
ਵੀਰਪਾਲ ਕੌਰ, ਕ੍ਰਿਤੀ ਅਤੇ ਮਿਲੀ ਬਜਾਜ ਨੇ ਤਾਇਕਵਾਂਡੋ ਖੇਡ ਰਾਹੀਂ ਸੂਬੇ ਅਤੇ ਮਾਪਿਆਂ ਦਾ ਨਾਮ ਖ਼ੂਬ ਚਮਕਾਇਆ
ਪੰਜਾਬ ਸਰਕਾਰ ਨੇ ਇਨ੍ਹਾਂ ਖਿਡਾਰਨਾਂ ਨੂੰ ਅੱਗੇ ਵਧਣ ਵਿਚ ਪੂਰੀ ਮਦਦ ਕੀਤੀ
ਫ਼ਿਰੋਜ਼ਪੁਰ : ਅੱਜ ਕਲ ਪੰਜਾਬ ਦੀਆਂ ਧੀਆਂ ਹਰ ਖੇਤਰ ਵਿਚ ਅੱਗੇ ਹਨ, ਫਿਰ ਚਾਹੇ ਉਹ ਖੇਡਾਂ ਹੋਣ, ਪੜ੍ਹਾਈ ਹੋਵੇ ਜਾਂ ਫਿਰ ਕੋਈ ਹੋਰ ਖੇਤਰ। ਚੰਗਾ ਪੜ੍ਹ ਕੇ ਕੁੜੀਆਂ ਅਪਣੇ ਪਰਵਾਰ ਦਾ ਤਾਂ ਨਾਮ ਰੌਸ਼ਨ ਕਰਦੀਆਂ ਹੀ ਹਨ, ਨਾਲ ਹੀ ਅਪਣੇ ਦੇਸ਼ ਦਾ ਵੀ ਨਾਮ ਰੌਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।
ਇਸੇ ਤਰ੍ਹਾਂ ਪੰਜਾਬ ਦੇ ਫ਼ਿਰੋਜ਼ਪੁਰ ਦੀ ਧੀ ਵੀਰਪਾਲ ਕੌਰ ਖੇਡ ਜਗਤ ਵਿਚ ਸਿਤਾਰੇ ਵਾਂਗ ਚਮਕ ਰਹੀ ਹੈ। ਫ਼ਿਰੋਜ਼ਪੁਰ ਵਿਖੇ ਕੁੜੀਆਂ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੀ ਵੀਰਪਾਲ ਕੌਰ ਨੇ ਛੇਵੀਂ ਕਲਾਸ ਵਿਚ ਹੀ ਅਪਣੇ ਅੰਦਰ ਦੀ ਪ੍ਰਤਿਭਾ ਨੂੰ ਪਛਾਣ ਲਿਆ ਸੀ। ਵੀਰਪਾਲ ਕੌਰ ਇਕ ਆਟੋ ਡਰਾਈਵਰ ਮਹਿੰਦਰ ਸਿੰਘ ਅਤੇ ਹਸਪਤਾਲ ਵਿਚ ਕੰਮ ਕਰਨ ਵਾਲੀ ਬਿੰਦਰ ਕੌਰ ਦੀ ਧੀ ਹੈ।
Photo
ਵੀਰਪਾਲ ਕੌਰ ਰਾਸ਼ਟਰੀ ਪੱਧਰ 'ਤੇ ਖੇਡ ਚੁੱਕੀ ਹੈ ਅਤੇ ਕਈ ਤਮਗ਼ੇ ਅਪਣੇ ਨਾਮ ਕਰ ਚੁੱਕੀ ਹੈ। ਵੀਰਪਾਲ ਕੌਰ ਕੋਰੀਆ ਦੀ ਮਾਰਸ਼ਲ ਆਰਟ ਗੇਮ ਤਾਈਕਵਾਂਡੋ ਦੀ ਖਿਡਾਰਣ ਹੈ ਅਤੇ ਇਸ ਗੇਮ ਜ਼ਰੀਏ ਕਈ ਵੱਡੀਆਂ ਪ੍ਰਾਪਤੀਆਂ ਅਪਣੇ ਨਾਮ ਕਰ ਚੁੱਕੀ ਹੈ। ਫ਼ਿਰਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪਣੀ ਇਸ ਕਾਮਯਾਬ ਧੀ 'ਤੇ ਪੂਰਾ ਮਾਣ ਹੈ। ਵੀਰਪਾਲ ਬੀ.ਏ., ਬੀ.ਐਡ ਕਰਨ ਤੋਂ ਬਾਅਦ ਹੁਣ ਐਮ.ਏ. ਦੀ ਪੜ੍ਹਾਈ ਕਰ ਰਹੀ ਹੈ।
ਹੁਣ ਬਹੁਤ ਜਲਦ ਵੀਰਪਾਲ ਕੌਰ ਅਪਣੀ ਇਸ ਖੇਡ ਵਿਚ ਹੋਰ ਕਮਾਲ ਵਿਖਾਉਣ ਲਈ ਅੰਤਰਰਾਸ਼ਟਰੀ ਪੱਧਰ 'ਤੇ ਕੋਰੀਆ ਜਾ ਰਹੀ ਹੈ। ਕੋਰੀਆ ਜਾਣ ਨੂੰ ਲੈ ਕੇ ਉਹ ਬਹੁਤ ਖ਼ੁਸ਼ ਹੈ। ਕੋਰੀਆ ਜਾਣ ਬਾਰੇ ਵੀਰਪਾਲ ਕੌਰ ਨੇ ਦਸਿਆ ਕਿ ਤਾਇਕਵਾਂਡੋ ਇਕ ਆਤਮ ਰੱਖਿਆ ਕਰਨ ਵਾਲੀ ਖੇਡ ਹੈ। ਇਹ ਖੇਡ ਔਰਤਾਂ ਲਈ ਬਹੁਤ ਜ਼ਰੂਰੀ ਹੈ।
ਵੀਰਪਾਲ ਕੌਰ ਨੇ ਦਸਿਆ ਕਿ ਉਸ ਨੂੰ ਵੀ ਇਸ ਖੇਡ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਪਰ ਜਦ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਤਾਂ ਉਸ ਅੰਦਰ ਇਸ ਖੇਡ ਦਾ ਹਿੱਸਾ ਬਣਨ ਦੀ ਚਾਹਤ ਪੈਦਾ ਹੋ ਗਈ। ਵੀਰਪਾਲ ਕੌਰ ਦਾ ਕਹਿਣਾ ਹੈ ਕਿ ਅੱਜ ਵੀ ਪੰਜਾਬ ਦੀਆਂ ਲੜਕੀਆਂ ਨੂੰ ਇਸ ਖੇਡ ਬਾਰੇ ਜ਼ਿਆਦਾ ਜਾਣਕਾਰੀ ਨਹੀਂ।
ਵੀਰਪਾਲ ਕੌਰ ਨੇ ਦਸਿਆ ਕਿ ਉਸ ਦਾ ਉਸ ਦੇ ਮਾਤਾ-ਪਿਤਾ ਨੇ ਸਾਥ ਦਿਤਾ ਤੇ ਉਹ ਇਸ ਖੇਡ ਵਿਚ ਰਾਸ਼ਟਰੀ ਪੱਧਰ ਤਕ ਖੇਡੀ। ਉਸ ਨੇ ਵੱਖ-ਵੱਖ ਸੂਬਿਆਂ ਵਿਚ ਵੀ ਜਾ ਕੇ ਖੇਡ, ਖੇਡੀ ਹੈ। ਵੀਰਪਾਲ ਕੌਰ ਦਾ ਕਹਿਣਾ ਹੈ ਕਿ ਇਸ ਦੌਰਾਨ ਪੰਜਾਬ ਸਰਕਾਰ ਵਲੋਂ ਉਸ ਦੀ ਪੂਰੀ ਮਦਦ ਕੀਤੀ ਗਈ ਕਿਉਂਕਿ ਉਸ ਦਾ ਪਰਵਾਰ ਆਰਥਕ ਪੱਖੋਂ ਜ਼ਿਆਦਾ ਮਜ਼ਬੂਤ ਨਹੀਂ ਸੀ। ਫ਼ਿਰੋਜ਼ਪੁਰ ਵਿਚ ''ਬੇਟੀ ਬਚਾਉ ਅਤੇ ਬੇਟੀ ਪੜ੍ਹਾਓ ਐਸੋਸੀਏਸ਼ਨ ਨੇ ਵੀਰਪਾਲ ਕੌਰ ਦੀ ਮਦਦ ਕੀਤੀ।
ਇਸ ਐਸੋਸੀਏਸ਼ਨ ਦੇ ਡੀਪੀਓ ਮੈਡਮ ਰਤਨ ਨੇ ਵੀ ਵੀਰਪਾਲ ਕੌਰ ਦਾ ਸਾਥ ਦਿਤਾ। ਵੀਰਪਾਲ ਕੌਰ ਨੇ ਦਸਿਆ ਉਸ ਨੂੰ 2006 ਵਿਚ ਇਸ ਖੇਡ ਬਾਰੇ ਪਤਾ ਚਲਿਆ ਸੀ। ਉਸ ਨੇ ਕਿਹਾ ਕਿ ਉਸ ਦੀ ਪੜ੍ਹਾਈ ਸਰਕਾਰੀ ਸਕੂਲ ਤੋਂ ਹੋਈ ਹੈ ਤੇ ਸਕੂਲ ਨੇ ਉਸ ਦੀ ਬਹੁਤ ਮਦਦ ਕੀਤੀ। ਉਸ ਨੂੰ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਉਸ ਦਾ ਕਹਿਣਾ ਹੈ ਕਿ ਹੁਣ ਤਕ ਉਸ ਦੀ ਪੜ੍ਹਾਈ ਮੁਫ਼ਤ ਹੈ।
ਵੀਰਪਾਲ ਕੌਰ ਦਾ ਇਹ ਵ ਕਹਿਣਾ ਹੈ ਕਿ ਸਰਕਾਰ ਨੇ ਉਸ ਦੀ ਖੇਡ ਦੇ ਨਾਲ-ਨਾਲ ਪੜ੍ਹਾਈ ਦਾ ਵੀ ਪੂਰਾ ਧਿਆਨ ਰਖਿਆ ਹੈ। ਉਸ ਨੇ ਪੰਜਾਬ ਦੀਆਂ ਹੋਰ ਧੀਆਂ ਨੂੰ ਸੁਨੇਹਾ ਦਿਤਾ ਕਿ ਅਪਣੇ ਆਪ ਵਿਚ ਵਿਸ਼ਵਾਸ ਰੱਖੋ ਤੇ ਅੱਗੇ ਵਧੋ। ਇਸ ਦੇ ਨਾਲ ਹੀ ਵੀਰਪਾਲ ਕੌਰ ਨੇ ਲੜਕੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਅਪਣੀਆਂ ਧੀਆਂ ਨੂੰ ਅੱਗੇ ਵਧਣ ਲਈ ਵੱਧ ਤੋਂ ਵੱਧ ਪ੍ਰੇਰਤ ਕਰੋ।
ਵੀਰਪਾਲ ਕੌਰ ਦਾ ਕਹਿਣਾ ਹੈ ਕਿ ਜੇ ਸਰਕਾਰ ਉਸ ਦੀ ਮਦਦ ਨਾ ਕਰਦੀ ਤਾਂ ਉਹ ਅੱਜ ਇਸ ਮੁਕਾਮ 'ਤੇ ਨਾ ਪਹੁੰਚਦੀ। ਉਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਲਈ ਬਹੁਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਸਾਰਿਆਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣਾ ਚਾਹੀਦਾ ਹੈ। ਤਾਇਕਵਾਂਡੋ ਖੇਡ ਦੀ ਇਕ ਹੋਰ ਖਿਡਾਰਨ ਕ੍ਰਿਤੀ ਨੇ ਦਸਿਆ ਕਿ ਉਹ 9ਵੀਂ ਜਮਾਤ ਵਿਚ ਪੜ੍ਹਦੀ ਹੈ।
ਕ੍ਰਿਤੀ ਤਾਇਕਵਾਂਡੋ ਖੇਡ ਵਿਚ ਰਾਸ਼ਟਰ ਪੱਧਰ 'ਤੇ ਮੈਡਲ ਜਿੱਤ ਚੁਕੀ ਹੈ। ਕ੍ਰਿਤੀ ਦਾ ਕਹਿਣਾ ਹੈ ਕਿ ਇਹ ''ਸੈਲਫ਼ ਡਿਫ਼ੈਂਸ ਗੇਮ'' ਹੈ ਤੇ ਲੜਕੀਆਂ ਨੂੰ ਇਸ ਖੇਡ ਦੇ ਬਹੁਤ ਫ਼ਾਇਦੇ ਹਨ। ਇਹ ਖੇਡ ਕੁੜੀਆਂ ਨੂੰ ਅਪਣੇ ਪੈਰਾਂ 'ਤੇ ਖਲੋਨ ਹੋਣ ਲਈ ਪ੍ਰੇਰਤ ਕਰਦੀ ਹੈ। ਕ੍ਰਿਤੀ ਨੇ ਕਿਹਾ ਜੇ ਅੱਜ ਇਕ ਕੁੜੀ ਅੱਗੇ ਵਧਦੀ ਹੈ ਤਾਂ ਕਲ ਉਸ ਤੋਂ ਪ੍ਰੇਰਤ ਹੋ ਕੇ 100 ਕੁੜੀਆਂ ਹੋਰ ਅੱਗੇ ਕਦਮ ਵਧਾਉਣਗੀਆਂ। ਇਸ ਨਾਲ ਸਾਡਾ ਦੇਸ਼ ਤਰੱਕੀ ਕਰੇਗਾ।
Photo
ਕ੍ਰਿਤੀ ਦਾ ਕਹਿਣਾ ਹੈ ਕਿ ਉਸ ਨੂੰ ਸਰਕਾਰ ਵਲੋਂ ਵੀ ਸਨਮਾਨਤ ਕੀਤਾ ਗਿਆ ਜਿਸ ਨਾਲ ਉਸ ਦਾ ਹੌਸਲਾ ਵਧਿਆ। ਉਸ ਨੇ ਦਸਿਆ ਕਿ ਉਸ ਨੇ ''ਬੇਟੀ ਬਚਾਉ ਤੇ ਬੇਟੀ ਪੜ੍ਹਾਓ '' ਸਕੀਮ ਦਾ ਫ਼ਾਇਦਾ ਲਿਆ। ਕ੍ਰਿਤੀ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਵਲੋਂ ਵੀ ਉਸ ਦਾ ਪੂਰਾ ਸਾਥ ਦਿਤਾ ਜਾਂਦਾ ਰਿਹਾ ਹੈ। ਕ੍ਰਿਤੀ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਅਤੇ ਪ੍ਰੋਗਰਾਮ ਅਫ਼ਸਰ ਨੇ ਵੀ ਉਸ ਦੀ ਪੂਰੀ ਮਦਦ ਕੀਤੀ ਹੈ।
Photo
ਮਿਲੀ ਬਜਾਜ ਨਾਮ ਦੀ ਇਕ ਹੋਰ ਤਾਇਕਵਾਂਡੋ ਖਿਡਾਰਨ ਨੇ ਕਿਹਾ ਕਿ ਉਹ ਇਸ ਖੇਡ ਵਿਚ ਨੈਸ਼ਨਲ ਪੱਧਰ 'ਤੇ ਮੈਡਲ ਜਿੱਤ ਚੁਕੀ ਹੈ। ਮਿਲੀ ਨੂੰ ਅਪਣੀ ਖੇਡ ਨਾਲ ਬਹੁਤ ਪਿਆਰ ਹੈ ਤੇ ਉਹ ਦਸਵੀਂ ਕਲਾਸ ਵਿਚ ਪੜ•ਦੀ ਹੈ। ਮਿਲੀ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਵਲੋਂ ਵੀ ਉਸ ਦਾ ਪੂਰਾ ਸਾਥ ਦਿਤਾ ਜਾਂਦਾ ਹੈ। ਮਿਲੀ ਨੇ ਦਸਿਆ ਕਿ ਪ੍ਰਸ਼ਾਸਨ ਅਤੇ ਪ੍ਰੋਗਰਾਮ ਅਫ਼ਸਰ ਨੇ ਵੀ ਅੱਗੇ ਵਧਣ ਵਿਚ ਉਸ ਦੀ ਪੂਰੀ ਮਦਦ ਕੀਤੀ ਹੈ।
Photo
ਮਿਲੀ ਨੂੰ ''ਬੇਟੀ ਬਚਾਉ ਬੇਟੀ ਪੜ੍ਹਾਓ '' ਸਕੀਮ ਜ਼ਰੀਏ ਕਾਫ਼ੀ ਫ਼ਾਇਦਾ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵਲੋਂ ਵੀ ਸਨਮਾਨਤ ਕੀਤਾ ਗਿਆ ਸੀ। ਇਨ੍ਹਾਂ ਤਿੰਨ ਖਿਡਾਰਨਾਂ ਤੋਂ ਇਲਾਵਾ ਹੋਰ ਵੀ ਕਈ ਖਿਡਾਰਨਾਂ ਹਨ ਜਿਨ੍ਹਾਂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲਿਆ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਅਪਣਾ ਭਵਿੱਖ ਸੁਧਾਰਿਆ।