
ਇਕ ਪਾਸੇ ਪੁੱਤਰ ਮੋਹ ਤੇ ਦੂਜੇ ਪਾਸੇ ਟਕਸਾਲੀ ਦਲ ਦੇ ਪੁਰਾਣੇ ਸਾਥੀ ਆਗੂ ਨਹੀਂ ਲੈ ਪਾ ਰਹੇ ਫ਼ੈਸਲਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਟਕਸਾਲੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਰਤਨ ਸਿੰਘ ਅਜਨਾਲਾ ਸ਼ਿਰੋਮਣੀ ਅਕਾਲੀ ਦਲ ਬਾਦਲ 'ਚ ਵਾਪਸੀ ਨੂੰ ਲੈ ਕੇ ਅਜੇ ਭੀ ਦੁਚਿੱਤੀ 'ਚ ਹਨ। ਭਾਵੇਂ ਉਨ੍ਹਾਂ ਦੇ ਪੁੱਤਰ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਵਾਪਸੀ ਕਰ ਚੁਕੇ ਹਨ ਪਰ ਰਤਨ ਸਿੰਘ ਅਜਨਾਲਾ ਬਾਰੇ ਸਥਿਤੀ ਪੂਰੀ ਤਰ੍ਹਾਂ ਅਸਪਸ਼ਟ ਹੈ ਕੇ ਉਹ ਕਿਸ ਤਰਫ ਹਨ।
Ajnala and Sukhbir Badal
ਬੋਨੀ ਦੇ ਬਾਦਲ ਦਲ 'ਚ ਸ਼ਾਮਲ ਹੋਣ ਵੇਲੇ ਭਾਵੈ ਰਤਨ ਸਿੰਘ ਪ੍ਰੋਗ੍ਰਾਮ 'ਚ ਨਹੀਂ ਸਨ ਆਏ ਪਰ ਬਾਦਲ ਦਲ ਦੇ ਆਗੂ ਲਗਾਤਾਰ ਪ੍ਰਚਾਰ ਕਰ ਰਹੇ ਹਨ ਕਿ ਉਹ ਭੀ ਪੁੱਤਰ ਨਾਲ ਹੀ ਅਕਾਲੀ ਦਲ 'ਚ ਵਾਪਸੀ ਕਰ ਚੁਕੇ ਹਨ। ਪਰ ਦੂਜੇ ਪਾਸੇ ਟਕਸਾਲੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਦਾ ਦਾਅਵਾ ਹੈ ਕਿ ਰਤਨ ਸਿੰਘ ਅੱਜ ਭੀ ਟਕਸਾਲੀ ਦਲ ਦੇ ਹੀ ਨਾਲ ਹਨ ਅਤੇ ਬਾਦਲ ਦਲ ਦੇ ਆਗੂ ਗ਼ਲਤ ਪ੍ਰਚਾਰ ਕਰ ਰਹੇ ਹਨ।
Rattan Singh Ajnala
ਪਰ ਦਿਲਚਸਪ ਗੱਲ ਹੈ ਕੇ ਰਤਨ ਸਿੰਘ ਇਸ ਮੁਦੇ ਤੇ ਕੁਛ ਭੀ ਖੁਦ ਬੋਲਣ ਲਈ ਤਿਆਰ ਨਹੀਂ। ਵਾਰ ਵਾਰ ਸੰਪਰਕ ਕਰਨ 'ਤੇ ਸਿਰਫ ਇਕ ਵਾਰ ਰਤਨ ਸਿੰਘ ਦੇ ਕਿਸੇ ਸਹਾਇਕ ਨੇ ਫ਼ੋਨ ਉਠਾਇਆ ਅਤੇ ਰਤਨ ਸਿੰਘ ਦੇ ਬਿਜ਼ੀ ਹੋਣ ਦੀ ਗੱਲ ਕਹਿ ਕੇ ਵਾਪਸੀ ਗਲ ਕਰਵਾਉਣ ਦਾ ਦਾ ਵਾਅਦਾ ਕੀਤਾ ਪਰ ਬਾਅਦ ਵਿਚ 2 ਦਿਨਾਂ ਦੌਰਾਨ ਕੋਈ ਫ਼ੋਨ ਨਹੀਂ ਉਠਾ ਰਹੇ। ਸੂਤਰਾਂ ਦੀ ਮੰਨੀਏ ਤਾਂ ਰਤਨ ਸਿੰਘ ਅਜੇ ਪੂਰੀ ਤਰ੍ਹਾਂ ਦੁਚਿੱਤੀ 'ਚ ਹਨ ਤੇ ਫ਼ੈਸਲਾ ਨਹੀਂ ਲੈ ਪਾ ਰਹੇ ਕਿ ਕਿਧਰ ਜਾਣ।
Ranjit Singh brahmpura
ਇਕ ਪਾਸੇ ਪੁੱਤਰ ਮੋਹ ਹੈ ਅਤੇ ਦੂਜੇ ਪਾਸੇ ਟਕਸਾਲੀ ਦਲ ਦੇ ਪੁਰਾਣੇ ਸਾਥੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਹਨ ਜਿਨ੍ਹਾਂ ਨਾਲ ਮਿਲ ਕੇ ਰਤਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਤੋਂ ਮੁਕਤ ਕਰਨ ਦੀ ਸਹੁੰ ਚੁੱਕੀ ਹੋਈ ਹੈ। ਦੁਚਿੱਤੀ 'ਚ ਹੋਣ ਕਾਰਨ ਹੀ ਰਤਨ ਸਿੰਘ ਮੀਡੀਆ ਨਾਲ ਭੀ ਹਾਲੇ ਗਲ ਕਰਨ ਤੋਂ ਸ਼ਾਇਦ ਪਾਸਾ ਵੱਟ ਰਹੇ ਹਨ।