
ਜ਼ਿਲ੍ਹਾ ਸੰਗਰੂਰ ਦੇ ਸਟੇਟ ਲੈਵਲ ਕਬੱਡੀ ਖਿਡਾਰੀ ਬਲਕਾਰ ਸਿੰਘ ਢਿੱਲੋਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਮੌਤ ਦੇ ਅਸਲ...
ਚੰਡੀਗੜ੍ਹ (ਸਸਸ) : ਜ਼ਿਲ੍ਹਾ ਸੰਗਰੂਰ ਦੇ ਸਟੇਟ ਲੈਵਲ ਕਬੱਡੀ ਖਿਡਾਰੀ ਬਲਕਾਰ ਸਿੰਘ ਢਿੱਲੋਂ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪਰ ਕੁਝ ਲੋਕਾਂ ਵਲੋਂ ਕਿਆਸ ਲਾਏ ਜਾ ਰਹੇ ਹਨ ਕਿ ਬਲਕਾਰ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਹੋਈ ਹੈ ਪਰ ਇਹ ਅਜੇ ਤੱਕ ਸਿੱਧ ਨਹੀਂ ਹੋਇਆ ਹੈ।
ਪੁਲਿਸ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਬਲਕਾਰ ਦੀ ਮੌਤ ਦੀ ਵਜ੍ਹਾ ਦਾ ਪਤਾ ਲੱਗ ਸਕੇਗਾ। ਬਲਕਾਰ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਕੁ ਸਾਲਾਂ ਤੋਂ ਉਹ ਸੰਗਰੂਰ ਵਿਚ ਹੀ ਰਹਿ ਰਿਹਾ ਸੀ ਅਤੇ ਉਹ ਕੁਝ ਸਮੇਂ ਤੋਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਉਹ ਦਵਾਈ ਵੀ ਲੈ ਰਿਹਾ ਸੀ।
ਬਲਕਾਰ ਸਿੰਘ ਦੀ ਮਹਿਲਾ ਦੋਸਤ ਨੇ ਦੱਸਿਆ ਕਿ ਸ਼ਾਇਦ ਬਲਕਾਰ ਨੇ ਨਸ਼ੇ ਦਾ ਟੀਕਾ ਲਗਾਇਆ ਸੀ ਤਾਂ ਹੋ ਸਕਦਾ ਹੈ ਕਿ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਉਸ ਦੀ ਮੌਤ ਹੋ ਗਈ ਹੋਵੇ। ਕਬੱਡੀ ਖਿਡਾਰੀ ਬਲਕਾਰ ਸਿੰਘ ਦੇ ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਇਕ ਬਹੁਤ ਹੀ ਚੰਗਾ ਖਿਡਾਰੀ ਸੀ ਅਤੇ ਪੰਜਾਬ ਪੱਧਰ ‘ਤੇ ਹੋਣ ਵਾਲੇ ਕਬੱਡੀ ਮੁਕਾਬਲਿਆਂ ਵਿਚ ਬਤੌਰ ਰੇਡਰ ਹਿੱਸਾ ਲੈਂਦਾ ਸੀ। ਫ਼ਿਲਹਾਲ ਪੁਲਿਸ ਬਲਕਾਰ ਦੀ ਮੌਤ ਦੀ ਤਹਿ ਤੱਕ ਜਾਂਚ ਕਰ ਰਹੀ ਹੈ।