
ਦੋ ਸਾਲ ਪਹਿਲਾਂ ਕੇਂਦਰ ਸਰਕਾਰ ਵਲੋਂ ਨਵੰਬਰ ਨੂੰ ਲਾਗੂ ਕੀਤੀ ਨੋਟਬੰਦੀ ਤਹਿਤ, ਪੁਰਾਣੀ ਕਰੰਸੀ ਬੰਦ ਕਰਕੇ ਨਵੇਂ ਨੋਟ ਛਾਪ ਕੇ, ਮੁਲਕ ਦੇ ਅਰਥਚਾਰੇ 'ਚ..........
ਚੰਡੀਗੜ੍ਹ : ਦੋ ਸਾਲ ਪਹਿਲਾਂ ਕੇਂਦਰ ਸਰਕਾਰ ਵਲੋਂ ਨਵੰਬਰ ਨੂੰ ਲਾਗੂ ਕੀਤੀ ਨੋਟਬੰਦੀ ਤਹਿਤ, ਪੁਰਾਣੀ ਕਰੰਸੀ ਬੰਦ ਕਰਕੇ ਨਵੇਂ ਨੋਟ ਛਾਪ ਕੇ, ਮੁਲਕ ਦੇ ਅਰਥਚਾਰੇ 'ਚ ਕੀਤੀ ਉਥਲ-ਪੁਥਲ ਅਤੇ ਇਸ ਨੀਤੀ ਦੇ ਮਾੜੇ ਪ੍ਰਭਾਵ ਵਿਰੁਧ ਕਾਂਗਰਸੀ ਲੀਡਰਾਂ ਤੇ ਵਰਕਰਾਂ ਨੇ ਸਾਰੇ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ 'ਚ ਮੁਜ਼ਾਹਰੇ ਕੀਤੇ, ਧਰਨੇ ਲਾਏ ਅਤੇ ਰਿਜ਼ਰਵ ਬੈਂਕ ਦੇ ਗੇਟ ਸਾਹਮਣੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਸੈਕਟਰ 17 ਦੇ ਆਰ.ਬੀ.ਆਈ. ਦਫ਼ਤਰ ਅੱਗੇ ਕਾਂਗਰਸੀ ਨੇਤਾਵਾਂ ਜਿਨ੍ਹਾਂ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਸ਼ਾਮਲ ਸਨ,
ਅਤੇ ਸੈਂਕੜੇ ਵਰਕਰਾਂ ਨੇ ਹੱਥ 'ਚ ਤਖ਼ਤੀਆਂ ਫੜ ਕੇ ਨਾਹਰੇ ਲਾਏ। ਮੋਦੀ ਸਰਕਾਰ ਦੀਆਂ ਨੋਟਬੰਦੀ ਤੇ ਜੀ.ਐਸ.ਟੀ. ਦੀਆਂ ਖ਼ਾਮੀਆਂ 'ਤੇ ਚਾਨਣਾ ਪਾਉਂਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ 2019 'ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਾਸਤੇ ਨੋਟਬੰਦੀ ਤੇ ਜੀ.ਐਸ.ਟੀ. ਨੂੰ ਮੁੱਖ ਮੁੱਦਾ ਬਣਾਇਆ ਜਾਵੇਗਾ। ਜਾਖੜ ਨੇ ਪੁਛਿਆ ਕਿ ਕਾਲਾ ਧਨ ਬਾਹਰਲੇ ਬੈਂਕਾਂ ਵਿਚੋਂ ਮੁਲਕ ਵਾਸਤੇ ਖਿੱਚ ਕੇ ਲਿਆਉਣ ਦਾ ਵਾਅਦਾ ਕਰਨ ਵਾਲੇ ਨਰਿੰਦਰ ਮੋਦੀ ਨੇ ਅਜੇ ਤੱਕ ਕੁਝ ਨਹੀਂ ਕੀਤਾ, ਉਤੋਂ ਦੇਸ਼ ਦੇ ਅਰਥਚਾਰੇ ਵਿਚ ਆਏ ਸੰਕਟ ਨੂੰ ਠੀਕ ਕਰਨ ਲਈ ਰਿਜ਼ਰਵ ਬੈਂਕ ਨੂੰ 3,44000 ਕਰੋੜ ਬਾਕੀ ਬੈਂਕਾਂ ਤੇ ਵਿੱਤੀ ਅਦਾਰਿਆਂ ਦੀ ਭਰ ਪਾਈ
ਕਰਨ ਦੇ ਹੁਕਮ ਦਿੱਤੇ ਹਨ। ਕਾਂਗਰਸੀ ਨੇਤਾਵਾਂ, ਵਰਕਰਾਂ ਦੇ ਹੱਥਾਂ ਵਿਚ ਫੜੇ ਹੋਏ ਝੰਡੇ, ਬੈਨਰਾਂ ਤੇ ਤਖ਼ਤੀਆਂ ਉਤੇ ਲਿਖਿਆ ਸੀ- ''ਆਰ.ਬੀ.ਆਈ ਨੂੰ ਸਰਕਾਰ ਤੋਂ ਬਚਾਉ'' ''ਕੇਂਦਰ ਸਰਕਾਰ - ਹਾਇ-ਹਾਇ '' ''ਕਾਲਾ ਧਨ ਕਿਸ ਦੀ ਜੇਬ ਵਿਚ ਗਿਆ? '' ''ਦੇਸ਼ ਭੁਗਤ ਰਿਹਾ-ਨੋਟਬੰਦੀ ਦੀ ਮਾਰ'' ''ਛੋਟਾ-ਕਾਰੋਬਾਰ ਵਾਲਾ ਤਬਾਹ ਹੋ ਗਿਆ'' ਧਰਨੇ ਤੇ ਨਾਹਰੇ-ਬਾਜ਼ੀ ਦੌਰਾਨ ਮੋਦੀ ਸਰਕਾਰ ਵਿਰੁਧ ਭੜਾਸ ਕੱਢਣ ਦੇ ਨਾਲ ਨਾਲ ''ਸੁਨੀਲ ਜਾਖੜ ਜ਼ਿੰਦਾਬਾਦ'' ਤੇ ''ਬਲਬੀਰ ਸਿੱਧੂ-ਜ਼ਿੰਦਾਬਾਦ'' ਦੇ ਨਾਹਰੇ ਵੀ ਲਗਾਤਾਰ ਜਾਰੀ ਰਹੇ। ਕਈ ਵਰਕਰਾਂ ਨੇ ''ਰਾਹੁਲ ਗਾਂਧੀ ਜਿੰਦਾਬਾਦ'' ਦੇ ਨਾਹਰੇ ਵੀ ਲਾਏ।