
ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ ਹਲਵਾਰਾ (ਲੁਧਿਆਣਾ) ਵਿਖੇ ਇਕ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ...
ਚੰਡੀਗੜ੍ਹ (ਸਸਸ) : ਭਾਰਤੀ ਹਵਾਈ ਫ਼ੌਜ ਦੇ ਸਟੇਸ਼ਨ ਹਲਵਾਰਾ (ਲੁਧਿਆਣਾ) ਵਿਖੇ ਇਕ ਨਵਾਂ ਸਿਵਲ ਅੰਤਰਰਾਸ਼ਟਰੀ ਹਵਾਈ ਟਰਮੀਨਲ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਵਾਸਤੇ ਮੰਤਰੀ ਮੰਡਲ ਵਲੋਂ 3 ਦਸੰਬਰ, 2018 ਨੂੰ ਲਏ ਗਏ ਫ਼ੈਸਲੇ ਦੇ ਸੰਦਰਭ ਵਿਚ ਪੰਜਾਬ ਸਰਕਾਰ ਨੇ ਅੱਜ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
MoUਇਸ ਸਹਿਮਤੀ ਪੱਤਰ 'ਤੇ ਪੰਜਾਬ ਸਰਕਾਰ ਦੇ ਤਰਫੋਂ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏ.ਏ.ਆਈ ਦੀ ਤਰਫੋਂ ਏ.ਏ.ਆਈ ਦੇ ਕਾਰਜਕਾਰੀ ਡਾਇਰੈਕਟਰ ਜੀ. ਡੀ ਗੁਪਤਾ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ ਦੇ ਚੇਅਰਮੈਨ ਗੁਰਪ੍ਰਸਾਦ ਮੋਹਾਪਾਤਰਾ ਦੀ ਹਾਜ਼ਰੀ ਵਿਚ ਹਸਤਾਖਰ ਕੀਤੇ। ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪ੍ਰਾਜੈਕਟ ਇਕ ਜਾਇੰਟ ਵੈਂਚਰ ਕੰਪਨੀ (ਜੇ.ਵੀ.ਸੀ) ਦੇ ਰਾਹੀਂ ਲਾਗੂ ਕੀਤਾ ਜਾਵੇਗਾ
ਜਿਸ ਵਿਚ ਬਹੁਮਤ ਹਿੱਸੇਦਾਰੀ 51 ਫੀਸਦੀ ਏ.ਏ.ਆਈ ਦੀ ਹੈ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਦੇ ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਨਵਾਂ ਹਵਾਈ ਅੱਡਾ ਵਿਕਸਤ ਕਰਨ ਲਈ ਸਾਰਾ ਪੂੰਜੀ ਖਰਚਾ ਏ.ਏ.ਆਈ ਵੱਲੋਂ ਸਹਿਣ ਕੀਤਾ ਜਾਵੇਗਾ ਜਦਕਿ ਪੰਜਾਬ ਸਰਕਾਰ ਪ੍ਰਾਜੈਕਟ ਲਈ ਸਾਰੀਆਂ ਰੁਕਾਵਟਾਂ ਮੁਕਤ ਕਰਨ ਤੋਂ ਇਲਾਵਾ 135.54 ਏਕੜ ਜ਼ਮੀਨ ਮੁਫ਼ਤ ਵਿਚ ਮੁਹੱਈਆ ਕਰਵਾਏਗੀ। ਬੁਲਾਰੇ ਅਨੁਸਾਰ ਇਸ ਨੂੰ ਚਲਾਉਣ, ਪ੍ਰਬੰਧਨ ਅਤੇ ਰੱਖ-ਰਖਾਅ ਦਾ ਖਰਚਾ ਜੇ.ਵੀ.ਸੀ ਸਹਿਣ ਕਰੇਗੀ।
ਉਮੀਦ ਹੈ ਕਿ 135.54 ਏਕੜ ਰਕਬੇ 'ਤੇ ਨਵੇਂ ਅੰਤਰਰਾਸ਼ਟਰੀ ਸਿਵਲ ਇਨਕਲੇਵ ਦੇ ਪਹਿਲੇ ਪੜਾਅ ਦਾ ਕੰਮ ਤਿੰਨ ਸਾਲਾਂ ਵਿਚ ਹਵਾਈ ਜ਼ਹਾਜਾਂ ਦੀ ਕੋਡ 4-ਸੀ ਟਾਈਪ ਦੀਆਂ ਉਡਾਨਾਂ ਵਾਸਤੇ ਮੁਕੰਮਲ ਹੋ ਜਾਵੇਗਾ। ਲੁਧਿਆਣਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿਚ ਹਵਾਈ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਕਰਵਾਏਗਾ। ਇਸ ਦੇ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।
New MoU Signਅੰਮ੍ਰਿਤਸਰ ਹਵਾਈ ਅੱਡੇ 'ਤੇ ਕਾਰਗੋ ਟਰਮੀਨਲ ਨੂੰ ਚਾਲੂ ਕਰਨ ਅਤੇ ਰੱਖ-ਰਖਾਅ ਵਾਸਤੇ ਪੰਜਾਬ ਸਰਕਾਰ ਅਤੇ ਏ.ਏ.ਆਈ. ਕਾਰਗੋ ਲੌਜਿਸਟਿਕਜ਼ ਐਂਡ ਐਲਾਇਡ ਸਰਵਿਸਿਜ਼ ਕੰਪਨੀ ਲਿਮਿਟਡ ਦਰਮਿਆਨ ਇਕ ਹੋਰ ਐਮ.ਓ.ਯੂ. ਸਹੀਬੱਧ ਕੀਤਾ ਗਿਆ। ਇਸ ਐਮ.ਓ.ਯੂ. ਮੁਤਾਬਕ ਸਾਲ 2013 ਤੋਂ ਚਾਲੂ ਅੰਮ੍ਰਿਤਸਰ ਹਵਾਈ ਅੱਡੇ 'ਤੇ ਬਣੇ ਛੇਤੀ ਖ਼ਰਾਬ ਹੋ ਜਾਣ ਵਾਲੇ ਪਦਾਰਥਾਂ (ਪੈਰਿਸ਼ੇਬਲ ਕਾਰਗੋ ਸੈਂਟਰ) ਦੀ ਸੰਭਾਲ ਵਾਲੇ ਸੈਂਟਰ ਨੂੰ ਏ.ਏ.ਆਈ. ਵਲੋਂ ਅਪਣੇ ਅਧੀਨ ਲਿਆ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਇਸ ਨਾਲ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਤੋਂ ਖੇਤੀ ਪਦਾਰਥਾਂ ਦੀ ਬਰਾਮਦ ਨੂੰ ਉਤਸ਼ਾਹ ਮਿਲੇਗਾ ਕਿਉਂਕਿ ਇੱਥੋਂ ਕਾਰਗੋ ਉਡਾਨਾਂ ਦੇ ਨੇੜ ਭਵਿੱਖ 'ਚ ਸ਼ੁਰੂ ਹੋਣ ਦੀ ਉਮੀਦ ਹੈ। ਪੰਜਾਬ ਐਗਰੋ ਦੇ ਐਮ.ਡੀ. ਸ਼੍ਰੀ ਸੀ. ਸਿਬਨ ਅਤੇ ਏ.ਏ.ਆਈ. ਕਾਰਗੋ ਲੌਜਿਸਟਿਕਜ਼ ਐਂਡ ਐਲਾਇਡ ਸਰਵਿਸਿਜ਼ ਦੇ ਸੀ.ਈ.ਓ. ਸ਼੍ਰੀ ਕੇਕੂ ਬੋਮੀ ਗਾਜ਼ਦਾਰ ਨੇ ਐਮ.ਓ.ਯੂ. ਆਪਸ ਵਿੱਚ ਸਾਂਝਾ ਕੀਤਾ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਵਧੀਕ ਮੁੱਖ ਸਕੱਤਰ (ਸਨਅਤਾਂ) ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ, ਸ਼ਹਿਰੀ ਅਤੇ ਯੋਜਨਾਬੰਦੀ ਡਾਇਰੈਕਟਰ ਗੁਰਨੀਤ ਤੇਜ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸ਼੍ਰੀ ਪੀ.ਐਸ. ਗਿੱਲ ਅਤੇ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਗਿਰੀਸ਼ ਦਿਆਲਨ, ਮੁਹਾਲੀ ਕੌਮਾਂਤਰੀ ਹਵਾਈ ਅੱਡਾ ਦੇ ਸੀ.ਈ.ਓ. ਸੁਨੀਲ ਦੱਤ ਅਤੇ ਸੰਯੁਕਤ ਜੀ.ਐਮ. (ਇੰਜ) ਅਸ਼ੋਕ ਕੁਮਾਰ ਹਾਜ਼ਰ ਸਨ।