
ਕਿਸੇ ਸਮੇਂ ਅਮਰੀਕਾ ਵਰਗੇ ਦੇਸ਼ ਦੀ ਟੀਮ ਵਿਚ ਖੇਡਣ ਵਾਲਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭੰਮਰਾ ਅੱਜ ਸਰਕਾਰਾਂ ਅਤੇ ਖੇਡ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੋ ...
ਬਰਨਾਲਾ : ਕਿਸੇ ਸਮੇਂ ਅਮਰੀਕਾ ਵਰਗੇ ਦੇਸ਼ ਦੀ ਟੀਮ ਵਿਚ ਖੇਡਣ ਵਾਲਾ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭੰਮਰਾ ਅੱਜ ਸਰਕਾਰਾਂ ਅਤੇ ਖੇਡ ਸੰਸਥਾਵਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ....ਵਿਦੇਸ਼ਾਂ ਵਿਚੋਂ ਉਸ ਨੂੰ ਕਾਫ਼ੀ ਮਾਣ ਸਨਮਾਨ ਹਾਸਲ ਹੋਏ ਪਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਉਸ ਨੂੰ ਅਜਿਹਾ ਕੋਈ ਵੀ ਮਾਣ ਸਨਮਾਨ ਨਹੀਂ ਦਿਤਾ ਗਿਆ, ਜਿਸ ਨਾਲ ਉਸ ਦੀ ਹੌਂਸਲਾ ਅਫ਼ਜ਼ਾਈ ਹੋ ਸਕੇ।
Satnam Singh Bhamra
ਦਸਵੀਂ ਪੜ੍ਹਿਆ ਹੋਣ ਕਰਕੇ ਉਸ ਨੇ ਕਦੇ ਵੀ ਸਰਕਾਰ ਕੋਲੋਂ ਨੌਕਰੀ ਦੀ ਮੰਗ ਨਹੀਂ ਕੀਤੀ ਪਰ ਹੈਰਾਨੀ ਦੀ ਗੱਲ ਹੈ ਕਿ ਕਦੇ ਸਰਕਾਰਾਂ ਨੇ ਵੀ ਇਸ ਪ੍ਰਤਿਭਾਸ਼ਾਲੀ ਖਿਡਾਰੀ ਦੀ ਕਦੇ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਸਕਟਬਾਲ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਾ ਸਤਨਾਮ ਸਿੰਘ ਅੱਜ ਵੀ ਅਪਣੀ ਖੇਡ ਜਾਰੀ ਰੱਖਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ।
Satnam Singh Bhamra
ਉਹ ਭਾਰਤ ਦਾ ਪਹਿਲਾ ਅਜਿਹਾ ਬਾਸਕਟਬਾਲ ਖਿਡਾਰੀ ਹੈ, ਜਿਸ ਨੂੰ ਅਪ੍ਰੈਲ 2015 ਵਿਚ ਅਮਰੀਕਾ ਦੀ ਵੱਕਾਰੀ ਖੇਡ ਸੰਸਥਾ ਐਨਬੀਏ ਲਈ ਚੁਣਿਆ ਗਿਆ ਸੀ... ਹੈਰਾਨੀ ਦੀ ਗੱਲ ਇਹ ਹੈ ਕਿ 7 ਫੁੱਟ 2 ਕੱਦ ਵਾਲਾ ਇਹ ਉਚਾ ਲੰਮਾ ਗੱਭਰੂ ਕਿਸੇ ਪੜ੍ਹਾਈ ਦੇ ਬੇਸ 'ਤੇ ਨਹੀਂ ਬਲਕਿ ਅਪਣੇ ਖੇਡ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ।
Satnam Singh Bhamra With Sachin
10 ਦਸੰਬਰ 1995 ਨੂੰ ਬਰਨਾਲਾ ਦੇ ਪਿੰਡ ਬੱਲੋਕੇ ਵਿਖੇ ਜਨਮਿਆ ਇਹ ਨੌਜਵਾਨ ਪਹਿਲਾਂ ਭਾਰਤੀ ਟੀਮ ਵਿਚ ਵੀ ਖੇਡ ਚੁੱਕਿਆ ਹੈ...ਇਸ ਤੋਂ ਬਾਅਦ ਉਹ ਸਾਲ 2010 ਵਿਚ ਆਈਐਮਜੀ ਅਕੈਡਮੀ ਅਤੇ ਰਿਲਾਇੰਸ ਵਜ਼ੀਫ਼ਾ ਪ੍ਰੋਗਰਾਮ ਅਧੀਨ ਅਮਰੀਕਾ ਚਲਿਆ ਗਿਆ...ਜਿੱਥੇ ਉਸ ਨੇ ਆਈਐਮਜੀ ਅਕੈਡਮੀ ਵਲੋਂ ਖੇਡਦੇ ਹੋਏ ਅਜਿਹਾ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ ਕਿ ਪੂਰੀ ਦੁਨੀਆ ਉਸ ਦੀ ਫੈਨ ਹੋ ਗਈ। 2011 ਵਿਚ ਉਸ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਵਿਚ ਫੀਬਾ ਚੈਂਪੀਅਨਸ਼ਿਪ ਖੇਡੀ ਅਤੇ ਫਿਰ 2013 ਵਿਚ ਫੀਬਾ ਏਸ਼ੀਆ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ।
Satnam Singh Bhamra
ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਵੱਡੇ-ਵੱਡੇ ਦਿੱਗਜ਼ ਖਿਡਾਰੀਆਂ ਨੇ ਸਤਨਾਮ ਦੀ ਖੇਡ ਨੂੰ ਸਰਾਹਿਆ.....ਟੀਵੀ ਚੈਨਲਾਂ, ਅਖ਼ਬਾਰਾਂ ਨੇ ਉਸ ਦੀ ਖੇਡ ਬਾਰੇ ਕਾਫ਼ੀ ਕੁੱਝ ਲਿਖਿਆ, ਉਸ 'ਤੇ ਡਾਕੁਮੈਂਟਰੀ ਫਿਲਮ 'ਵਨ ਆਫ਼ ਦਿ ਬਿਲੀਅਨ' ਭਾਵ ਕਿ ਕਰੋੜਾਂ ਵਿਚੋਂ ਇਕ ਵੀ ਬਣਾਈ ਗਈ....ਪਰ ਅੱਜ ਜਦੋਂ ਐਨਬੀਏ ਨਾਲੋਂ ਇਸ ਖਿਡਾਰੀ ਦਾ ਕੰਟਰੈਕਟ ਖ਼ਤਮ ਹੋ ਗਿਆ ਹੈ ਅਤੇ ਉਹ ਅਮਰੀਕਾ ਤੋਂ ਵਾਪਸ ਭਾਰਤ ਆ ਗਿਆ ਹੈ ਤਾਂ ਉਸ ਨੂੰ ਜਿੱਥੇ ਖੇਡ ਸਹੂਲਤਾਂ ਦੀ ਘਾਟ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਉਥੇ ਹੀ ਉਹ ਆਰਥਿਕ ਤੰਗੀ ਨਾਲ ਵੀ ਜੂਝ ਰਿਹਾ ਹੈ।
Satnam Singh Bhamra
ਹੈਰਾਨੀ ਇਸ ਗੱਲ ਦੀ ਹੈ ਕਿ ਇਕ ਪਾਸੇ ਤਾਂ ਸਰਕਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਢਿੰਡੋਰਾ ਪਿੱਟ ਰਹੀਆਂ ਹਨ ਪਰ ਦੂਜੇ ਪਾਸੇ ਕੌਮਾਂਤਰੀ ਪੱਧਰ ਦਾ ਇਹ ਖਿਡਾਰੀ ਸਰਕਾਰਾਂ ਦੀ ਅਣਦੇਖੀ ਕਾਰਨ ਦੋ ਵਕਤ ਦੀ ਰੋਟੀ ਤੋਂ ਵੀ ਲਾਚਾਰ ਹੁੰਦਾ ਨਜ਼ਰ ਆ ਰਿਹਾ ਹੈ... ਕੀ ਇਹੀ ਹੈ ਸਰਕਾਰਾਂ ਦੀ ਖੇਡ ਨੀਤੀ?