
ਬਿਆਸ ਦੀ ਰਹਿਣ ਵਾਲੀ ਇਕ ਟਰੈਵਲ ਏਜੰਟ 'ਤੇ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਮੁੜ ਸਾਰ ਨਾ ਲੈਣ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ.....
ਗੁਰਦਾਸਪੁਰ, 4 ਜੂਨ (ਹੇਮੰਤ ਨੰਦਾ) : ਬਿਆਸ ਦੀ ਰਹਿਣ ਵਾਲੀ ਇਕ ਟਰੈਵਲ ਏਜੰਟ 'ਤੇ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਮੁੜ ਸਾਰ ਨਾ ਲੈਣ ਦੇ ਦੋਸ਼ ਲੱਗੇ ਹਨ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨਾਂ ਤੋਂ ਲੱਖ-ਲੱਖ ਰੁਪਏ ਲੈ ਕੇ ਇਨ੍ਹਾਂ ਨੂੰ ਸਬਜ਼ਬਾਗ਼ ਦਿਖਾ ਕੇ ਵਿਜ਼ਟਰ ਵੀਜ਼ਾ 'ਤੇ ਦੁਬਈ ਭੇਜਿਆ ਅਤੇ ਹੁਣ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਹੀ। 15 ਦਿਨਾਂ ਤੋਂ ਇਹ ਨੌਜਵਾਨ ਪਾਰਕਾਂ ਵਿਚ ਰਹਿ ਕੇ ਭੁੱਖਣ-ਭਾਣੇ ਦਿਨ ਕੱਟ ਰਹੇ ਸਨ। ਉਕਤ ਨੌਜਵਾਨਾਂ ਨੇ ਦੁਬਈ ਤੋਂ ਵੀਡੀਉ ਭੇਜ ਕੇ ਮਦਦ ਦੀ ਗੁਹਾਰ ਲਗਾਈ ਹੈ।
ਪਾਰਕਾਂ 'ਚ ਧੱਕੇ ਖਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੇ ਪੰਜਾਬੀਆਂ ਨੇ ਸਹਾਰਾ ਦਿਤਾ ਅਤੇ ਭਰੋਸਾ ਦਿਤਾ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਦਾ ਇੰਤਜ਼ਾਮ ਕਰਨਗੇ ਪਰ ਨਾਲ ਹੀ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਬਾਹਰ ਆਉਣਾ ਹੈ ਤਾਂ ਸਹੀ ਟਰੈਵਲ ਏਜੰਟਾਂ ਰਾਹੀਂ ਆਇਆ ਜਾਵੇ। ਦੁਬਈ ਵਿਚ ਫਸੇ ਇਨ੍ਹਾਂ ਨੌਜਵਾਨਾਂ ਵਿਚੋਂ ਛੇ ਨੌਜਵਾਨ ਗੁਰਦਾਸਪੁਰ ਦੇ ਬਟਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਰੰਗੜ ਨੰਗਲ ਦੇ ਹਨ। ਇਨ੍ਹਾਂ ਨੌਜਵਾਨਾਂ ਦੇ ਪਰਵਾਰ ਵਾਲਿਆਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ ਤੇ ਟਰੈਵਲ ਏਜੰਟ ਵਿਰੁਧ ਕਾਰਵਾਈ ਕੀਤੀ ਜਾਵੇ।