
ਪੀੜਤਾਂ ਨੂੰ ਲੱਭਣ ਤੋਂ ਇਲਾਵਾ ਉਨ੍ਹਾਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਲਈ ਕਾਰਵਾਈ ਜਾਰੀ
ਚੰਡੀਗੜ੍ਹ: ਹਾਲ ਹੀ ਦੇ ਹਫ਼ਤਿਆਂ ਵਿਚ ਓਮਾਨ ’ਚ 23 ਪੰਜਾਬੀ ਔਰਤਾਂ ਨੂੰ ਆਧੁਨਿਕ ਗ਼ੁਲਾਮੀ ਤੋਂ ਮੁਕਤ ਕਰਵਾਇਆ ਗਿਆ ਹੈ, ਜਦਕਿ ਅਜੇ ਵੀ ਸੂਬੇ ਦੀਆਂ ਘੱਟੋ-ਘੱਟ 14 ਹੋਰ ਔਰਤਾਂ ਦੀ ਵਤਨ ਵਾਪਸੀ ਲਈ ਯਤਨ ਕੀਤੇ ਜਾ ਰਹੇ ਹਨ। ਹੋਰ ਪੀੜਤਾਂ ਨੂੰ ਲੱਭਣ ਤੋਂ ਇਲਾਵਾ ਉਨ੍ਹਾਂ ਨੂੰ ਬਚਾਉਣ ਅਤੇ ਵਾਪਸ ਲਿਆਉਣ ਲਈ ਕਾਰਵਾਈ ਜਾਰੀ ਹੈ। ਇਸ ਮਕਸਦ ਲਈ ਓਮਾਨ ਵਿਚ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਦਾ ਸਹਿਯੋਗ ਲਿਆ ਗਿਆ ਹੈ। ਬਚਾਅ ਕਾਰਜ ਦੀ ਅਗਵਾਈ ਕਰਨ ਵਾਲੇ ਸਨ ਫਾਊਂਡੇਸ਼ਨ ਦੇ ਸੀ.ਈ.ਓ. ਗੁਰਬੀਰ ਸਿੰਘ ਸੰਧੂ ਨੇ ਕਿਹਾ, "ਪ੍ਰਾਜੈਕਟ ਸਾਡੀ ਉਮੀਦ ਨਾਲੋਂ ਬਹੁਤ ਵੱਡਾ ਸਾਬਤ ਹੋਇਆ ਕਿਉਂਕਿ ਬਹੁਤ ਸਾਰੀਆਂ ਹੋਰ ਲੜਕੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।"
ਇਹ ਵੀ ਪੜ੍ਹੋ: ਲੁਧਿਆਣਾ ’ਚ 7 ਨਹੀਂ ਸਗੋਂ ਹੋਈ ਸਾਢੇ 8 ਕਰੋੜ ਦੀ ਲੁੱਟ, ਅੱਖਾਂ ’ਚ ਮਿਰਚਾਂ ਪਾ ਕੇ ਫਰਾਰ ਹੋਏ ਸਨ ਲੁਟੇਰੇ
ਇਸ ਮਾਮਲੇ ਦਾ ਸੱਭ ਤੋਂ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਵੱਡੀ ਗਿਣਤੀ ਵਿਚ ਮਹਿਲਾ ਏਜੰਟਾਂ ਨੇ ਅਪਣੇ ਆਂਢ-ਗੁਆਂਢ ਜਾਂ ਪਿੰਡ ਦੀਆਂ ਗਰੀਬ ਔਰਤਾਂ ਨੂੰ ਇੱਜ਼ਤਦਾਰ ਕੰਮ ਅਤੇ ਚੰਗੀ ਤਨਖ਼ਾਹ ਦੇ ਵਾਅਦੇ ਨਾਲ ਓਮਾਨ ਭੇਜਿਆ ਸੀ। ਜਲੰਧਰ ਵਿਚ ਤਿੰਨ ਮਹਿਲਾ ਟਰੈਵਲ ਏਜੰਟਾਂ (ਜਿਨ੍ਹਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ) ਵਿਰੁਧ ਦਰਜ ਐਫ.ਆਈ.ਆਰ. ਤੋਂ ਬਾਅਦ ਤਸਕਰੀ ਦੇ ਨੈੱਟਵਰਕ ਵਿਚ ਘੱਟੋ-ਘੱਟ ਛੇ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: 14 ਸਾਲਾ ਨੌਜੁਆਨ ਦੀ ਕਾਬਲੀਅਤ ਦੇ ਮੁਰੀਦ ਹੋਏ ਐਲੋਨ ਮਸਕ
ਹੁਸ਼ਿਆਰਪੁਰ ਵਿਚ ਅੱਠ ਏਜੰਟਾਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਛੇ ਔਰਤਾਂ ਹਨ। ਇਸ ਨਾਲ ਨਾਮਜ਼ਦ ਕੀਤੀਆਂ ਗਈਆਂ ਮਹਿਲਾ ਏਜੰਟਾਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ। ਇਨ੍ਹਾਂ ਵਿਚੋ ਸਿਰਫ਼ ਦੋ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਜਿਨ੍ਹਾਂ ਦੋ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ, ਉਹ ਵੀ ਫ਼ਰਾਰ ਹਨ। ਇਹਨਾਂ ਵਿਚੋਂ ਦੋ ਮਹਿਲਾ ਏਜੰਟ ਵਿਦੇਸ਼ਾਂ ਵਿਚ ਰਹਿੰਦੀਆਂ ਹਨ, ਅਤੇ ਇਥੇ ਰਹਿ ਰਹੇ ਉਨ੍ਹਾਂ ਦੇ ਪ੍ਰਵਾਰਾਂ ਵਲੋਂ ਔਰਤਾਂ ਨੂੰ ਖਾੜੀ ਦੇਸ਼ਾਂ ਵੱਲ ਜਾਣ ਲਈ ਲੁਭਾਇਆ ਜਾ ਰਿਹਾ ਹੈ। ਇਨ੍ਹਾਂ ਦਾ ਲਾਲਚ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕਈ ਲੋਕਾਂ ਨੇ ਅਪਣੇ ਰਿਸ਼ਤੇਦਾਰਾਂ ਨੂੰ ਵੀ ਇਸ ਮੁਸ਼ਕਲ ਵਿਚ ਫਸਾਇਆ ਹੈ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣੇ ਪ੍ਰਿੰਸੀਪਲ ਬੁੱਧਰਾਮ, ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ
ਜਲੰਧਰ ਜ਼ਿਲ੍ਹੇ ਦੇ ਮਾਮਲਿਆਂ ਦੇ ਨੋਡਲ ਅਫ਼ਸਰ, ਜਲੰਧਰ ਦੇ ਐਸ.ਪੀ. ਮਨਜੀਤ ਕੌਰ ਨੇ ਕਿਹਾ, " ਸਿਰਫ਼ 10,000 ਰੁਪਏ ਲਈ ਮਹਿਲਾ ਏਜੰਟਾਂ ਨੇ ਅਪਣੇ ਰਿਸ਼ਤੇਦਾਰਾਂ ਨੂੰ ਮਾਮੂਲੀ ਨੌਕਰੀਆਂ ਲਈ ਵਿਦੇਸ਼ ਭੇਜਿਆ।" ਨਾਮਜ਼ਦ ਕੀਤੇ ਗਏ ਏਜੰਟਾਂ ਵਿਚ ਊਸ਼ਾ ਰਾਣੀ ਵਾਸੀ ਸ਼ੇਰਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ (ਮੌਜੂਦਾ ਸਮੇਂ ਦੁਬਈ ਵਿਚ) ਉਸ ਦੇ ਮਾਤਾ ਗੀਤਾ ਰਾਣੀ ਅਤੇ ਭਰਾ ਬੱਲੂ (ਸ਼ੇਰਗੜ੍ਹ ਵਿਚ ਰਹਿੰਦੇ ਸਨ), ਨਵਜੋਤ ਕੌਰ (ਫਿਲਹਾਲ ਓਮਾਨ ਵਿਚ) ਵਾਸੀ ਮੁਖਲਿਆਨਾ ਉਸ ਦੇ ਮਾਤਾ ਨਿੰਦਰ ਕੌਰ ਅਤੇ ਭਰਾ ਰਵੀ ਕੁਮਾਰ ਮੁਖਲਿਆਨਾ ਵਿਖੇ ਰਹਿ ਰਹੇ ਹਨ ਅਤੇ ਫੁਗਲਾਣਾ ਵਾਸੀ ਰਮਨ ਸ਼ਾਮਲ ਹਨ। ਫਿਰੋਜ਼ਪੁਰ ਦੀ ਮਹਿਲਾ ਏਜੰਟ ਡਿੰਪਲ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਦੇ ਐਸ.ਪੀ. (ਡਿਟੈਕਟਿਵ) ਸਰਬਜੀਤ ਸਿੰਘ ਬਾਹੀਆ ਨੇ ਦਸਿਆ ਕਿ ਅੱਠ ਲੋਕਾਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਹੈ, ਅਤੇ ਉਨ੍ਹਾਂ ਵਿਚੋਂ ਕੁੱਝ ਵਿਦੇਸ਼ ਹਨ।