
ਪੰਜਾਬ ਦੇ ਟਿਕਟ ਦਾਅਵੇਦਾਰ ਕਾਂਗਰਸੀਆਂ 'ਚ ਬਾਕੀ ਬਚੀਆਂ 7 ਸੀਟਾਂ ਲਈ ਉਤਸ਼ਾਹ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਿਛਲੀਆਂ ਤਕਰੀਬਨ ਚਾਰ ਲੋਕ ਸਭਾ ਚੋਣਾਂ ਵਿਚ ਭਾਰਤ ਦੀ ਜਨਤਾ ਭਾਵੇਂ ਕਿਸੇ ਪਾਰਟੀ ਵਿਸ਼ੇਸ਼ ਜਾਂ ਗਠਜੋੜ ਵਿਸ਼ੇਸ਼ ਦੇ ਹੱਕ ਵਿਚ ਸਪੱਸ਼ਟ ਫ਼ਤਵਾ ਦਿੰਦੀ ਆਈ ਹੈ ਪਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਤੀਜੇ ਅਕਸਰ ਬਹੁ ਪਾਰਟੀ ਹੱਕ ਵਿਚ ਭੁਗਤਦੇ ਰਹੇ ਹਨ। ਜਿਸ ਦੀ ਕਿ ਸੱਭ ਤੋਂ ਵੱਡੀ ਮਿਸਾਲ 2014 ਦੀਆਂ ਹੀ ਲੋਕ ਸਭਾ ਚੋਣਾਂ ਵਿਚ ਵੇਖਣ ਨੂੰ ਮਿਲੀ ਜਦੋਂ ਦੇਸ਼ ਵਿਚ ਭਾਜਪਾ ਦੀ ਹਨੇਰੀ ਢਿੱਲੀ ਹੋਣ ਦੇ ਬਾਵਜੂਦ ਸੂਬੇ ਵਿਚ ਆਮ ਆਦਮੀ ਪਾਰਟੀ ਵਰਗੀ ਨਵੀਂ ਸਿਆਸੀ ਜਮਾਤ ਨੂੰ ਵੀ ਪੰਜਾਬ ਦੇ ਵੋਟਰਾਂ ਨੇ ਚਾਰ ਵੱਡੀਆਂ ਸੀਟਾਂ ਦੇ ਨਵਾਜ਼ ਦਿਤਾ ਪਰ ਇਸ ਵਾਰ ਪੰਜਾਬ ਦਾ ਸਿਆਸੀ ਨਕਸ਼ਾ ਕੁੱਝ ਹੋਰ ਇਬਾਰਤ ਬਿਆਨ ਕਰਦਾ ਪ੍ਰਤੀਤ ਹੋ ਰਿਹਾ ਹੈ।
Congress
ਸੂਬੇ ਵਿਚ 1992 ਤੋਂ ਬਾਅਦ ਕਾਂਗਰਸ ਪਾਰਟੀ ਦੀ ਇਕ ਮਜ਼ਬੂਤ ਆਧਾਰ ਵਾਲੀ ਸਰਕਾਰ ਹੋਂਦ ਵਿਚ ਹੈ ਅਤੇ ਦੂਜੇ ਪਾਸੇ ਸੂਬੇ ਦੀ ਸੱਭ ਤੋਂ ਵੱਡੀ ਸਥਾਨਕ ਪਾਰਟੀ ਮੰਨਿਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਵਿਚ ਬੇਹੱਦ ਕਮਜ਼ੋਰ ਸਥਿਤੀ ਵਿਚ ਹੈ ਅਤੇ ਸੂਬਾਈ ਸਿਆਸਤ ਵਿਚ ਬੁਰੀ ਤਰ੍ਹਾਂ ਪੰਥਕ ਨਫ਼ਰਤ ਅਤੇ ਦੁਫਾੜ ਦਾ ਸ਼ਿਕਾਰ ਹੈ। 2017 ਚੋਣਾਂ ਵਿਚ ਮੁੱਖ ਵਿਰੋਧੀ ਧਿਰ ਉਭਰਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਲੋਕ ਮਨਾਂ ਵਿਚ ਸੰਜੀਦਾਪੁਣਾ ਗਵਾ ਚੁੱਕੀ ਹੈ ਅਤੇ ਸੱਭ ਤੋਂ ਵੱਡੀ ਗੱਲ ਵਿਰੋਧੀ ਖੇਮਾ ਕੋਈ ਮਜ਼ਬੂਤ ਸਿਆਸੀ ਗਠਜੋੜ ਬਣਾਉਣ ਵਿਚ ਨਾਕਾਮਯਾਬ ਰਿਹਾ ਹੈ।
Akali and BJP
ਅਜਿਹੇ ਵਿਚ ਸਿਆਸੀ ਮਾਹਰਾਂ ਮੁਤਾਬਕ ਪੰਜਾਬ ਚ ਅਕਾਲੀ ਦਲ ਕਮਜ਼ੋਰ ਅਤੇ ਵਿਰੋਧੀ ਖੇਮਾ ਖਿੰਡਿਆ ਹੋਣ ਕਾਰਨ ਕਾਂਗਰਸ ਨੂੰ ਸੂਬੇ ਚ ਸਿਆਸੀ ਨਕਸ਼ਾ ਬਦਲਣ ਦੀ ਕਾਫ਼ੀ ਉਮੀਦ ਜਾਪ ਰਹੀ ਹੈ। ਇਸ ਵਜੋਂ ਪੰਜਾਬ ਦੇ ਟਿਕਟ ਦਾਅਵੇਦਾਰ ਕਾਂਗਰਸੀਆਂ 'ਚ ਹੁਣ ਬਾਕੀ ਬਚੀਆਂ 7 ਸੀਟਾਂ ਲਈ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਹੈ, ਜਿਸ ਦੇ ਚਲਦਿਆਂ ਬਹੁਤਿਆਂ ਨੇ ਦਿੱਲੀ ਡੇਰੇ ਲਾ ਲਏ ਹਨ ਪਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਸੀਟਾਂ ਦੀ ਵੰਡ ਮੌਕੇ ਅਪਣੇ ਸਰਵੇਖਣਾਂ ਨੂੰ ਹੀ ਵਧੇਰੇ ਤਰਜੀਹ ਦਿਤੀ ਜਾ ਰਹੀ ਹੈ।
Sidhu Couple
ਇਸ ਦਾ ਪ੍ਰਤੱਖ ਪ੍ਰਮਾਣ ਚੰਡੀਗੜ੍ਹ ਵਿਚ ਕਾਂਗਰਸ ਹਾਈਕਮਾਨ ਦੇ ਬੇਹੱਦ ਨੇੜੇ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਪਰਵਾਰ ਟਿਕਟ ਲੈਣ ਵਿਚ ਨਾਕਾਮਯਾਬ ਹੋਇਆ ਹੈ ਕਿਉਂਕਿ ਪਾਰਟੀ ਦੇ ਨਵੇਂ ਸਰਵੇਖਣਾਂ ਮੁਤਾਬਕ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਹੀ ਵਾਰ-ਵਾਰ ਜੇਤੂ ਸਥਿਤੀ ਵਿਚ ਪ੍ਰਤੀਤ ਹੋਏ ਹਨ। ਜਿਸ ਦੇ ਚਲਦਿਆਂ ਪਾਰਟੀ ਹਾਈਕਮਾਨ ਸਿੱਧੂ ਜੋੜੇ ਨੂੰ ਤਰਕ ਸਹਿਤ ਟਿਕਟ ਨਾ ਦੇਣ ਬਾਰੇ ਸੰਤੁਸ਼ਟ ਕਰ ਚੁੱਕੀ ਹੈ। ਉਧਰ, ਦੂਜੇ ਪਾਸੇ ਪੰਜਾਬ ਦੀਆਂ ਬਾਕੀ ਬਚੀਆਂ 7 ਸੀਟਾਂ ਲਈ ਦਿੱਲੀ ਵਿਚ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ। ਸੂਤਰਾਂ ਮੁਤਾਬਕ ਸੰਗਰੂਰ ਸੀਟ ਤੋਂ ਪਾਰਟੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਚੋਣ ਲੜਵਾਉਣਾ ਚਾਹੁੰਦੀ ਹੈ।
Captain Amrinder Singh
ਇਸ ਤਹਿਤ ਵਿਜੇ ਇੰਦਰਾ ਸਿੰਗਲਾ ਨੇ ਦਿੱਲੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਲੋਕਸਭਾ ਸੀਟ ਤੋਂ ਕੈਬਨਿਟ ਰਾਣਾ ਗੁਰਮੀਤ ਸਿੰਘ ਚੋਣ ਲੜਨੀ ਚਾਹੁੰਦੇ ਹਨ ਪਰ ਹੁਣੇ ਹੀ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਸ਼ਾਮਲ ਹੋ ਫ਼ਿਰੋਜ਼ਪੁਰ ਦੇ ਮੌਜੂਦਾ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਵੀ ਕੇਂਦਰੀ ਚੋਣ ਕਮੇਟੀ ਕਾਫ਼ੀ ਅਹਿਮੀਅਤ ਦਿੰਦੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਰਾਣਾ ਸੋਢੀ ਨੇ ਵੀ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਕੀਤੀ। ਇਸੇ ਤਰ੍ਹਾਂ ਪੰਥਕ ਹਲਕਾ ਮੰਨਿਆ ਜਾਂਦਾ ਖਡੂਰ ਸਾਹਿਬ ਵੀ ਕਾਂਗਰਸ ਵੀ ਤਰਕ ਕਰਨਾ ਚਾਹੁੰਦੀ ਹੈ।
Lok Sabha election
ਇਥੇ ਵੀ ਕਾਂਗਰਸ ਦੀ ਟਿਕਟ ਲਈ ਜਸਬੀਰ ਸਿੰਘ ਡਿੰਪਾ ਤੇ ਸਾਬਕਾ ਮੰਤਰੀ ਇਦਰਜੀਤ ਸਿੰਘ ਜ਼ੀਰਾ ਵਿਚ ਵੀ ਅਸਲੀ ਟੱਕਰ ਬਣੀ ਹੋਈ ਹੈ। ਇਨ੍ਹਾਂ ਦੋਵਾਂ ਆਗੂਆਂ ਵਲੋਂ ਵੀ ਆਪੋ-ਅਪਣੇ ਪੱਧਰ ਦਿੱਲੀ ਵਿਚ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਨਾਲ ਮੁਲਾਕਾਤ ਕਰ ਆਪੋ ਅਪਣੇ ਦਾਅਵੇ ਪੇਸ਼ ਕੀਤੇ ਜਾ ਚੁੱਕੇ ਹਨ ਪਰ ਸੂਬੇ ਵਿਚ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਵੀ ਕਾਂਗਰਸ ਲਈ ਬਠਿੰਡਾ ਜਿਹੀ ਵਕਾਰੀ ਸੀਟ ਵਾਸਤੇ ਮਜ਼ਬੂਤ ਉਮੀਦਵਾਰ ਦੀ ਤੋਟ ਵੇਖਣ ਨੂੰ ਮਿਲ ਰਹੀ ਹੈ।