
ਯੂ.ਟੀ. ਦੀ ਸੀ.ਬੀ.ਆਈ (ਕੇਂਦਰੀ ਜਾਂਚ ਬਿਊਰੋ) ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਇੰਸਪੈਕਟਰ ਜਨਰਲ (ਏ.ਆਈ.ਜੀ.) ਪਰਮਦੀਪ ਸਿੰਘ ਸੰਧੂ............
ਚੰਡੀਗੜ੍ਹ : ਯੂ.ਟੀ. ਦੀ ਸੀ.ਬੀ.ਆਈ (ਕੇਂਦਰੀ ਜਾਂਚ ਬਿਊਰੋ) ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਇੰਸਪੈਕਟਰ ਜਨਰਲ (ਏ.ਆਈ.ਜੀ.) ਪਰਮਦੀਪ ਸਿੰਘ ਸੰਧੂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸੀ.ਬੀ.ਆਈ ਦੀ ਵਿਸ਼ੇਸ਼ ਜੱਜ ਗਗਨਜੀਤ ਕੌਰ ਨੇ ਸਾਬਕਾ ਪੁਲਿਸ ਅਫ਼ਸਰ ਨੂੰ 31 ਜੁਲਾਈ ਨੂੰ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਦੋਸ਼ੀ ਨੂੰ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਦੋਸ਼ੀ ਨੂੰ ਮੌਕੇ 'ਤੇ ਹੀ ਮੁਚਲਕੇ 'ਤੇ ਰਿਹਾਅ ਕਰ ਦਿਤਾ ਗਿਆ ਹੈ। ਮੁਲਜ਼ਮ 'ਤੇ ਸੱਤ ਸਾਲ ਪਹਿਲਾਂ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ।
ਅਦਾਲਤ ਵਲੋਂ ਫ਼ੈਸਲਾ ਬਾਅਦ ਦੁਪਹਿਰ 4 ਵਜੇ ਸੁਣਾਇਆ ਗਿਆ ਸੀ ਜਦੋਂ ਕਿ ਆਖਰੀ ਜਿਰਾ ਸਵੇਰੇ 10 ਵਜੇ ਹੋਈ ਸੀ। ਸਰਕਾਰੀ ਧਿਰ ਦੇ ਵਕੀਲ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ। ਸਰਕਾਰੀ ਧਿਰ ਦਾ ਕਹਿਣਾ ਸੀ ਕਿ ਪੁਲਿਸ ਵਿਚ ਉੱਚ ਅਹੁਦੇ 'ਤੇ ਬੈਠ ਕੇ ਅਫ਼ਸਰ ਦੀ ਜ਼ਿੰਮੇਵਾਰੀ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਹੈ। ਦੂਜੇ ਬੰਨੇ ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਸਜ਼ਾ ਨਰਮ ਕਰਨ ਦੀ ਅਪੀਲ ਇਹ ਕਹਿੰਦਿਆਂ ਕੀਤੀ ਕਿ ਦੋਸ਼ੀ ਨੂੰ ਪਹਿਲਾਂ ਹੀ ਨੌਕਰੀ ਚਲੇ ਜਾਣ ਨਾਲ ਵੱਡੀ ਸਜ਼ਾ ਮਿਲ ਗਈ ਹੈ। ਸੀ.ਬੀ.ਆਈ ਨੇ ਸਾਬਕਾ ਪੁਲਿਸ ਅਫ਼ਸਰ ਨੂੰ ਜੁਲਾਈ 2011 ਵਿਚ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਸ਼ਿਕਾਇਤ ਕਰਤਾ ਨਿਸ਼ਾਂਤ ਸ਼ਰਮਾ ਵਿਰੁਧ ਦਰਜ ਕਈ ਫ਼ੌਜਦਾਰੀ ਕੇਸਾਂ ਦੀ ਜਾਂਚ ਪੀ.ਐਸ. ਸੰਧੂ ਨੂੰ ਸੌਂਪੀ ਗਈ ਸੀ। ਨਿਸ਼ਾਂਤ ਸ਼ਰਮਾ ਜਿਹੜਾ ਕਿ ਉਸ ਵੇਲੇ ਸ਼ਿਵ ਸੈਨਾ ਦੇ ਯੂਥ ਵਿੰਗ ਦਾ ਪ੍ਰਧਾਨ ਸੀ, ਨੇ ਰੀਪੋਰਟ ਅਪਣੇ ਹੱਕ ਵਿਚ ਭੁਗਤਾਉਣ ਲਈ ਜਾਂਚ ਅਧਿਕਾਰੀ ਨਾਲ ਤਿੰਨ ਲੱਖ ਦਾ ਸੌਦਾ ਕੀਤਾ ਸੀ। ਜਿਸ ਦਿਨ ਪੁਲਿਸ ਨੇ ਉਸ ਨੂੰ ਫੜਿਆ, ਉਹ ਸੌਦੇ ਦੀ ਪੰਜਾਹ ਹਜ਼ਾਰ ਦੀ ਪਹਿਲੀ ਕਿਸ਼ਤ ਲੈਣ ਲਈ ਆਇਆ ਸੀ। ਪੁਲਿਸ ਅਫ਼ਸਰ 'ਤੇ ਮੋਗਾ ਸੈਕਸ ਸਕੈਂਡਲ ਵਿਚ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਉਨ੍ਹਾਂ ਨੂੰ ਮੋਟੀ ਰਕਮ ਲੈ ਕੇ ਬਾਅਦ ਵਿਚ ਕਲੀਨ ਚਿੱਟ ਦੇਣ ਦੇ ਦੋਸ਼ ਲੱਗੇ ਸਨ। ਅਪ੍ਰੈਲ 2007 ਵਿਚ ਸੈਕਸ ਸਕੈਂਡਲ ਤੋਂ ਪਰਦਾ ਉਠਿਆ ਸੀ।
ਦੋ ਮਹਿਲਾਵਾਂ ਉਤੇ ਪੁਲਿਸ ਅਫ਼ਸਰ ਦੀ ਮਦਦ ਨਾਲ ਭੋਲੇ ਭਾਲੇ ਲੋਕਾਂ ਨੂੰ ਸੈਕਸ ਸਕੈਂਡਲ ਵਿਚ ਫਸਾਉਣ ਦੀ ਖੇਡ ਖੇਡਣ ਦਾ ਇਲਜ਼ਾਮ ਲੱਗਾ ਸੀ। ਭ੍ਰਿਸ਼ਟਾਚਾਰ ਦੇ ਮੌਜੂਦਾ ਕੇਸ ਵਿਚ ਪੁਲਿਸ ਵਲੋਂ ਪੇਸ਼ ਕੀਤੇ ਚਲਾਨ ਵਿਚ ਕਿਹਾ ਗਿਆ ਸੀ ਕਿ ਮੁਲਜ਼ਮ ਅਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਗ਼ਲਤ ਢੰਗ ਨਾਲ ਪੈਸਾ ਇਕੱਠੇ ਕਰਨ ਦਾ ਆਦੀ ਹੈ। ਸਤੰਬਰ 1993 ਵਿਚ ਜਦੋਂ ਉਹ ਮਾਨਸਾ ਵਿਖੇ ਡਿਪਟੀ ਪੁਲਿਸ ਸੁਪਰਡੈਂਟ (ਡੀ.ਐਸ.ਪੀ.) ਸੀ ਤਦ ਵੀ ਬੇਇਮਾਨੀ ਨਾਲ ਪੈਸੇ ਇਕੱਠੇ ਕਰਨ ਦਾ ਦੋਸ਼ਾਂ ਹੇਠ ਸੈਕਸ਼ਨ 311 (2) ਤਹਿਤ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਸੀ।
ਪਰ ਪੰਜਾਬ ਦੇ ਉਸ ਵੇਲੇ ਦੇ ਐਡਵੋਕੇਟ ਜਨਰਲ ਐਮ.ਐਲ. ਸਰੀਨ ਦੀਆਂ ਹਦਾਇਤਾਂ 'ਤੇ ਦੁਬਾਰਾ ਨੌਕਰੀ 'ਤੇ ਰੱਖ ਦਿਤਾ ਗਿਆ ਸੀ। ਸੀ.ਬੀ.ਆਈ ਨੇ ਮੁਲਜ਼ਮ ਸੰਧੂ ਨੂੰ 13 ਜੁਲਾਈ 2011 ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਉਹ ਪੰਜਾਬ ਪੁਲਿਸ ਹੈਡ ਕੁਆਰਟਰ ਵਿਖੇ ਏ.ਆਈ.ਜੀ. ਇੰਟਰਨਲ ਵਿਜੀਲੈਂਸ ਸੈਲ ਵਿਚ ਤੈਨਾਤ ਸੀ। ਉਸ ਨੇ ਨਿਸ਼ਾਂਤ ਸ਼ਰਮਾ ਨੂੰ ਸੈਕਟਰ 28 ਦੇ ਇਕ ਕੈਫ਼ੇ ਵਿਚ ਸਦਿਆ ਸੀ। ਸ਼ਿਕਾਇਤਕਰਤਾ ਨੇ ਉਸ ਨੂੰ ਸੌਦੇ ਦੀ ਇਕ ਲੱਖ ਦੀ ਪਹਿਲੀ ਕਿਸਤ ਅਦਾ ਕਰਨੀ ਸੀ ਪਰ ਉਹ ਕੇਵਲ ਪੰਜਾਹ ਹਜ਼ਾਰ ਲੈ ਕੇ ਆ ਗਿਆ ਸੀ।