
ਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ਼ ਕਾਰਵਾਈ ਦੀ ਮੰਗ ਕਰਦੀ...
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ਼ ਕਾਰਵਾਈ ਦੀ ਮੰਗ ਕਰਦੀ ਇੱਕ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਤਿੰਨ ਦਿਨਾਂ ਵਿਚ ਇਸ ਮਾਮਲੇ ਬਾਰੇ ਫ਼ੈਸਲਾ ਦੇਣ ਲਈ ਕਿਹਾ ਹੈ। ਜਸਟਿਸ ਦਯਾ ਚੌਧਰੀ ਤੇ ਜਸਟਿਸ ਸੁਧੀਰ ਮਿੱਤਲ ਦੇ ਬੈਂਚ ਨੇ ਇਹ ਹੁਕਮ ਬਲਵੰਤ ਸਿੰਘ ਖੇੜਾ ਵਲੋਂ ਭਾਰਤ ਦੇ ਚੋਣ ਕਮਿਸ਼ਨ ਤੇ ਦੂਜੀਆਂ ਧਿਰਾਂ ਵਿਰੁੱਧ ਪਾਈ ਪਟੀਸ਼ਨ ਦੇ ਸਬੰਧ ’ਚ ਦਿੱਤਾ ਹੈ। ਪਟੀਸ਼ਨਕਰਤਾ ਦਾ ਦੋਸ਼ ਸੀ ਕਿ ਸੁਖਬੀਰ ਬਾਦਲ ਨੇ ਪੰਥ ਦਾ ਜ਼ਿਕਰ ਕਰਨ ਮਗਰੋਂ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ।
Punjab And Haryana High Court
ਪਟੀਸ਼ਨਰ ਨੇ ਦੱਸਿਆ ਕਿ ਉਸ ਨੇ 26 ਅਪਰੈਲ ਨੂੰ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਪਰ ਉਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਅਦਾਲਤ ਨੇ ਬਠਿੰਡਾ ਹਲਕੇ ਤੋਂ ‘ਆਪ’ ਉਮੀਦਵਾਰ ਬਲਜਿੰਦਰ ਕੌਰ ਖਿਲਾਫ਼ ਪਾਈ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਬੰਧਤ ਡੀਸੀ ਨੂੰ ਉਨ੍ਹਾਂ ਖਿਲਾਫ਼ ਕੀਤੀ ਸ਼ਿਕਾਇਤ ਦਾ ਤਿੰਨ ਦਿਨਾਂ ਵਿਚ ਹੱਲ ਕਰਨ ਲਈ ਕਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ਕਰਤਾ ਹਰਮਿਲਾਪ ਗਰੇਵਾਲ ਨੇ ਬਲਜਿੰਦਰ ਕੌਰ ‘ਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਸੀ। ਹਰਮਿਲਾਪ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਚ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਬਲਜਿੰਦਰ ਕੌਰ ਨੂੰ ਅਮਰਜੀਤ ਸਿੰਘ ਨੇ ਕਾਨੂੰਨੀ ਤੌਰ ‘ਤੇ ਗੋਦ ਲਿਆ ਸੀ ਪਰ ਬਲਜਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਵਿਚ ਪਿਤਾ ਦਾ ਨਾਮ ਦਰਸ਼ਨ ਸਿੰਘ ਦੱਸਿਆ ਹੈ, ਜੋ ਕਿ ਕਾਨੂੰਨੀ ਤੌਰ ‘ਤੇ ਗਲਤ ਹੈ।