
ਆਪਾਂ ਰੋਜ਼ ਇਹ ਪੜ੍ਹ ਰਹੇ ਹਾਂ ਕਿ ਸਪੋਕਸਮੈਨ ਨਾਲ ਕੁੱਝ ਲੀਡਰ ਧੱਕਾ ਕਰ ਰਹੇ ਹਨ। ਮਾੜੇ ਲੀਡਰ ਤੇ ਮਾੜੀ ਸੋਚ ਵਾਲੇ ਲੋਕ ਇਹੀ ਬਿਆਨ ਦੇ ਰਹੇ ਹਨ
ਹਰੀ ਸਿੰਘ ਸੰਧੂ: ਆਪਾਂ ਰੋਜ਼ ਇਹ ਪੜ੍ਹ ਰਹੇ ਹਾਂ ਕਿ ਸਪੋਕਸਮੈਨ ਨਾਲ ਕੁੱਝ ਲੀਡਰ ਧੱਕਾ ਕਰ ਰਹੇ ਹਨ। ਮਾੜੇ ਲੀਡਰ ਤੇ ਮਾੜੀ ਸੋਚ ਵਾਲੇ ਲੋਕ ਇਹੀ ਬਿਆਨ ਦੇ ਰਹੇ ਹਨ ਕਿ ਸਪੋਕਸਮੈਨ ਅਖ਼ਬਾਰ ਨੂੰ ਨਾ ਪੜ੍ਹੋ ਤੇ ਨਾ ਹੀ ਖ਼ਰੀਦੋ। ਇਹ ਜ਼ਰਾ ਅਪਣੀ ਪੀੜ੍ਹੀ ਹੇਠ ਵੀ ਆਪ ਸੋਟਾ ਮਾਰਨ, ਇਹ ਆਪ ਕਿੰਨੇ ਕੁ ਚੰਗੇ ਹਨ। ਇਨ੍ਹਾਂ ਨੇ ਸਾਰਾ ਪੰਜਾਬ ਲੁੱਟ ਕੇ ਨੰਗ ਕਰ ਦਿਤਾ। ਨਸ਼ੇ ਲਿਆਉਣ ਵਾਲੇ ਵੀ ਇਹੀ ਹਨ। ਮੇਰੇ ਸਿੱਖ ਭਰਾ ਵੀ ਵਿਚ ਵਿਚ ਮਾੜੇ ਹਨ, ਜਿਹੜੇ ਮਗਰ ਐਵੇਂ ਹੀ ਝੰਡੇ ਚੁੱਕੀ ਫਿਰਦੇ ਹਨ। ਮੈਂ 2005 ਤੋਂ ਇਸ ਅਖ਼ਬਾਰ ਨਾਲ ਜੁੜਿਆ ਹੋਇਆ ਹਾਂ। ਮੈਨੂੰ ਤਾਂ ਇਸ ਦੀ ਕੋਈ ਗੱਲ ਮਾੜੀ ਨਹੀਂ ਲੱਗੀ।
ਮੇਰਾ ਖ਼ਿਆਲ ਹੈ ਕਿ ਇਹ ਇਕੋ-ਇਕੋ ਅਖ਼ਬਾਰ 'ਸਪੋਕਸਮੈਨ' ਹੀ ਹੈ, ਜੋ ਸੱਚ ਸਾਹਮਣੇ ਲੈ ਕੇ ਆਉਂਦਾ ਹੈ ਤੇ ਸਾਰੇ ਪਾਖੰਡੀਆਂ ਦੇ ਪੜਦੇ ਪਾੜਦਾ ਹੈ। ਭ੍ਰਿਸ਼ਟ ਲੀਡਰ, ਬਲਾਤਕਾਰੀ ਸਾਧ ਤੇ ਨਸ਼ੇ ਦੇ ਵਪਾਰੀ ਅਤੇ ਪਤਾ ਨਹੀਂ ਹਰ ਰੋਜ਼ ਕਿੰਨੇ ਹੋਰ ਇਸ ਦੇ ਕਲਾਵੇ ਵਿਚ ਆ ਘਿਰਦੇ ਹਨ। ਇਸ ਵਿਚ ਭ੍ਰਿਸ਼ਟ ਲੀਡਰਾਂ ਦੇ ਖ਼ਿਲਾਫ਼ ਬਹੁਤ ਕੁੱਝ ਲਿਖਿਆ ਹੁੰਦਾ ਹੈ। ਇਨ੍ਹਾਂ ਨੂੰ ਤਾਂ ਆਪੇ ਢਿੱਡ ਪੀੜ ਹੋਣੀ ਹੈ। ਮੈਨੂੰ ਅੱਗੇ ਹੀ ਪਤਾ ਹੈ ਕਿ ਸ. ਜੋਗਿੰਦਰ ਸਿੰਘ ਨੂੰ ਇਹ ਲੋਕ ਬਹੁਤ ਮਾੜਾ ਸਮਝਦੇ ਹਨ। ਮੈਨੂੰ ਦੁੱਖ ਹੈ ਕਿ ਜਥੇਦਾਰ ਗੁਰਬਚਨ ਸਿੰਘ ਵੀ ਇਨ੍ਹਾਂ ਨਾਲ ਰਲਿਆ ਹੋਇਆ ਹੈ।
ਤਾਹੀਉਂ ਤਾਂ ਘਰ ਵਾਲੀ ਨੂੰ ਮਾਤਾ ਖੀਵੀ ਦਾ ਖ਼ਿਤਾਬ ਦਿਤਾ ਤੇ ਬਾਦਲ ਨੂੰ ਪੰਥ ਰਤਨ ਦਾ। ਕੀ ਇਹ ਇਸ ਦੇ ਕਾਬਲ ਹਨ? ਮੈਂ ਸੋਚਦਾ ਹਾਂ ਕਿ ਇਹ ਦੋਵੇਂ ਖਿਤਾਬ ਇਨ੍ਹਾਂ ਕੋਲੋਂ ਖੋਹ ਲੈਣੇ ਚਾਹੀਦੇ ਹਨ ਤੇ ਇਨ੍ਹਾਂ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ। ਅਸਲ ਪੰਥ ਵਿਚੋਂ ਛੇਕੇ ਜਾਣ ਵਾਲੇ ਇਹ ਹਨ। ਹੁਣ ਵੀ ਸਿੱਖ ਇਨ੍ਹਾਂ ਨੂੰ ਮੂੰਹ ਨਾ ਲਗਾਉਣ। ਜਥੇਦਾਰ ਗੁਰਬਚਨ ਸਿੰਘ ਨੂੰ ਵੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਬਰਗਾੜੀ ਕਾਂਡ ਵਿਚ ਸਾਰਾ ਸੱਚ ਸਾਹਮਣੇ ਆ ਗਿਆ ਹੈ। ਅਸਲ ਵਿਚ ਸਿੱਖ ਕੌਮ ਦੇ ਦੋਖੀ ਵੀ ਇਹੀ ਹਨ। ਇਨ੍ਹਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।
ਸ਼ਾਇਦ ਸਿੱਖ ਕੌਮ ਨੂੰ ਸੁੱਖ ਦਾ ਸਾਹ ਆਵੇ। ਮੈ ਲੇਖਕ ਹੋਣ ਦੇ ਨਾਤੇ ਸਾਰੇ ਲੇਖਕ ਵੀਰਾਂ ਨੂੰ ਅਪੀਲ ਕਰਦਾ ਹਾਂ ਕਿ ਆਉ ਆਪਾਂ ਸਾਰੇ ਰਲ ਮਿਲ ਕੇ ਦਸ ਦੇਈਏ ਕਿ ਅਸੀ ਵੀ ਇਸ ਦੇ ਨਾਲ ਹਾਂ ਤੇ ਵੱਧ ਤੋਂ ਵੱਧ ਸਪੋਕਸਮੈਨ ਦਾ ਸਾਥ ਦੇਈਏ। ਤਾਂ ਹੀ ਜਾ ਕੇ ਇਹ ਮਾੜੇ ਲੋਕ ਬਾਹਰ ਨਿਕਲਣਗੇ ਤੇ ਤਾਂ ਹੀ ਜਾ ਕੇ ਸਿੱਖ ਕੌਮ ਦਾ ਭਲਾ ਹੋ ਸਕੇਗਾ।