
ਕਿਹਾ - ਮੈਂ ਸੁਖਬੀਰ ਬਾਦਲ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ ਦੀ ਪਛਾਣ ਕਰ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਇਕ ਵੀ ਉਪਲੱਬਧੀ ਜਨਤਾ ਨੂੰ ਦੱਸਣੀ ਚਾਹੀਦੀ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਪੂਰਾ ਕੀਤਾ ਹੋਵੇ। ਐਨਡੀਏ ਸਰਕਾਰ 'ਚ ਦੇਸ਼ ਦੀ ਆਰਥਿਕ ਹਾਲਤ ਬਦਤਰ ਹੋਈ ਹੈ। ਨੋਟਬੰਦੀ ਤੋਂ ਬਾਅਦ ਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਹੋਇਆ ਹੈ। ਜਨਤਾ ਇਸ ਦੇ ਲਈ ਭਾਜਪਾ ਨੂੰ ਕਦੇ ਮਾਫ਼ ਨਹੀਂ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।
Captain Amarinder Singh
ਕੈਪਟਨ ਨੇ ਭਾਜਪਾ ਦੇ ਚੋਣ ਐਲਾਨ ਪੱਤਰ ਨੂੰ ਦੇਸ਼ ਦੇ ਨਾਂ 'ਤੇ ਇਕ ਭੱਦਾ ਮਜ਼ਾਕ ਦੱਸਦਿਆਂ ਕਿਹਾ ਕਿ ਪਹਿਲਾਂ ਭਾਜਪਾ ਨੂੰ ਆਪਣੇ ਪਿਛਲੇ 5 ਸਾਲ ਦਾ ਹਿਸਾਬ ਦੇਣਾ ਚਾਹੀਦਾ ਹੈ। ਜਨਤਾ ਨੇ ਉਨ੍ਹਾਂ ਦੇ ਸੰਕਲਪ ਪੱਤਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਇਕ ਵਾਰ ਫਿਰ ਗੁੰਮਰਾਹ ਕਰਨ ਲਈ ਸੰਕਲਪ ਪੱਤਰ ਪੇਸ਼ ਕੀਤਾ ਹੈ, ਜਿਸ 'ਤੇ ਜਨਤਾ ਹੁਣ ਭਰੋਸਾ ਕਰਨ ਵਾਲੀ ਨਹੀਂ। ਕੈਪਟਨ ਨੇ ਕਿਹਾ ਕਿ ਭਾਜਪਾ ਤਾਂ ਆਪਣੇ ਪਹਿਲੇ ਚੋਣ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ। ਹੁਣ ਉਹ ਨਵੇਂ ਵਾਅਦਿਆਂ ਨੂੰ ਕਿਵੇਂ ਪੂਰਾ ਕਰੇਗੀ। ਲੋਕਾਂ ਨੂੰ ਭਾਜਪਾ ਦੇ ਚੋਣ ਸੰਕਲਪ ਪੱਤਰ 'ਤੇ ਭਰੋਸਾ ਨਹੀਂ ਹੈ।
Sukhbir Singh Badal
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਣੇ ਪੁਰਾਣੇ ਮੈਨੀਫੈਸਟੋ 'ਚ ਹਰ ਸਾਲ 2 ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕੈਪਟਨ ਨੇ ਕਿਹਾ ਕਿ ਸੁਖਬੀਰ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਕਈ ਸਮੱਸਿਆਵਾਂ ਪੈਦਾ ਕੀਤੀਆਂ। ਮੈਂ ਉਨ੍ਹਾਂ ਸਮੱਸਿਆਵਾਂ ਦੀ ਪਛਾਣ ਕਰ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਲੋਕਾਂ ਨੇ ਉਨ੍ਹਾਂ ਨੂੰ ਸੂਬੇ 'ਚ ਸੱਤਾ ਤੋਂ ਬਾਹਰ ਕੀਤਾ ਅਤੇ ਇਸ ਵਾਰ ਵੀ ਲੋਕ ਉਨ੍ਹਾਂ ਨੂੰ ਕਰਾਰ ਜਵਾਬ ਦੇਣਗੇ।
ਕੈਪਟਨ ਨੇ ਕਿਹਾ ਕਿ ਚੋਣ ਐਲਾਨ ਪੱਤਰ ਇਕ ਪਵਿੱਤਰ ਦਸਤਾਵੇਜ਼ ਹੁੰਦਾ ਹੈ, ਜਿਸ ਵਿਚ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਹਰ ਪਾਰਟੀ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਲਗਾਤਾਰ ਖ਼ੁਦਕੁਸ਼ੀਆਂ ਕਰ ਰਹੇ ਹਨ ਜਦੋਂਕਿ ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮਾਫ਼ ਕਰਨ ਦੀ ਕਿਸੇ ਵਿਵਸਥਾ ਦਾ ਜ਼ਿਕਰ ਆਪਣੇ ਸੰਕਲਪ ਪੱਤਰ ਵਿਚ ਨਹੀਂ ਕੀਤਾ।