
ਬਾਦਲਾਂ ਦੀ ਜਾਨ ਨੂੰ ਕਥਿਤ ਤੌਰ 'ਤੇ ਵਧੇ ਖ਼ਤਰੇ ਕਾਰਨ ਉਨ੍ਹਾਂ ਨੂੰ ਪੂਰਨ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ.........
ਮੋਹਾਲੀ : ਬਾਦਲਾਂ ਦੀ ਜਾਨ ਨੂੰ ਕਥਿਤ ਤੌਰ 'ਤੇ ਵਧੇ ਖ਼ਤਰੇ ਕਾਰਨ ਉਨ੍ਹਾਂ ਨੂੰ ਪੂਰਨ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ। ਇਹ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਸੈਕਟਰ-68 ਵਿਖੇ 1.25 ਏਕੜ ਵਿਚ 31.29 ਕਰੋੜ ਦੀ ਲਾਗਤ ਨਾਲ ਬਣਾਏ ਵਿਜੀਲੈਂਸ ਭਵਨ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਜਾਨ ਨੂੰ ਵਧੇ ਖ਼ਤਰੇ ਸਬੰਧੀ ਹਾਲ ਹੀ ਵਿਚ ਆਈਆਂ ਰੀਪੋਰਟਾਂ ਤੋਂ ਵਾਕਫ ਹਨ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਦੋਹਾਂ ਨੂੰ ਪੂਰਨ ਸੁਰੱਖਿਆ ਮੁਹਈਆ ਕਰਵਾਈ ਜਾਵੇ। ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਨੂੰ ਪਤਾ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਕੇ ਪਰਾਲੀ ਫੂਕਣ ਵਾਲੇ ਕਿਸਾਨਾਂ ਵਿਰੁਧ ਪਰਚੇ ਦਰਜ ਕੀਤੇ ਗਏ ਹਨ।
ਧਰਨੇ ਦੇ ਰਹੇ ਅਧਿਆਪਕਾਂ ਸਬੰਧੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਰਾਜਪਾਲ ਨੂੰ ਵੱਖ-ਵੱਖ ਮੰਗ ਪੱਤਰ ਸੌਂਪਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਸਮੇਤ 40 ਹਜ਼ਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣੀਆਂ ਹਨ ਪਰ ਸਰਕਾਰ ਨੂੰ ਦਰਪੇਸ਼ ਵਿੱਤੀ ਸੰਕਟ ਕਾਰਨ ਇਸ ਸਬੰਧੀ ਕੁੱਝ ਸਮਾਂ ਲੱਗ ਸਕਦਾ ਹੈ।
ਉਦਘਾਟਨੀ ਸਮਾਗਮ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਘ ਸਿੰਗਲਾ, ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਮੁੱਖ ਡਾਇਰੈਕਟਰ ਵਿਜੀਲੈਂਸ ਬੀ.ਕੇ. ਉਪਲ, ਡਾਇਰੈਕਟਰ ਵਿਜੀਲੈਂਸ ਜੀ.ਨਾਗੇਸ਼ਵਰ ਰਾਉ, ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਆਦਿ ਹਾਜ਼ਰ ਸਨ।