
ਮੁਲਜ਼ਮਾਂ ਵਿਰੁਧ ਥਾਣਾ ਮੌੜ ਵਿਚ ਅਸਲਾ ਐਕਟ ਤਹਿਤ ਕੇਸ ਦਰਜ
Punjab News: ਜ਼ਿਲ੍ਹਾ ਬਠਿੰਡਾ ਦੇ ਸੀਆਈਏ ਸਟਾਫ਼-1 ਦੀ ਟੀਮ ਨੇ ਗਸ਼ਤ ਦੌਰਾਨ ਮੌੜ ਮੰਡੀ ਤੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਾਜਾਇਜ਼ ਅਸਲਾ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਕਾਬੂ ਕੀਤੇ ਮੁਲਜ਼ਮਾਂ ਵਿਰੁਧ ਥਾਣਾ ਮੌੜ ਵਿਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਉਕਤ ਹਥਿਆਰ ਕਿਸ ਮਕਸਦ ਲਈ ਖਰੀਦੇ ਸਨ। ਡੀਐਸਪੀ (ਮੌੜ) ਰਾਹੁਲ ਭਾਰਦਵਾਜ ਨੇ ਦਸਿਆ ਕਿ ਸੀਆਈਏ ਸਟਾਫ਼ 1 ਦੀ ਪੁਲਿਸ ਟੀਮ ਮੌੜ-ਬਠਿੰਡਾ ਲਿੰਕ ਰੋਡ ’ਤੇ ਪਿੰਡ ਰਾਮਨਗਰ ਨੇੜੇ ਗਸ਼ਤ ਕਰ ਰਹੀ ਸੀ।
ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ 315 ਬੋਰ ਦੇਸੀ ਪਿਸਤੌਲ, ਇਕ ਪਿਸਤੌਲ ਅਤੇ 32 ਬੋਰ ਦਾ ਦੇਸੀ ਕੱਟਾ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਨ੍ਹਾਂ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਜ਼ਿਲ੍ਹਾ ਬਠਿੰਡਾ ਅਤੇ ਬਚਿੱਤਰ ਸਿੰਘ ਵਾਸੀ ਪਿੰਡ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਕੋਈ ਵਾਰਦਾਤ ਕਰਨ ਦੀ ਤਾਕ ਵਿਚ ਘੁੰਮ ਰਹੇ ਸਨ ਅਤੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਕਤ ਵਿਅਕਤੀ ਕਿਹੜੇ ਅਪਰਾਧ ਨੂੰ ਅੰਜਾਮ ਦੇਣਾ ਚਾਹੁੰਦੇ ਸਨ।
ਡੀਐਸਪੀ ਨੇ ਦਸਿਆ ਕਿ 33 ਸਾਲਾ ਮੁਲਜ਼ਮ ਹਰਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਮੌੜ ਅਤੇ ਮਾਨਸਾ ਵਿਚ ਵੱਖ-ਵੱਖ ਥਾਣਿਆਂ ਵਿਚ ਆਬਕਾਰੀ ਅਤੇ ਐਨਡੀਪੀਐਸ ਤੋਂ ਇਲਾਵਾ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 9 ਕੇਸ ਦਰਜ ਹਨ।
(For more Punjabi news apart from Bathinda police arrested 2 with weapon, stay tuned to Rozana Spokesman)