
ਅਪਣੇ ਪਰਿਵਾਰ ਅਤੇ ਸਾਬਕਾ ਵਿਧਾਇਕ ਸੰਦੋਆ ਸਣੇ ਇਵਰਾਜ ਕੌਰ ਨੇ ਕੀਤੀ ਸਪੀਕਰ ਨਾਲ ਮੁਲਾਕਾਤ
ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਵਿਚ ਬਤੌਰ ਫ਼ਲਾਇੰਗ ਅਫ਼ਸਰ ਚੁਣੀ ਗਈ ਜ਼ਿਲ੍ਹਾ ਰੂਪਨਗਰ ਦੇ ਪਿੰਡ ਹੁਸੈਨਪੁਰ ਦੀ ਧੀ ਇਵਰਾਜ ਕੌਰ ਦਾ ਪੰਜਾਬ ਪੁੱਜਣ 'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਸੰਧਵਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਪਹੁੰਚੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣਿਆਂ ਨੂੰ ਯਾਦਗਾਰ ਬਣਾਉਣ ਦਾ ਕੀਤਾ ਐਲਾਨ
ਅਪਣੀ ਸਥਾਨਕ ਸਰਕਾਰੀ ਰਿਹਾਇਸ਼ ਵਿਖੇ ਪੁੱਜਣ 'ਤੇ ਇਵਰਾਜ ਕੌਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਵਰਾਜ ਕੌਰ ਦੀ ਇਹ ਪ੍ਰਾਪਤੀ ਸੂਬੇ ਦੀਆਂ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਹੋਵੇਗੀ। ਇਸ ਮੌਕੇ ਇਵਰਾਜ ਕੌਰ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਹੁਸੈਨਪੁਰ ਅਤੇ ਸਰਪੰਚ ਸ਼ਮਿੰਦਰ ਕੌਰ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਮਣੀਪੁਰ ਹਿੰਸਾ 'ਤੇ ਸਰਬ ਪਾਰਟੀ ਮੀਟਿੰਗ ਪ੍ਰਧਾਨ ਮੰਤਰੀ ਲਈ ਜ਼ਰੂਰੀ ਨਹੀਂ: ਰਾਹੁਲ ਗਾਂਧੀ
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਵਰਾਜ ਕੌਰ ਦਾ ਭਾਰਤੀ ਹਵਾਈ ਸੈਨਾ ਵਿਚ ਫਲਾਇੰਗ ਅਫ਼ਸਰ ਚੁਣਿਆ ਜਾਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ ਅਤੇ ਵਿਦੇਸ਼ਾਂ ਵਿਚ ਜਾਣ ਦਾ ਮਨ ਬਣਾਈ ਬੈਠੇ ਨੌਜਵਾਨਾਂ ਲਈ ਰਾਹ-ਦਸੇਰਾ ਹੈ ਕਿ ਉਹ ਅਪਣੇ ਦੇਸ਼ ਵਿਚ ਰਹਿ ਕੇ ਵੀ ਅਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਸਪੀਕਰ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਮਿਹਨਤ ਕਰਨ ਅਤੇ ਇਵਰਾਜ ਕੌਰ ਵਾਂਗ ਅਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਦਸਤਕ
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਨੇ ਇਵਰਾਜ ਕੌਰ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦਾ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ। ਦੱਸ ਦੇਈਏ ਕਿ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਐਸ.ਏ.ਐਸ. ਨਗਰ (ਮੋਹਾਲੀ) ਦੀ ਸਾਬਕਾ ਵਿਦਿਆਰਥਣ ਇਵਰਾਜ ਕੌਰ ਨੇ ਏਅਰ ਫੋਰਸ ਅਕੈਡਮੀ, ਡੰਡੀਗਲ (ਹੈਦਰਾਬਾਦ) ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ ਜਿਸ ਪਿੱਛੋਂ ਉਸ ਨੂੰ ਭਾਰਤੀ ਹਵਾਈ ਸੈਨਾ ਵਿਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਇਵਰਾਜ ਕੌਰ, ਜੋ ਫਲਾਇੰਗ ਬ੍ਰਾਂਚ ਵਿਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ, ਜ਼ਿਲ੍ਹਾ ਰੂਪਨਗਰ ਦੇ ਕਿਸਾਨ ਜਸਪ੍ਰੀਤ ਸਿੰਘ ਦੀ ਧੀ ਹੈ।