
ਖ਼ੁਫੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਬੀਐਸਐਫ ਵੀ ਪੂਰੀ ਤਰ੍ਹਾਂ ਚੌਕੰਨੀ ਹੋ ਗਈ ਹੈ। ਪੰਜਾਬ ਦੇ ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ...
ਫਿਰੋਜ਼ਪੁਰ (ਸਸਸ) : ਖ਼ੁਫੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਬੀਐਸਐਫ ਵੀ ਪੂਰੀ ਤਰ੍ਹਾਂ ਚੌਕੰਨੀ ਹੋ ਗਈ ਹੈ। ਪੰਜਾਬ ਦੇ ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ਉਤੇ ਚੌਕਸੀ ਵਧੀ ਦਿਤੀ ਗਈ ਹੈ। ਉਥੇ ਹੀ ਜਵਾਨਾਂ ਦੀ ਗਿਣਤੀ ਵਿਚ ਵੀ ਵਾਧਾ ਕਰ ਦਿਤਾ ਗਿਆ ਹੈ। ਸ਼ੁੱਕਰਵਾਰ ਨੂੰ ਮਮਦੋਟ ਇਲਾਕੇ ਵਿਚ, ਨਾਲ ਲੱਗਦੇ ਪਿੰਡਾਂ ਵਿਚ ਅਤੇ ਜੰਗਲ ਵਿਚ ਪੁਲਿਸ, ਬੀਐਸਐਫ, ਐਸਟੀਐਫ ਅਤੇ ਫ਼ੌਜ ਦੇ ਜਵਾਨਾਂ ਨੇ ਸਰਚ ਆਪਰੇਸ਼ਨ ਚਲਾਇਆ ਸੀ।
Search Campaignਪੁਲਿਸ ਦੀ ਨਜ਼ਰ ਬਸਤੀ ਗੁਲਾਬ ਸਿੰਘ ਵਾਲੀ ਉਤੇ ਹੀ ਰਹੀ, ਕਿਉਂਕਿ ਇਥੋਂ ਸ਼ੱਕੀਆਂ ਦੀ ਲੋਕੇਸ਼ਨ ਟਰੇਸ ਕੀਤੀ ਗਈ ਸੀ। ਇਸ ਤੋਂ ਇਲਾਵਾ ਰੇਲਵੇ ਪੁਲਿਸ ਨੇ ਛਾਉਣੀ ਰੇਲਵੇ ਸਟੇਸ਼ਨ ਉਤੇ ਆਉਣ-ਜਾਣ ਵਾਲੀਆਂ ਸਾਰੀਆਂ ਟਰੇਨਾਂ ਦੀ ਚੈਕਿੰਗ ਕੀਤੀ। ਪੁਲਿਸ ਨੇ ਫਿਰੋਜ਼ਪੁਰ ਦੇ ਹਰ ਇਕ ਚੌਕ ਅਤੇ ਆਉਣ ਜਾਣ ਵਾਲੇ ਰਸਤਿਆਂ ਉਤੇ ਨਾਕਾਬੰਦੀ ਕਰ ਕੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ।
ਸ਼ੱਕੀਆਂ ਦੇ ਮਮਦੋਟ ਇਲਾਕੇ ਵਿਚ ਲੁਕੇ ਹੋਣ ਦੀ ਸੂਚਨਾ ਉਤੇ ਬੀਐਸਐਫ ਨੇ ਮਮਦੋਟ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ‘ਤੇ ਜਵਾਨਾਂ ਦੀ ਗਿਣਤੀ ਵਧਾ ਕੇ ਦਿਨ-ਰਾਤ ਗਸ਼ਤ ਸ਼ੁਰੂ ਕਰ ਦਿਤੀ ਹੈ। ਸਰਹੱਦ ਨਾਲ ਲੱਗਦੇ ਪਿੰਡਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਸ਼ੱਕੀ ਦੇ ਦਿੱਸਦੇ ਹੀ ਬੀਐਸਐਫ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਦੇ ਨਾਲ ਲੱਗਦੀ ਭਾਰਤ-ਪਾਕਿ ਸੀਮਾ ਉਤੇ ਵੀ ਚੌਕਸੀ ਵਧਾ ਦਿਤੀ ਗਈ ਹੈ।
Search Campaignਸ਼ੁੱਕਰਵਾਰ ਨੂੰ ਮਮਦੋਟ ਦੇ ਪਿੰਡ ਮਸਤਾ ਗੱਟੀ ਅਤੇ ਗੱਟੀ ਹਿਆਤ (ਸਰਹੱਦ ਦੇ ਨਾਲ ਲੱਗਦੇ ਪਿੰਡ) ਵਿਚ ਪੁਲਿਸ ਨੇ ਭਾਲ ਮੁਹਿੰਮ ਚਲਾਈ। ਇਥੇ ਲਗਭੱਗ ਤਿੰਨ ਸੌ ਪਰਵਾਰ ਹਨ। ਦੋਵੇਂ ਪਿੰਡ ਜੰਗਲ ਅਤੇ ਸਰਹੱਦ ਦੇ ਨਾਲ ਲੱਗਦੇ ਹਨ, ਇਥੇ ਵੀ ਘਰਾਂ ਦੀ ਤਲਾਸ਼ੀ ਵੀ ਲਈ ਗਈ। ਪਿਛਲੇ ਚਾਰ ਦਿਨਾਂ ਤੋਂ ਪੁਲਿਸ, ਬੀਐਸਐਫ, ਐਸਟੀਐਫ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਪਰ ਅਜੇ ਤੱਕ ਪੁਲਿਸ ਦੇ ਹੱਥ ਕੁੱਝ ਨਹੀਂ ਲੱਗਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਦੇ ਮੁਤਾਬਕ ਮਮਦੋਟ ਵਿਚ ਹੀ ਸ਼ੱਕੀ ਲੁਕੇ ਹਨ।
ਮਮਦੋਟ ਇਕ ਬਹੁਤ ਸੰਵੇਦਨਸ਼ੀਲ ਇਲਾਕਾ ਹੈ। ਕਈ ਵਾਰ ਬੀਐਸਐਫ ਅਤੇ ਪੁਲਿਸ ਮਮਦੋਟ ਇਲਾਕੇ ਵਿਚੋਂ ਹੈਰੋਇਨ ਅਤੇ ਅਸਲੇ ਦੀ ਵੱਡੀ ਖੇਪ ਫੜ ਚੁੱਕੀ ਹੈ। ਸਤਲੁਜ ਦਰਿਆ ਦੇ ਉਨ੍ਹਾਂ ਪੁਆਇੰਟਾਂ ਉਤੇ ਵੀ ਚੌਕਸੀ ਵਧਾ ਦਿਤੀ ਗਈ ਹੈ, ਜਿਥੋਂ ਦਰਿਆ ਦਾ ਪਾਣੀ ਪਾਕਿ ਅਤੇ ਫਿਰ ਭਾਰਤ ਵੱਲ ਨੂੰ ਵਹਿੰਦਾ ਹੈ। ਮੌਜੂਦਾ ਸਮੇਂ ਵਿਚ ਅਜਿਹੇ ਪੁਆਇੰਟਾਂ ਉਤੇ ਪਾਣੀ ਦਾ ਪੱਧਰ ਘੱਟ ਹੈ, ਕਿਉਂਕਿ ਹੁਸੈਨੀਵਾਲਾ ਹੈਡ ਦੇ ਗੇਟਾਂ ਦੀ ਮਰੰਮਤ ਦਾ ਕੰਮ ਚੱਲ ਰਿਹਾ ਹੈ।
ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਮਮਦੋਟ ਵਿਚ ਤੈਨਾਤ ਬੀਐਸਐਫ ਦਾ ਇਕ ਸਿਪਾਹੀ ਸ਼ੇਖ ਰਿਆਜਉੱਦੀਨ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਮਿਰਜਾ ਫੈਸਲ ਨੂੰ ਗੁਪਤ ਸੂਚਨਾਵਾਂ ਦਿੰਦਾ ਹੋਇਆ ਫੜਿਆ ਗਿਆ ਸੀ, ਜੋ ਹੁਣ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਚ ਬੰਦ ਹੈ।