 ਡਾਇਲਸਿਸ ਕਰਨ ਕਰਕੇ ਰੋਜਾਨਾ 154 ਦੇ ਕਰੀਬ ਡਾਇਲਸਿਸ ਮੁਫ਼ਤ ਕੀਤੇ ਜਾ ਰਹੇ ਹਨ। ਸਿਹਤ ਮੰਤਰੀ ਨੇ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਰਾਜ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮੁਫ਼ਤ ਡਾਇਲਸਿਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਇਹਨਾਂ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦੇ ਮਹਿੰਗੇ ਇਲਾਜ ਤੋਂ ਨਿਜਾਤ ਮਿਲੇਗੀ, ਉੱਥੇ ਹੀ ਡਾਕਟਰਾਂ ਦੀ ਸਲਾਹ 'ਤੇ ਸਮੇਂ ਸਿਰ ਕਰਾਏ ਜਾਂਦੇ ਡਾਇਲਸਿਸ ਨਾਲ ਮਰੀਜ਼ ਛੇਤੀ ਸਿਹਤਯਾਬ ਹੋਣਗੇ।