
ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੱਜਣ ਕੁਮਾਰ ਅਤੇ 5 ਹੋਰ ਸਾਥੀਆਂ ਨੂੰ ਦਿੱਲੀ ਦੀ ਅਦਾਲਤ ਵਲੋਂ ਉਮਰ ਕੈਦ ਤੇ 10-10 ਸਾਲ ਦੀ ਸਜ਼ਾ ਸੁਣਾਉਣ...
ਚੰਡੀਗੜ੍ਹ : ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੱਜਣ ਕੁਮਾਰ ਅਤੇ 5 ਹੋਰ ਸਾਥੀਆਂ ਨੂੰ ਦਿੱਲੀ ਦੀ ਅਦਾਲਤ ਵਲੋਂ ਉਮਰ ਕੈਦ ਤੇ 10-10 ਸਾਲ ਦੀ ਸਜ਼ਾ ਸੁਣਾਉਣ 'ਤੇ ਅੱਜ ਪੀੜਤ ਪਰਵਾਰਾਂ ਨੂੰ ਕੁੱਝ ਰਾਹਤ ਤਾਂ ਮਿਲੀ ਹੈ ਪਰ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਮੰਗਣ ਦੀ ਚਾਹਤ ਵੀ ਕੁੱਝ ਸਿੱਖ ਜਥੇਬੰਦੀਆਂ ਨੇ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਦੋਸ਼ੀ ਜਗਦੀਸ਼ ਟਾਈਟਲਰ ਤੇ ਅੱਜ ਹੀ ਬਣਾਏ ਗਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਵੀ ਛੇਤੀ ਹੀ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ।
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਇਕ ਪ੍ਰੈਸ ਕਾਨਫ਼ਰੰਸ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੱਜ ਦੇ ਫ਼ੈਸਲੇ ਅਨੁਸਾਰ ਨਵੰਬਰ 1984 ਦਾ ਸਿੱਖ ਕਤਲੇਆਮ ਇਕ ਆਯੋਜਤ ਢੰਗ ਨਾਲ ਉਸ ਵੇਲੇ ਦੀ ਸਿਆਸੀ ਪਾਰਟੀ ਅਤੇ ਉਸ ਦੇ ਨੇਤਾਵਾਂ ਵਲੋਂ ਕਰਵਾਇਆ ਗਿਆ ਸੀ ਅਤੇ ਮਗਰੋਂ ਇਸ ਪੁਸ਼ਤਪਨਾਹੀ ਕਰਨ ਵਾਲੇ ਸਿਆਸੀ ਲੋਕਾਂ ਤੇ ਨੇਤਾਵਾਂ ਨੇ ਅਪਣੇ ਮਜ਼ਬੂਤ ਪ੍ਰਭਾਵ ਨਾਲ ਦੋਸ਼ੀਆਂ ਨੂੰ ਬਚਾ ਕੇ ਵੀ ਰਖਿਆ।
ਹਰਸਿਮਰਤ ਕੌਰ ਬਾਦਲ ਨਾਲ ਬੈਠੇ ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਵਿਧਾਇਕ ਬਿਕਰਮ ਮਜੀਠੀਆ, ਐਨ. ਕੇ. ਸ਼ਰਮਾ ਅਤੇ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ, ਗਾਂਧੀ ਪਰਵਾਰ ਅਤੇ ਉਨ੍ਹਾਂ ਦੇ ਵਕੀਲ ਤੇ ਕਾਨੂੰਨੀ ਸਲਾਹਕਾਰ ਕਪਿਲ ਸਿੱਬਲ ਉਸ ਦੇ ਸਪੁੱਤਰ ਵਕੀਲ ਅਮਿਤ ਸਿੱਬਲ ਹੁਣ ਜਵਾਬ ਦੇਣ ਕਿ ਮੁੱਖ ਦੋਸ਼ੀਆਂ ਕਮਲ ਨਾਥ, ਜਗਦੀਸ਼ ਟਾਈਟਲਰ ਤੇ ਹੋਰਨਾਂ ਦਾ ਬਚਾਅ ਕਿਉਂ ਕਰਦੇ ਰਹੇ? ਬੀਬੀ ਬਾਦਲ ਨੇ ਸਿੱਖ ਪੀੜਤ ਪਰਵਾਰਾਂ ਦੇ ਕੈਂਪਾਂ ਵਿਚ ਜਾ ਕੇ 18 ਸਾਲ ਦੀ ਉਮਰ ਵਿਚ ਕਾਫ਼ੀ ਸੇਵਾ ਕੀਤੀ ਸੀ ਅਤੇ ਅੱਜ 34 ਸਾਲਾਂ ਮਗਰੋਂ ਫਿਰ ਉਸ ਮਾਹੌਲ ਨੂੰ ਦੁਹਰਾਉਂਦੇ ਹੋਏ ਭਾਵੁਕ ਹੋ ਗਏ।
ਉਨ੍ਹਾਂ ਪੁਛਿਆ, ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 'ਸਰਕਾਰੀ ਦੂਰਦਰਸ਼ਨ' ਟੀ.ਵੀ. 'ਤੇ ਕਿਹਾ ਸੀ,''ਜਦੋਂ ਵੱਡਾ ਦਰੱਖ਼ਤ ਡਿੱਗਦਾ ਹੈ ਧਰਤੀ ਹਿਲਦੀ ਹੈ'' ਅਤੇ 'ਖ਼ੂਨ ਦਾ ਬਦਲਾ ਖ਼ੂਨ' ਦੇ ਨਾਹਰੇ ਲੁਆਏ। ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2015 ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ, ਇਕ ਸਾਲ ਵਿਚ ਰੀਪੋਰਟ ਦਿਵਾਉਣ ਤੇ 2016 ਵਿਚ ਹੀ ਮੁਕੱਦਮਾ ਦਰਜ ਕਰਵਾਉਣ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਇਸ ਫ਼ੈਸਲੇ ਦੌਰਾਨ ਕੀਤੀ ਜੱਜ ਦੀ ਟਿਪਣੀ ਕਿ 'ਸਿਆਸੀ ਅਸਰਦਾਰ ਵਾਲੇ ਨੇਤਾਵਾਂ ਨੇ ਦੋਸ਼ੀਆਂ ਨੂੰ ਬਚਾਈ ਰਖਿਆ' ਨਾਲ ਕਾਂਗਰਸ ਦੀ ਪੋਲ ਖੁਲ੍ਹੀ ਹੈ।
ਪਾਰਟੀ ਹਾਈ ਕਮਾਂਡ ਤੇ ਵਿਸ਼ੇਸ਼ ਕਰ ਕੇ ਪ੍ਰਧਾਨ ਰਾਹੁਲ ਗਾਂਧੀ 'ਤੇ ਗੰਭੀਰ ਸਵਾਲ ਉਠੇ ਹਨ ਕਿ ਕਮਲ ਨਾਥ ਵਰਗੇ ਦੋਸ਼ੀਆਂ ਨੂੰ ਕਾਂਗਰਸ ਵਿਚ ਲਗਾਤਾਰ ਰਖਿਆ, ਕੇਂਦਰੀ ਮੰਤਰੀ ਬਣਾਇਆ ਹੁਣ ਫਿਰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿਤਾ। ਸਿੱਖਾਂ ਦੇ ਪਰਵਾਰਾਂ ਦੇ ਕਾਤਲ ਕਹੇ ਜਾਣ ਵਾਲੇ ਅਤੇ ਰਾਹੁਲ ਗਾਂਧੀ ਦਾ ਸੱਜ ਹੱਥ ਕਹਾਉਣ ਵਾਲੇ ਕਮਲ ਨਾਥ ਬਾਰੇ ਪੰਜਾਬ ਵਿਧਾਨ ਸਭਾ ਵਿਚ ਵੀ ਮੁੱਦਾ, 3 ਦਿਨ ਪਹਿਲਾਂ ਅਕਾਲੀ ਵਿਧਾਇਕਾਂ ਨੇ ਚੁਕਿਆ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਅਤੇ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਬੜੇ ਜ਼ੋਰ ਸ਼ੋਰ ਨਾਲ ਕਮਲ ਨਾਥ ਨੂੰ ਮੁੱਖ ਮੰਤਰੀ ਐਲਾਨੇ ਜਾਣ ਦੀ ਤਾਕੀਦ ਕੀਤੀ ਸੀ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਬਤੌਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਵਿੱਤ ਮੰਤਰੀ ਰਹੇ ਪਰਮਿੰਦਰ ਢੀਂਡਸਾ ਵੀ ਕਮਲ ਨਾਥ ਨੂੰ ਮਿਲਦੇ ਰਹਿੰਦੇ ਸਨ, ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਸਨ। ਇਸ ਸਬੰਧੀ ਉਨ੍ਹਾਂ ਪੁਰਾਣੀਆਂ ਫ਼ੋਟੋਆਂ ਵੀ ਦਿਖਾਈਆਂ। ਇਸ ਦੇ ਜਵਾਬ ਵਿਚ ਪਰਮਿੰਦਰ ਢੀਂਡਸਾ ਨੇ ਸਪਸ਼ਟੀਕਰਨ ਦਿਤਾ ਸੀ ਕਿ ਪੰਜਾਬ ਦੇ ਮੌਜੂਦਾ ਮੰਤਰੀ ਤੇ ਮੁੱਖ ਮੰਤਰੀ ਵੀ ਸਰਕਾਰ ਦੇ ਕੰਮਾਂ ਵਾਸਤੇ ਹੁਣ ਵੀ ਬੀਜੇਪੀ ਦੇ ਪ੍ਰਧਾਨ ਮੰਤਰੀ ਅਤੇ ਬਾਕੀ ਮੰਤਰੀਆਂ ਨੂੰ ਮਿਲਦੇ ਹਨ।