
ਪਰਨੀਤ ਕੌਰ ਨਾਲ 23 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰਨ ਵਾਲਾ 24 ਘੰਟੇ 'ਚ ਗ੍ਰਿਫ਼ਤਾਰ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪਰਨੀਤ ਕੌਰ ਨਾਲ ਠੱਗਾਂ ਵਲੋਂ ਮਾਰੀ ਗਈ 23 ਲੱਖ ਰੁਪਏ ਦੀ ਆਨਲਾਈਨ ਬੈਂਕਿੰਗ ਠੱਗੀ ਮਾਮਲੇ ਨੂੰ 24 ਘੰਟੇ 'ਚ ਸੁਲਝਾ ਲਏ ਜਾਣ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪੁਲਿਸ ਅਤੇ ਸਬੰਧਤ ਜਾਂਚ ਏਜੰਸੀਆਂ ਆਮ ਲੋਕਾਂ ਨਾਲ ਵੱਜ ਰਹੀਆਂ ਅਜਿਹੀਆਂ ਠੱਗੀਆਂ ਅਤੇ ਧੋਖਾਧੜੀਆਂ ਬਾਰੇ ਐਨੀ ਮੁਸਤੈਦੀ ਕਿਉਂ ਨਹੀਂ ਦਿਖਾਉਂਦੀਆਂ।
Kultar Singh Sandhwan
ਪਾਰਟੀ ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ 'ਆਪ' ਵਿਧਾਇਕਾਂ ਨੇ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਨਾਲ ਹੋਈ ਠੱਗੀ ਨੇ ਸੂਬੇ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਦੀਆਂ ਨਕਾਮੀਆਂ ਅਤੇ ਠੱਗ ਗਰੋਹਾਂ ਦੇ ਬੁਲੰਦ ਹੌਂਸਲਿਆਂ ਨੂੰ ਜੱਗ-ਜ਼ਾਹਿਰ ਕੀਤਾ ਹੈ। ਜੇ ਠੱਗ ਇਕ ਮੁੱਖ ਮੰਤਰੀ ਦੀ ਪਤਨੀ ਅਤੇ ਪੜ੍ਹੀ ਲਿਖੀ ਸੰਸਦ ਮੈਂਬਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰ ਸਕਦੇ ਹਨ ਤਾਂ ਇਸ ਦੇਸ਼ 'ਚ ਆਮ ਨਾਗਰਿਕਾਂ ਦਾ ਕੀ ਹਾਲ ਹੋਵੇਗਾ?
Kulwant Singh Pandori
ਸੰਧਵਾਂ ਅਤੇ ਪੰਡੋਰੀ ਨੇ ਕਿਹਾ ਕਿ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਨ੍ਹਾਂ ਕੋਲ ਦਰਜਨਾਂ ਅਜਿਹੇ ਧੋਖਾਧੜੀ ਦੇ ਕੇਸ ਆਉਂਦੇ ਹਨ। ਜ਼ਿਲ੍ਹਿਆਂ ਦੇ ਸਾਈਬਰ ਸੈੱਲਾਂ ਕੋਲ ਸੈਂਕੜੇ ਕੇਸ ਸਾਲਾਂ-ਬੱਧੀ ਅਣਸੁਲਝੇ ਪਏ ਹਨ। 4 ਸਾਲ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਲਾਂ ਦੇ ਬਲਦੇਵ ਸਿੰਘ ਬਿੱਲੂ ਨਾਲ ਮਹਾਰਾਣੀ ਪਰਨੀਤ ਕੌਰ ਵਾਂਗ ਝਾਰਖੰਡ ਦੇ ਬੈਂਕਿੰਗ ਗਿਰੋਹ ਨੇ ਠੱਗੀ ਮਾਰੀ ਸੀ। ਦਿੱਲੀ ਅਤੇ ਬਾਜਾਖਾਨਾ ਪੁਲਿਸ 'ਚ ਕੇਸ ਦਰਜ ਹੋਇਆ। ਕੁੱਝ ਗ੍ਰਿਫ਼ਤਾਰੀਆਂ ਵੀ ਹੋਈਆਂ, ਪਰ ਅੱਜ ਤਕ ਪੈਸੇ ਦੀ ਰਿਕਵਰੀ ਨਹੀਂ ਹੋਈ, ਉਲਟਾ ਬਾਜਾਖਾਨਾ ਪੁਲਿਸ ਨੇ ਉਨ੍ਹਾਂ ਦਾ ਹੋਰ ਖਰਚਾ ਕਰਵਾ ਦਿੱਤਾ। ਜਦਕਿ ਮਹਾਰਾਣੀ ਪਰਨੀਤ ਕੌਰ ਦੀ 24 ਘੰਟਿਆਂ 'ਚ ਪੈਸੇ ਦੀ ਵੀ ਰਿਕਵਰੀ ਹੋ ਗਈ।
Preneet Kaur
ਕੁਲਤਾਰ ਸਿੰਘ ਸੰਧਵਾਂ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਮਹਾਰਾਣੀ ਪਰਨੀਤ ਕੌਰ ਦੇ ਮਾਮਲੇ ਨੂੰ ਮਿਸਾਲ ਬਣਾ ਕੇ ਸਾਰੇ ਜ਼ਿਲ੍ਹਿਆਂ 'ਚ ਦਰਜ ਅਜਿਹੀਆਂ ਠੱਗੀਆਂ ਦੇ ਕੇਸਾਂ ਦੀ ਜਾਣਕਾਰੀ ਲੈ ਕੇ 2 ਹਫ਼ਤਿਆਂ ਦੇ ਅੰਦਰ-ਅੰਦਰ ਠੱਗ ਗਿਰੋਹਾਂ ਨੂੰ ਚੁੱਕਣ ਅਤੇ ਸੂਬੇ ਦੇ ਹਜ਼ਾਰਾਂ ਪੀੜਤ ਲੋਕਾਂ ਦੇ ਪੈਸੇ ਵਾਪਸ ਕਰਾਉਣ। ਜੇ ਅਜੇ ਵੀ ਕੈਪਟਨ ਸਰਕਾਰ ਅਜਿਹੀਆਂ ਠੱਗੀਆਂ ਦੇ ਪੀੜਤ ਨਾਗਰਿਕਾਂ ਨੂੰ ਅਣਦੇਖਿਆ ਕਰਦੀ ਹੈ ਤਾਂ ਆਮ ਆਦਮੀ ਪਾਰਟੀ 15 ਦਿਨ ਬਾਅਦ ਸੂਬੇ ਭਰ ਦੇ ਪੀੜਤ ਲੋਕਾਂ ਨੂੰ ਲਾਮਬੰਦ ਕਰਕੇ 'ਸ਼ਾਹੀ ਪਰਵਾਰ' ਦਾ ਘਿਰਾਓ ਕਰਨਗੇ।