
ਕਿਹਾ, ਸਿਆਸੀ ਗਤੀਵਿਧੀਆਂ ਜ਼ੋਰ-ਸ਼ੋਰ ਨਾਲ ਅਗਲੇ ਮਹੀਨੇ ਸ਼ੁਰੂ
ਚੰਡੀਗੜ੍ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਬੀਜੇਪੀ ਦੇ ਸੀਨੀਅਰ ਨੇਤਾ ਦੁਸ਼ਿਅੰਤ ਗੌਤਮ ਦੀ ਪ੍ਰਧਾਨਗੀ ਵਿਚ ਪਾਰਟੀ ਦੇ ਮੁੱਖ ਦਫ਼ਤਰ ਸੈਕਟਰ 37 ਵਿਚ 2 ਘੰਟੇ ਚਲੀ ਕੋਰ ਗਰੁਪ ਦੀ ਬੈਠਕ ’ਚ ਅਹਿਮ ਫ਼ੈਸਲੇ ਲਏ ਗਏ।
BJP
ਇਨ੍ਹਾਂ ਵਿਚ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਨਾ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਇਕੱਲਿਆਂ ਲੜਨਾ, ਉਮੀਦਵਾਰਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਪਾਰਟੀ ਦੇ ਅਹੁਦੇਦਾਰਾਂ ਤੇ ਸੰਭਾਵੀ ਉਮੀਦਵਾਰਾਂ ਵਿਚ ਅੰਤਰ ਰੱਖਣ ਲਈ ਅਨੁਸ਼ਾਸਨੀ ਢੰਗ ਨਾਲ ਨਿਯਮ ਤਿਆਰ ਕਰਨਾ ਸ਼ਾਮਲ ਹੈ ਕਿਉਂਕਿ ਬੀਜੇਪੀ ਪੰਜਾਬ ਦੇ 70 ਸਾਲਾ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਇਕੱਲਿਆਂ ਵਿਧਾਨ ਸਭਾ 2022 ਚੋਣਾਂ ਲੜ ਰਹੀ ਹੈ, ਇਸ ਕਰ ਕੇ ਵਰਕਰਾਂ ਵਿਚ ਜੋਸ਼ ਪੈਦਾ ਕਰਨ ਦੇ ਨਿਵੇਕਲੇ ਢੰਗਾਂ ਬਾਰੇ ਵੀ ਕੋਰ ਕਮੇਟੀ ਨੇ ਸੁਝਾਅ ਦਿਤੇ।
Madan Mohan Mittal
ਮੀਟਿੰਗ ਤੋਂ ਬਾਅਦ ਸੀਨੀਅਰ ਬੀਜੇਪੀ ਨੇਤਾ ਅਤੇ 3 ਵਾਰ ਵਿਧਾਇਕ ਤੇ ਦੋ ਵਾਰ ਅਕਾਲੀ-ਬੀਜੇਪੀ ਸਰਕਾਰ ਵਿਚ ਮੰਤਰੀ ਰਹੇ ਮਦਨ ਮੋਹਨ ਮਿੱਤਲ ਨੇ ਦਸਿਆ ਕਿ ਬੈਠਕ ਵਿਚ ਚਰਚਾ ਕੀਤੇ ਮੁੱਦਿਆਂ ਤੇ ਨੁਕਤਿਆਂ ਨੂੰ ਭਲਕੇ 200 ਮੈਂਬਰੀ ਵਰਕਿੰਗ ਕਮੇਟੀ ਬੈਠਕ ਵਿਚ ਪ੍ਰੈਕਟੀਕਲ ਸ਼ਕਲ ਦਿਤੀ ਜਾਵੇਗੀ। ਵਰਕਿੰਗ ਕਮੇਟੀ ਬੈਠਕ ਸਵੇਰੇ 10 ਵਜੇ ਸ਼ੁਰੂ ਹੋ ਕੇ ਪੂਰਾ ਦਿਨ ਚੱਲੇਗੀ।
SAD-BJP alliance
81 ਸਾਲਾ ਸੀਨੀਅਰ ਨੇਤਾ ਨੇ ਇਹ ਵੀ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਗਲਤ ਢੰਗਾਂ ਨਾਲ ਉਤਸ਼ਾਹਤ ਕੀਤੇ ਕਿਸਾਨੀ ਅੰਦੋਲਨ ਨੇ ਬੀਜੇਪੀ ਵਿਰੁਧ ਕੂੜ ਪ੍ਰਚਾਰ ਬਹੁਤ ਕੀਤਾ ਹੈ ਜਿਸ ਦਾ ਮੁਕਾਬਲਾ ਅਗਲੇ ਮਹੀਨੇ ਤੋਂ ਸ਼ਾਂਤਮਈ ਤੇ ਜੋਸ਼ ਭਰੇ ਅੰਦਾਜ਼ ਵਿਚ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਦੇਣਾ ਸ਼ੁਰੂ ਕੀਤਾ ਜਾਵੇਗਾ।