
ਗੁੰਮ ਹੋਇਆ ਮੋਟਰਸਾਈਕਲ ਵਾਪਸ ਕਰਨ ਬਦਲੇ ਪੁਲਿਸ ਮੁਲਾਜ਼ਮ ਨੇ ਮੰਗੇ ਸਨ 10 ਹਜ਼ਾਰ ਰੁਪਏ
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਇਕ ਵਾਰ ਫਿਰ ਫ਼ੇਸਬੁਕ ਲਾਈਵ ਹੋ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਵਾਲੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ।
Simarjit Bains facebook live-1
ਜਾਣਕਾਰੀ ਮੁਤਾਬਕ ਸਿਮਰਜੀਤ ਬੈਂਸ ਦੇ ਇੱਕ ਦੋਸਤ ਦਾ ਮੋਟਰਸਾਈਕਲ ਬੀਤੀ 22 ਜਨਵਰੀ ਨੂੰ ਚੋਰੀ ਹੋ ਗਿਆ ਸੀ। ਨੌਜਵਾਨ ਨੇ ਕੁਝ ਦਿਨ ਪਹਿਲਾਂ ਖੁਦ ਆਪਣਾ ਮੋਟਰਸਾਈਕਲ ਲੱਭਿਆ ਅਤੇ ਪੁਲਿਸ ਨੂੰ ਇਸ ਬਾਰੇ ਦੱਸਿਆ। ਮੋਟਰਸਾਈਕਲ ਵਾਪਸ ਕਰਨ ਲਈ ਥਾਣਾ ਡਿਵੀਜ਼ਨ ਨੰਬਰ-8 ਦੇ ਥਾਣੇਦਾਰ ਨੇ 10 ਹਜ਼ਾਰ ਦੀ ਰਿਸ਼ਵਤ ਮੰਗੀ ਅਤੇ 5 ਹਜ਼ਾਰ 'ਚ ਸੌਦਾ ਤੈਅ ਹੋਇਆ ਸੀ। ਰਿਸ਼ਵਤ ਦੇ ਪੈਸੇ ਦੇਣ ਲਈ ਅੱਜ ਪੀੜਤ ਨੌਜਵਾਨ ਮਨਪ੍ਰੀਤ ਸਿੰਘ ਪੁਲਿਸ ਥਾਣੇ ਗਿਆ ਸੀ ਅਤੇ ਇਸ ਸਾਰੀ ਘਟਨਾ ਦੀ ਵੀਡੀਓ ਸਿਮਰਜੀਤ ਬੈਂਸ ਨੇ ਫ਼ੇਸਬੁਕ ਲਾਈਵ ਕਰ ਦਿੱਤੀ।
Simarjit Bains facebook live-2
ਮਨਪ੍ਰੀਤ ਸਿੰਘ ਤੋਂ ਰਿਸ਼ਵਤ ਲੈਣ ਮਗਰੋਂ ਸਿਮਰਜੀਤ ਬੈਂਸ ਦੇ ਸਾਥੀ ਕੌਂਸਲਰ ਰਣਧੀਰ ਸਿੰਘ ਸਿਬੀਆ ਨੇ ਆਪਣੇ ਸਾਥੀਆਂ ਸਮੇਤ ਥਾਣੇ 'ਚ ਛਾਪਾ ਮਾਰਿਆ ਤਾਂ ਪੁਲਿਸ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਪਹਿਲਾਂ ਤਾਂ ਰਿਸ਼ਵਤਖੋਰ ਪੁਲਿਸ ਮੁਲਾਜ਼ਮ ਨੇ ਰਿਸ਼ਵਤ ਲੈਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਪਰ ਜਦੋਂ ਉਸ ਨੂੰ ਦਿੱਤੇ ਰਿਸ਼ਵਤ ਦੇ ਪੈਸੇ ਤਲਾਸ਼ੀ ਦੌਰਾਨ ਮਿਲੇ ਤਾਂ ਕਹਿਣ ਲੱਗਾ ਕਿ ਮੋਟਰਸਾਈਕਲ ਵਾਪਸ ਦੇਣ ਲਈ ਕੋਰਟ ਫੀਸ ਲੱਗਦੀ ਹੈ।
Simarjit Bains facebook live-3
ਥਾਣਾ ਇੰਚਾਰਜ ਨਾਲ ਗੱਲਬਾਤ ਮਗਰੋਂ ਰਿਸ਼ਵਤਖੋਰ ਪੁਲਿਸ ਮੁਲਾਜ਼ਮ ਨੇ ਮਾਫ਼ੀ ਮੰਗੀ ਅਤੇ ਬਗੈਰ ਰਿਸ਼ਵਤ ਲਏ ਮੋਟਰਸਾਈਕਲ ਵਾਪਸ ਕਰ ਦਿੱਤਾ। ਇਸ ਮੌਕੇ ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜ਼ਮ ਨਾਲ ਸਿਮਰਜੀਤ ਬੈਂਸ ਨੇ ਫ਼ੋਨ 'ਤੇ ਗੱਲ ਕੀਤੀ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਸ ਨੂੰ 40 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਮੁਲਾਜ਼ਮ ਨੇ ਆਪਣੇ ਇਸ ਸ਼ਰਮਨਾਕ ਕਾਰੇ ਲਈ ਮਾਫ਼ੀ ਮੰਗੀ।
ਬੈਂਸ ਨੇ ਦੱਸਿਆ ਕਿ ਉਹ ਇਨ੍ਹਾਂ ਰਿਸ਼ਵਤਖੋਰ ਪੁਲਿਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕਰਵਾਉਣਗੇ।