
ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਹਾਈ ਕੋਰਟ ਤੋਂ ਅੰਸ਼ਕ ਰਾਹਤ ਮਿਲ...
ਚੰਡੀਗੜ੍ਹ : ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਹਾਈ ਕੋਰਟ ਤੋਂ ਅੰਸ਼ਕ ਰਾਹਤ ਮਿਲ ਗਈ ਹੈ। ਜਸਟਿਸ ਰਮਿੰਦਰ ਜੈਨ ਦੇ ਬੈਂਚ ਨੇ ਉਮਰਾਨੰਗਲ ਵੱਲੋਂ ਸੀਨੀਅਰ ਐਡਵੋਕੇਟ ਏ.ਪੀ.ਐਸ. ਦਿਓਲ ਰਾਹੀਂ ਦਾਇਰ ਪਟੀਸ਼ਨ ਉੱਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੇ ਉਮਰਾਨੰਗਲ ਭੀੜ ਹਿੰਸਾ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਦੇ ਦੂਜੇ ਕੇਸਾਂ 'ਚ ਪੁੱਛਗਿੱਛ ਲਈ ਲੋੜੀਂਦਾ ਹੋਵੇ ਤਾਂ ਉਸ ਨੂੰ 7 ਦਿਨ ਪਹਿਲਾਂ ਨੋਟਿਸ ਦੇਣਾ ਲਾਜ਼ਮੀ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ ਮਹੀਨੇ ਹੀ ਉਮਰਾਨੰਗਲ ਨੂੰ ਸਾਲ 2015 ਦੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਹੁਣ ਸਾਲ 2015 ਦੇ ਹੀ ਬਹਿਬਲ ਕਲਾਂ ਗੋਲੀਕਾਂਡ, ਜਿੱਥੇ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ, ਤਹਿਤ ਵੀ ਉਮਰਾਨੰਗਲ ਦੀ ਗ੍ਰਿਫ਼ਤਾਰੀ ਦੀ ਕਾਫ਼ੀ ਸੰਭਾਵਨਾ ਬਣੀ ਹੋਈ ਹੈ। ਜਿਸ ਦੇ ਚਲਦਿਆਂ ਉਮਰਾਨੰਗਲ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ। ਬੈਂਚ ਨੇ ਇਨ੍ਹਾਂ ਹੁਕਮਾਂ ਦੇ ਨਾਲ ਹੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਹਰਪ੍ਰੀਤ ਮੁਲਤਾਨੀ ਨੇ ਨੋਟਿਸ ਪ੍ਰਾਪਤ ਕੀਤਾ।