
ਮੋਗਾ ਵਿਚ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਉਹ ਵਿਅਕਤੀ 8 ਲੜਕੀਆਂ ਦਾ ਪਿਤਾ ਦੱਸਿਆ...
ਮੋਗਾ (ਸਸਸ) : ਮੋਗਾ ਵਿਚ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਉਹ ਵਿਅਕਤੀ 8 ਲੜਕੀਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ। ਵਿਆਹ ਦਿਤੀਆਂ ਗਈਆਂ ਚਾਰ ਬੇਟੀਆਂ ਵਿਚੋਂ ਇਕ ਪੰਜ ਮਹੀਨੇ ਪਹਿਲਾਂ ਹੀ ਵਿਧਵਾ ਹੋ ਚੁੱਕੀ ਹੈ, ਉਥੇ ਹੀ ਚਾਰ ਅਜੇ ਵੀ ਕੁਆਰੀਆਂ ਹਨ। ਫ਼ਿਲਹਾਲ ਪਰਵਾਰ ਦੇ ਇਕਲੌਤੇ ਕਮਾਉਣ ਵਾਲੇ ਦੀ ਮੌਤ ਤੋਂ ਬਾਅਦ ਪਤਨੀ ਅਤੇ ਬੇਟੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੁਲਿਸ ਨੂੰ ਦਿਤੀ ਜਾਣਕਾਰੀ ਵਿਚ ਸਮਾਧਭਾਈ ਨਿਵਾਸੀ ਔਰਤ ਵੀਰਪਾਲ ਕੌਰ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਕਿ ਉਹ ਅੱਠ ਬੇਟੀਆਂ ਦੀ ਮਾਂ ਹੈ। ਉਸ ਦਾ ਪਤੀ ਜਸਵੰਤ ਸਿੰਘ ਮਜ਼ਦੂਰੀ ਕਰਦਾ ਸੀ। ਪੰਜ ਮਹੀਨੇ ਪਹਿਲਾਂ ਉਸ ਦੀ ਮੋਗਾ ਵਿਚ ਵਿਆਹੀ ਧੀ ਦੇ ਪਤੀ ਗੁਰਪ੍ਰੀਤ ਸਿੰਘ ਦੀ ਬਿਮਾਰੀ ਦੇ ਚਲਦੇ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਵਾਰ ਨੇ ਫ਼ੈਸਲਾ ਕੀਤਾ ਕਿ ਮ੍ਰਿਤਕ ਜੁਆਈ ਦੀ ਕੋਟ ਈਸੇ ਖਾਂ ਵਿਚ ਚਸ਼ਮਿਆਂ ਦੀ ਦੁਕਾਨ ਹੈ, ਉਸ ‘ਤੇ ਪਤੀ ਹੁਣ ਤੋਂ ਦੇਖਭਾਲ ਕਰਨਗੇ। ਇਸ ਦੇ ਚਲਦੇ ਰੋਜ਼ਾਨਾ ਮੋਟਰਸਾਈਕਲ ‘ਤੇ ਸਮਾਧਭਾਈ ਤੋਂ ਕੋਟ ਈਸੇ ਖਾਂ ਆਉਣ-ਜਾਣ ਲੱਗਾ।
ਬੁੱਧਵਾਰ ਦੀ ਸ਼ਾਮ ਨੂੰ ਉਸ ਦਾ ਪਤੀ ਦੁਕਾਨ ਬੰਦ ਕਰ ਕੇ ਮੋਟਰਸਾਈਕਲ ‘ਤੇ ਵਾਪਸ ਸਮਾਧਭਾਈ ਆ ਰਿਹਾ ਸੀ। ਰਸਤੇ ਵਿਚ ਨਹਿਰ ਦੇ ਨਾਲ ਨਾਲ ਬਣੇ ਹਾਈਵੇ ‘ਤੇ ਆ ਰਿਹਾ ਸੀ। ਉਸ ਸਮੇਂ ਤੇਜ਼ ਰਫ਼ਤਾਰ ਟਰੈਕਟਰ-ਟ੍ਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਉਸ ਦੇ ਪਤੀ ਨੂੰ ਕੁਚਲਦੇ ਹੋਏ ਟਰੈਕਟਰ ਅੱਗੇ ਨਿਕਲ ਗਿਆ, ਜਿਸ ਨਾਲ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇਣ ‘ਤੇ ਉਸ ਦੇ ਬਿਆਨ ‘ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਵੀਰਵਾਰ ਨੂੰ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਪਰਵਾਰ ਵਾਲਿਆਂ ਨੂੰ ਸੌਂਪ ਦਿਤਾ।