
ਸਿੱਖਿਆ ਸਕੱਤਰ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੀ ਸ਼ਾਬਾਸ਼
ਚੰਡੀਗੜ੍ਹ- ਬੋਰਡ ਦੇ ਇਤਿਹਾਸ 'ਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ 10ਵੀਂ ਤੇ ਬਾਰ੍ਹਵੀਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਰਹੇ। ਐੱਸ.ਏ.ਐੱਸ. ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਦੀ ਝਲਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਇਸ ਵਾਰ ਵਿਸ਼ੇਸ਼ ਝਲਕਦੀ ਨਜ਼ਰ ਆਉਣ ਲੱਗੀ ਹੈ। ਪਿਛਲੇ ਦਿਨੀਂ ਜਾਰੀ ਦਸਵੀਂ ਦੇ ਨਤੀਜਿਆਂ ਵਿਚ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਰਿਹਾ ਹੀ ਸੀ ਪਰ ਬਾਰ੍ਹਵੀਂ ਦੇ ਜਾਰੀ ਨਤੀਜਿਆਂ ਵਿਚ ਵੀ ਸਰਕਾਰੀ ਸਕੂਲਾਂ ਨੇ ਬਾਜੀ ਮਾਰ ਲਈ ਹੈ।
10th Result
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬਾਰ੍ਹਵੀਂ ਜਮਾਤ ਦੇ ਆਏ ਸ਼ਾਨਦਾਰ ਨਤੀਜਿਆਂ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਲ 2019 ਦੇ ਬੋਰਡ ਦੀਆਂ ਸਾਰੀਆਂ ਜਮਾਤਾਂ ਦੇ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਨੇ ਸਲਾਹੁਣਯੋਗ ਪ੍ਰਦਰਸ਼ਨ ਕਰਦਿਆਂ ਨਵਾਂ ਇਤਿਹਾਸ ਸਿਰਜਿਆ ਹੈ ਜੋ ਕਿ ਸਿੱਖਿਆ ਵਿਭਾਗ ਲਈ ਗੌਰਵ ਤੇ ਮਾਣ ਵਾਲੀ ਗੱਲ ਹੈ। ਉਹਨਾਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹਨਾਂ ਨੇ ਵਿਦਿਆਰਥੀਆਂ ਦੀ ਵਧੀਆ ਕਾਰਗੁਜਾਰੀ ਲਈ ਯੋਗ ਯੋਜਨਾਬੰਦੀ ਕੀਤੀ ਤੇ ਮਿਹਨਤੀ ਅਧਿਆਪਕਾਂ ਨੇ ਸਫ਼ਲਤਾਪੂਰਵਕ ਤੇ ਸੁਚਾਰੂ ਢੰਗ ਨਾਲ ਲਾਗੂ ਕਰਕੇ ਅੱਵਲ ਪਰਿਣਾਮ ਹਾਸਲ ਕੀਤੇ ਹਨ।
12th Result
ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਧੀਆਂ ਨਤੀਜਿਆਂ ਦੀ ਮੁਬਾਰਕਬਾਦ ਦਿੰਦਿਆਂ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਸਾਲ ਬਾਰ੍ਹਵੀਂ ਜਮਾਤ ਦੇ ਨਤੀਜੇ 86.41 ਫੀਸਦੀ ਰਹੇ ਹਨ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 20 ਫੀਸਦੀ ਵੱਧ ਆਏ ਹਨ। ਸਾਲ 2018 ਵਿੱਚ ਇਹ ਨਤੀਜੇ 65.97 ਫੀਸਦੀ ਰਹੇ ਸਨ| ਇਸ ਤੋਂ ਇਲਾਵਾ ਪਹਿਲੀ ਵਾਰ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਵੱਧ ਪਾਸ ਪ੍ਰਤੀਸ਼ਤਤਾ ਵੀ ਦਰਜ ਕੀਤੀ ਹੈ ਜੋ ਕਿ ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜਾਰੀ ਨੂੰ ਦਰਸਾਉਂਦੇ ਹਨ।
Punjab School Education Board
ਉਹਨਾਂ ਪੰਜਾਬ ਦੇ ਮੁੱਖ ਦਫ਼ਤਰ ਦੇ ਸਿੱਖਿਆ ਅਧਿਕਾਰੀਆਂ, ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ, ਸਟੇਟ ਨੋਡਲ ਅਫ਼ਸਰਾਂ, ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਮੂਹ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹਨਾਂ ਵਧੀਆ ਨਤੀਜਿਆਂ ਲਈ ਉਚੇਚੇ ਤੌਰ 'ਤੇ ਮੁਬਾਰਕਬਾਦ ਵੀ ਦਿੱਤੀ। ਇਸ ਵਾਰ ਦੇ ਨਤੀਜਿਆਂ ਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਾਫ਼ ਝਲਕਦਾ ਹੈ ਕਿ ਸਾਇੰਸ ਗਰੁੱਪ ਵਿੱਚ 83.44 ਫੀਸਦੀ ਨਤੀਜਾ ਆਇਆ ਹੈ ਕੋ ਕਿ ਪਿਛਲੇ ਸਾਲ ਦੇ ਨਤੀਜੇ 58.88 ਫੀਸਦੀ ਸਨ, ਨਾਲੋਂ 24.56 ਫੀਸਦੀ ਵੱਧ ਹੈ।
PSEB Result
ਜੇ ਸਾਇੰਸ ਗਰੁੱਪ ਵਿੱਚ ਮੈਡੀਕਲ ਅਤੇ ਨਾਨ-ਮੈਡੀਕਲ ਨੂੰ ਵੱਖ ਕਰਕੇ ਦੇਖੀਏ ਤਾਂ ਪਿਛਲੇ ਸਾਲ ਨਾਲੋਂ ਮੈਡੀਕਲ ਦਾ ਨਤੀਜਾ 22.5 ਫੀਸਦੀ ਵੱਧ ਅਤੇ ਨਾਨ ਮੈਡੀਕਲ ਦਾ 26 ਫੀਸਦੀ ਨਤੀਜਾ ਵੱਧ ਆਇਆ ਹੈ। ਆਰਟਸ ਗਰੁੱਪ ਵਿੱਚ ਪਿਛਲ਼ੇ ਸਾਲ ਨਾਲੋਂ 18 ਫੀਸਦੀ ਨਤੀਜਾ ਵਧਿਆ ਹੈ। ਪਿਛਲੇ ਸਾਲ ਆਰਟਸ ਗਰੁੱਪ ਦਾ ਨਤੀਜਾ 68.46 ਸੀ ਅਤੇ ਇਸ ਸਾਲ ਇਹ ਨਤੀਜਾ 86.4 ਫੀਸਦੀ ਆਇਆ ਹੈ| ਕਾਮਰਸ ਗਰੁੱਪ ਵਿੱਚ ਨਤੀਜਾ 90.34 ਫੀਸਦੀ ਆਇਆ ਹੈ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 5 ਫੀਸਦੀ ਵੱਧ ਹੈ।
ਇਸੇ ਤਰ੍ਹਾਂ ਜੇਕਰ ਵਿਸ਼ਾ ਵਾਇਜ਼ ਅੰਕੜਿਆਂ ਤੇ ਝਾਤ ਮਾਰੀਏ ਤਾਂ ਇਸ ਸਾਲ ਕਮਿਸਟਰੀ ਵਿਸ਼ੇ ਵਿੱਚ 24 ਫੀਸਦੀ ਨਤੀਜੇ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਗਣਿਤ ਵਿੱਚ 18 ਫੀਸਦੀ, ਫਿਜਿਕਸ ਵਿੱਚ 17.5 ਫੀਸਦੀ, ਜੀਵ ਵਿਗਿਆਨ ਵਿੱਚ 15 ਫੀਸਦੀ, ਇਤਿਹਾਸ ਵਿੱਚ 11 ਫੀਸਦੀ, ਰਾਜਨੀਤੀ ਸ਼ਾਸ਼ਤਰ ਵਿੱਚ 10 ਫੀਸਦੀ ਨਤੀਜਾ ਵਧਿਆ ਹੈ| ਇਸ ਸਾਲ ਅੰਗਰੇਜ਼ੀ ਦਾ 12 ਫੀਸਦੀ ਨਤੀਜਾ ਵਧਿਆ ਹੈ।