
ਖੇਤਰ ਅੰਦਰ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਵੱਖ ਵੱਖ ਘਟਨਾਵਾਂ ਵਿਚ ਡੇਰਾ ਸੱਚਾ ਸੌਦਾ ਨਾਲ ਸਬੰਧਤ ਪ੍ਰੇਮੀਆਂ ਦੇ ਨਾਮ ਆਉਣ ਤੋਂ ਬਾਅਦ........
ਭਗਤਾ ਭਾਈ ਕਾ : ਖੇਤਰ ਅੰਦਰ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਵੱਖ ਵੱਖ ਘਟਨਾਵਾਂ ਵਿਚ ਡੇਰਾ ਸੱਚਾ ਸੌਦਾ ਨਾਲ ਸਬੰਧਤ ਪ੍ਰੇਮੀਆਂ ਦੇ ਨਾਮ ਆਉਣ ਤੋਂ ਬਾਅਦ ਜਿਥੇ ਸਿੱਖ ਸੰਗਤਾਂ ਵਲੋਂ ਬੀਤੇ ਦਿਨੀਂ ਗੁਰਦਵਾਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ ਵਿਖੇ ਇਕੱਠ ਕਰ ਕੇ ਡੇਰਾ ਪ੍ਰੇਮੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ, ਉਥੇ ਹੀ ਬਾਜਾਖ਼ਾਨਾ ਰੋਡ ਪਰ ਸਥਿਤ ਭਾਈ ਗੁਰਦਾਸ ਨਗਰ ਦੇ ਮੋੜ 'ਤੇ ਡੇਰਾ ਪ੍ਰੇਮੀਆਂ ਦੇ ਬਾਈਕਾਟ ਦਾ ਹੋਰਡਿੰਗ ਬੋਰਡ ਲੱਗਿਆ ਦੇਖਿਆ ਗਿਆ।
ਉਧਰ ਦੂਜੇ ਪਾਸੇ ਸ਼ਹਿਰ ਦੇ ਟੈਕਸੀ ਸਟੈਂਡ ਵਾਲਿਆਂ ਵਲੋਂ ਵੀ ਸਿੱਖ ਸੰਗਤ ਵਲੋਂ ਲਏ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਸੇ ਵੀ ਡੇਰਾ ਪ੍ਰੇਮੀ ਨੂੰ ਕਿਰਾਏ ਪਰ ਗੱਡੀ ਤਾਂ ਕੀ ਇਥੋਂ ਤਕ ਕਿ ਕੋਈ ਡਰਾਈਵਰ ਵੀ ਇਨ੍ਹਾਂ ਨਾਲ ਦਿਹਾੜੀ 'ਤੇ ਨਾ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਡੇਰਾ ਪ੍ਰੇਮੀਆਂ ਵਲੋਂ ਗੁਨਾਹ ਕਬੂਲੇ ਜਾਣ ਦੀ ਚਰਚਾ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਇਨ੍ਹਾਂ ਦਾ ਬਾਈਕਾਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਖੇਤਰ 'ਚ ਇਸ ਬਾਈਕਾਟ ਦਾ ਕਾਫ਼ੀ ਅਸਰ ਦੇਖਣ ਨੂੰ ਮਿਲਿਆ ਜਿਸ ਦੀ ਤਾਜ਼ਾ ਮਿਸਾਲ ਇਸ ਹੋਰਡਿੰਗ ਬੋਰਡ ਤੋਂ ਮਿਲਦੀ ਹੈ।