
ਅਸਤੀਫ਼ਾ ਦੇ ਚੁੱਕੇ ਜਾਖੜ ਫਿਰ ਪੁੱਜੇ ਦਿੱਲੀ
ਚੰਡੀਗੜ੍ਹ: ਬੀਤੇ ਦਿਨ ਪਾਣੀਆਂ ਬਾਰੇ ਉਚ ਪਧਰੀ ਬੈਠਕ ਵਿਚ ਅਪਣੇ ਵਿਚਾਰ ਪ੍ਰਗਟ ਕਰਨ ਅਤੇ ਮੁੱਖ ਮੰਤਰੀ ਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਕੁੱਝ ਸਮਾਂ ਬਤੀਤ ਕਰਨ ਉਪਰੰਤ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਬਾਅਦ ਦੁਪਹਿਰ ਫਿਰ ਦਿੱਲੀ ਰਵਾਨਾ ਹੋ ਗਏ। ਪਿਛਲੇ ਮਹੀਨੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮੌਕੇ ਪੰਜਾਬ ਕਾਂਗਰਸ ਦਾ ਮਿਸ਼ਨ 13 ਫ਼ੇਲ੍ਹ ਹੋ ਕੇ ਸਿਰਫ਼ 8 ਸੀਟਾਂ ਜਿੱਤਣ ਅਤੇ ਖ਼ੁਦ ਦੀ ਗੁਰਦਾਸਪੁਰ ਸੀਟ 82,000 ਵੋਟਾਂ ਦੇ ਫ਼ਰਕ ਨਾਲ ਹਾਰਨ ਵਾਲੇ ਜਾਖੜ ਨੇ
Sunil Jakhar
ਨੈਤਿਕ ਕਦਰਾਂ ਕੀਮਤਾਂ ਦੀ ਲਾਜ ਰੱਖਦੇ ਹੋਏ ਜ਼ਿੰਮੇਵਾਰੀ ਲੈਂਦੇ ਹੋਏ 24 ਮਈ ਨੂੰ ਹੀ ਅਪਣਾ ਅਸਤੀਫ਼ਾ ਪਾਰਟੀ ਹਾਈ ਕਮਾਂਡ ਨੂੰ ਦੇ ਦਿਤਾ ਸੀ। ਪੂਰਾ ਇਕ ਮਹੀਨਾ, ਦੁਚਿੱਤੀ ਅਤੇ ਭੰਬਲਭੂਸੇ ਸਮੇਤ ਮਾਯੂਸੀ ਵਿਚ ਬੀਤਣ ਬਾਅਦ ਵੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਨੇਤਾ ਅਹਿਮਦ ਪਟੇਲ ਸਮੇਤ ਪੰਜਾਬ ਦੇ ਨਾਲ-ਨਾਲ ਬਾਕੀ ਸੂਬਿਆਂ ਵਿਚ ਕੀ ਕਾਂਗਰਸ ਲੀਡਰਸ਼ਿਪ ਵਿਚ ਗੁੱਟਬੰਦੀ ਆਪਸੀ ਖਹਿਬਾਜ਼ੀ ਅਤੇ ਘੜਮਸ ਦੀ ਹਾਲਤ ਜਾਰੀ ਹੀ ਨਹੀਂ ਹੈ ਬਲਕਿ ਸੰਕਟਮਈ ਤੇ ਖ਼ਤਰਨਾਕ ਰੂਪ ਧਾਰਨ ਕਰ ਗਈ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਸੁਨੀਲ ਜਾਖੜ ਨਾਲ ਕੀਤੀ ਵਿਸ਼ੇਸ਼ ਗੱਲਬਾਤ ਕਰਨ 'ਤੇ ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਉਹ ਉਨੀ ਦੇਰ ਤਕ ਕਾਂਗਰਸ ਭਵਨ ਨਹੀਂ ਜਾਣਗੇ ਜਦੋਂ ਤਕ ਉਨ੍ਹਾਂ ਦੇ ਅਸਤੀਫ਼ੇ ਬਾਰੇ ਫ਼ੈਸਲਾ ਨਹੀਂ ਲਿਆ ਜਾਂਦਾ। ਪ੍ਰਧਾਨ ਨੇ ਇਹ ਵੀ ਕਿਹਾ ਕਿ ਪਾਰਟੀ ਜਿਸ ਨੂੰ ਮਰਜ਼ੀ ਜ਼ਿੰਮੇਵਾਰੀ ਸੌਂਪੇ ਉਸ ਨੂੰ ਕੋਈ ਇਤਰਾਜ਼ ਨਹੀਂ ਹੈ, ਉਹ ਸਮਾਜ ਸੇਵਾ ਤੇ ਲੋਕ ਸੇਵਾ ਵਿਚ ਬਤੌਰ ਇਕ ਪਾਰਟੀ ਵਰਕਰ ਜੁੜ ਕੇ ਕੰਮ ਕਰਦੇ ਰਹਿਣਗੇ।
Captain Amarinder Singh
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਹੁਤੇ ਸਾਥੀ ਮੰਤਰੀ ਸੁਨੀਲ ਜਾਖੜ ਵਲੋਂ ਦਿਤੇ ਅਸਤੀਫ਼ੇ ਤੋਂ ਖ਼ੁਸ਼ ਨਹੀਂ ਹਨ ਅਤੇ ਕਹਿ ਰਹੇ ਹਨ ਕਿ ਜਾਖੜ ਨੇ ਉਨ੍ਹਾਂ ਨਾਲ ਮਸ਼ਵਰਾ ਨਹੀਂ ਕੀਤਾ ਅਤੇ ਉਹ ਸਾਰੇ ਪਾਰਟੀ ਹਾਈ ਕਮਾਂਡ ਕੋਲ ਜ਼ੋਰ ਪਾ ਕੇ ਜਾਖੜ ਦਾ ਅਸਤੀਫ਼ਾ ਨਾ ਮੰਜ਼ੂਰ ਕਰਾ ਦੇਣਗੇ ਪਰ ਜਾਖੜ ਦੀ ਖ਼ੁਦ ਦੀ ਚਿੰਤਾ ਇਸ ਮੁੱਦੇ ਤੋਂ ਹੈ ਕਿ ਨਵਜੋਤ ਸਿੱਧੂ ਜੋ ਮਹਿਕਮਾ ਬਦਲਣ ਤੋਂ ਮੁੱਖ ਮੰਤਰੀ ਨਾਲ ਨਰਾਜ਼ ਹੈ ਅਤੇ ਦੋ ਹਫ਼ਤੇ ਤੋਂ ਗਾਇਬ ਹੈ, ਦਾ ਸੰਕੇਤ ਕਾਂਗਰਸ ਦੀ ਪ੍ਰਧਾਨਗੀ ਮੰਗਣ ਵਲ ਜਾਂਦਾ ਹੈ।
ਜਦੋਂ ਜਾਖੜ ਕੋਲੋਂ ਇਸ ਨੁਕਤੇ 'ਤੇ ਟਿਪਣੀ ਕਰਨ ਜਾਂ ਸਪਸ਼ਟੀਕਰਨ ਦੇਣ ਲਈ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਨੇਤਾ ਜਾਂ ਮੰਤਰੀ ਪਾਰਟੀ ਦੀ ਪ੍ਰਧਾਨਗੀ ਮੰਗਦੇ ਹਨ, ਕਾਂਗਰਸ ਹਾਈ ਕਮਾਂਡ ਨੇ ਹੀ ਸੋਚਣਾ ਹੈ। ਪਰ ਅੰਦਰੋਂ ਜਾਖੜ ਪੰਜਾਬ ਵਿਚ ਪਾਰਟੀ ਦੀ ਮੌਜੂਦਾ ਹਾਲਤ ਤੋਂ ਕਾਫ਼ੀ ਨਰਾਜ਼ ਤੇ ਮਾਯੂਸ ਹੈ। ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਤੋਂ ਪਤਾ ਲਗਾ ਹੈ ਕਿ ਅਗਲੇ ਇਕ ਦੋ ਦਿਨਾਂ ਵਿਚ ਪਾਰਟੀ ਦੇ ਉਚ ਪਧਰੀ ਨੇਤਾਵਾਂ ਦੀ ਗਾਂਧੀ ਪਰਵਾਰ ਯਾਨੀ ਸੋਨੀਆ ਗਾਂਧੀ, ਰਾਹੁਲ, ਪ੍ਰਿਅੰਕਾ, ਅਹਿਮਦ ਪਟੇਲ, ਮੁਕਲ ਵਾਸਨਿਕ, ਰਣਦੀਪ ਸੂਰਜੇਵਾਲਾ,
ਆਨੰਦ ਸ਼ਰਮਾ ਤੇ ਹੋਰ ਦੱਖਣ ਦੇ ਕਾਂਗਰਸੀ ਨੇਤਾਵਾਂ ਨਾਲ ਬੈਠਕ ਹੋਵੇਗੀ ਅਤੇ ਰਾਹੁਲ ਸਮੇਤ ਬਾਕੀ ਅਸਤੀਫ਼ਿਆਂ 'ਤੇ ਦੋ ਟੁਕ ਫ਼ੈਸਲਾ ਲਿਆ ਜਾਵੇਗਾ। ਪੰਜਾਬ ਦੇ ਕਈ ਤਜਰਬੇਕਾਰ, ਬਜ਼ੁਰਗ ਅਤੇ ਨੌਜਵਾਨ ਕਾਂਗਰਸੀ ਨੇਤਾਵਾਂ ਨਾਲ ਰੋਜ਼ਾਨਾ ਸਪੋਕਸਮੈਨ ਵਲੋਂ ਪਾਰਟੀ ਪ੍ਰਧਾਨ ਬਦਲਣ ਦੇ ਮੁੱਦੇ 'ਤੇ ਕੀਤੀ ਚਰਚਾ 'ਤੇ ਸਾਫ਼ ਜ਼ਾਹਰ ਹੈ ਕਿ ਇਸ ਸਰਹੱਦੀ ਸੂਬੇ ਵਿਚ ਕਾਂਗਰਸ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿਚ ਬਹੁਤੀ ਚੰਗੀ ਕਾਰਗੁਜ਼ਾਰੀ ਨਹੀਂ ਕੀਤੀ ਜਿੰਨੀ ਲੋਕਾਂ ਵਲੋਂ ਆਸ ਕੀਤੀ ਜਾ ਰਹੀ ਸੀ।
ਵੱਖ ਵੱਖ ਮਹਿਕਮਿਆਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੋ ਤਿਹਾਈ ਵਿਧਾਇਕਾਂ ਵਾਲੀ ਇਸ ਕਾਂਗਰਸ ਸਰਕਾਰ ਦੇ ਸਮੇਂ ਵਿਚ ਟੈਕਸਾਂ ਦੀ ਉਗਰਾਹੀ ਬਹੁਤ ਘੱਟ ਹੋਈ ਹੈ, ਚੋਰੀ ਵਧੀ ਹੈ, ਵਿੱਤੀ ਸੰਕਟ ਹੋਰ ਡੂੰਘਾ ਹੋਇਆ ਹੈ, ਕਰਜ਼ੇ ਦੀ ਪੰਡ ਬਹੁਤ ਭਾਰੀ ਹੋਈ ਹੈ, ਕਰਮਚਾਰੀ ਨਰਾਜ਼ ਹਨ, ਹੋਰ ਤਾਂ ਹੋਰ ਮੰਤਰੀਆਂ ਤੇ ਸਿਆਸੀ ਨੇਤਾਵਾਂ ਵਿਚ ਗੁੱਟਬਾਜ਼ੀ ਵਧੀ ਹੈ। ਵਿਕਾਸ ਕੰਮਾਂ ਵਿਚ ਖੜੋਤ ਆਈ ਹੈ ਅਤੇ ਕਾਂਗਰਸ ਨੂੰ 2022 ਵਿਚ ਅਸੰਬਲੀ ਚੋਣਾਂ ਦੀ ਚਿੰਤਾ ਹੁਣ ਤੋਂ ਖਾਈ ਜਾਣ ਲੱਗ ਪਈ ਹੈ ਅਤੇ ਮੰਤਰੀਆਂ ਵਿਚ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਹੁਣ ਤੋਂ ਟਿਕ ਟਿਕੀ ਲੱਗਣੀ ਸ਼ੁਰੂ ਹੋ ਗਈ ਹੈ।