
ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਬਲਾਤਕਾਰ ਦੇ ਕੇਸ ਵਿਚੋਂ ਬਰੀ ਕਰ ਦਿਤਾ ਗਿਆ ਹੈ। ਲੰਗਾਹ ਵਿਰੁਧ ਔਰਤ ਨੇ ਬਲਾਤਕਾਰ ਦੇ ਦੋਸ਼ ਲਾਏ ਸਨ...............
ਗੁਰਦਾਸਪੁਰ : ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਬਲਾਤਕਾਰ ਦੇ ਕੇਸ ਵਿਚੋਂ ਬਰੀ ਕਰ ਦਿਤਾ ਗਿਆ ਹੈ। ਲੰਗਾਹ ਵਿਰੁਧ ਔਰਤ ਨੇ ਬਲਾਤਕਾਰ ਦੇ ਦੋਸ਼ ਲਾਏ ਸਨ। ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਵਕੀਲਾਂ ਦੀ ਬਹਿਸ ਸੁਣਨ ਮਗਰੋਂ ਲੰਗਾਹ ਨੂੰ ਜਬਰ-ਜਨਾਹ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ।
ਲੰਗਾਹ ਵਲੋਂ ਅੱਧੀ ਦਰਜਨ ਤੋਂ ਵਧੇਰੇ ਵਕੀਲ ਉਸ ਦੇ ਕੇਸ ਦੀ ਪੈਰਵਾਈ ਕਰ ਰਹੇ ਸਨ। ਧਾਰੀਵਾਲ ਖੇਤਰ ਦੀ ਔਰਤ ਦੇ ਬਿਆਨਾਂ 'ਤੇ ਪੁਲਿਸ ਨੇ ਲੰਗਾਹ ਵਿਰੁਧ ਸਿਟੀ ਥਾਣਾ ਗੁਰਦਾਸਪੁਰ ਵਿਚ ਬਲਾਤਕਾਰ ਦੀ ਧਾਰਾ 376 ਅਧੀਨ ਮਾਮਲਾ ਦਰਜ ਕੀਤਾ ਸੀ।
ਔਰਤ ਵਲੋਂ ਸ਼ਿਕਾਇਤ ਦਿਤੇ ਜਾਣ ਤੋਂ ਪਹਿਲਾਂ ਕਥਿਤ ਸ਼ਿਕਾਇਤਕਰਤਾ ਅਤੇ ਲੰਗਾਹ ਦੀ ਅਸ਼ਲੀਲ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ ਗਈ ਸੀ। ਲੰਗਾਹ ਪਹਿਲਾਂ ਰੂਪੋਸ਼ ਹੋ ਗਿਆ ਸੀ ਤੇ ਬਾਅਦ ਵਿਚ ਹਾਈ ਕੋਰਟ ਤੋਂ ਅਗਾਉੂਂ ਜ਼ਮਾਨਤ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਹਾਈ ਕੋਰਟ ਨੇ ਉਸ ਦੀ ਅਰਜ਼ੀ ਰੱਦ ਕਰਦਿਆਂ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ। ਬਾਅਦ ਵਿਚ ਉਸ ਨੇ ਆਤਮ-ਸਮਰਪਣ ਕਰ ਦਿਤਾ।
ਲੰਗਾਹ ਦੁਆਰਾ ਕਈ ਮਹੀਨੇ ਕਪੂਰਥਲਾ ਦੀ ਜੇਲ ਵਿਚ ਗੁਜ਼ਾਰਨ ਤੋਂ ਬਾਅਦ ਹਾਈ ਕੋਰਟ ਨੇ ਉਸ ਨੂੰ ਕਰੀਬ ਦੋ ਮਹੀਨੇ ਪਹਿਲਾਂ ਜ਼ਮਾਨਤ ਦੇ ਦਿਤੀ ਸੀ। ਲੰਗਾਹ ਨੂੰ ਜ਼ਮਾਨਤ ਮਿਲਣ ਤੋਂ ਕੁੱਝ ਦਿਨ ਪਹਿਲਾਂ ਸ਼ਿਕਾਇਤਕਰਤਾ ਔਰਤ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਹੋ ਕੇ ਅਪਣੇ ਬਿਆਨਾਂ ਤੋਂ ਮੁੱਕਰ ਗਈ ਸੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਲਈ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਸੀ।